ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਭਾਰਤੀ ਰੇਲਵੇ ਵਿੱਚ ਨੌਕਰੀਆਂ ਦਿਵਾਉਣ ਦੇ ਇਵਜ਼ 'ਚ ਰਿਸ਼ਵਤ ਲੈਣ ਦੇ ਦੋਸ਼ ਵਿੱਚ ਰੇਲਵੇ ਦੇ ਦੋ ਮੁਲਾਜ਼ਮਾਂ ਅਤੇ ਇੱਕ ਨਿੱਜੀ ਵਿਅਕਤੀ ਖਿਲਾਫ਼ ਰਿਸ਼ਵਤਖੋਰੀ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਇਕ ਪ੍ਰਾਈਵੇਟ ਵਿਅਕਤੀ ਦਲਜੀਤ ਸਿੰਘ ਵਾਸੀ ਪਿੰਡ ਦੁਲਚੀ ਕੇ, ਜ਼ਿਲ੍ਹਾ ਫਿਰੋਜ਼ਪੁਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ : ਮਾਤਾ ਚਿੰਤਪੁਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ, CM ਮਾਨ ਨੇ ਦਿੱਤਾ ਵੱਡਾ ਤੋਹਫ਼ਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਦਲਜੀਤ ਸਿੰਘ ਸਮੇਤ ਡਿਵੀਜ਼ਨਲ ਰੇਲਵੇਜ਼ ਮੈਨੇਜਰ, ਫਿਰੋਜ਼ਪੁਰ ਵਿਖੇ ਤਾਇਨਾਤ ਰਵੀ ਮਲਹੋਤਰਾ, ਹੈੱਡ ਕਲਰਕ ਅਤੇ ਜੋਗਿੰਦਰ ਸਿੰਘ ਕਲਰਕ ਵਿਰੁੱਧ ਪਿੰਡ ਅਲੀ ਕੇ, ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ ਮੰਗਲ ਸਿੰਘ ਦੀ ਸ਼ਿਕਾਇਤ 'ਤੇ ਭ੍ਰਿਸ਼ਟਾਚਾਰ ਦਾ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਾਇਆ ਕਿ ਉਕਤ ਰੇਲਵੇ ਮੁਲਾਜ਼ਮਾਂ ਨੇ ਦਲਜੀਤ ਸਿੰਘ ਨਾਲ ਮਿਲੀਭੁਗਤ ਕਰਕੇ ਉਸਦੇ ਦੋ ਪੁੱਤਰਾਂ ਨੂੰ ਰੇਲਵੇ ਵਿੱਚ ਭਰਤੀ ਕਰਵਾਉਣ ਦੇ ਨਾਮ ਹੇਠ 9 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਜਾਅਲੀ ਨਿਯੁਕਤੀ ਪੱਤਰ ਅਤੇ ਸ਼ਨਾਖਤੀ ਕਾਰਡ ਸੌਂਪ ਦਿੱਤੇ।
ਇਹ ਵੀ ਪੜ੍ਹੋ : ਹੋਲੀ ਮੌਕੇ ਯਾਤਰੀਆਂ ਲਈ ਵੱਡਾ ਤੋਹਫ਼ਾ, ਰੇਲ ਵਿਭਾਗ ਨੇ ਚਲਾਈਆਂ ਸਪੈਸ਼ਲ ਅਨ-ਰਿਜ਼ਰਵ ਰੇਲਾਂ
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਦੋਸ਼ੀ ਦਲਜੀਤ ਸਿੰਘ ਹੁਣ ਇਸ ਸਬੰਧੀ ਬਾਕੀ ਰਹਿੰਦੇ ਕੰਮ ਨੂੰ ਅੰਜਾਮ ਦੇਣ ਲਈ 20,000 ਰੁਪਏ ਹੋਰ ਮੰਗ ਰਿਹਾ ਹੈ ਅਤੇ ਸ਼ਿਕਾਇਤਕਰਤਾ ਨੇ ਸਬੂਤ ਵਜੋਂ ਆਪਣੇ ਫੋਨ 'ਤੇ ਹੋਈ ਸਾਰੀ ਗੱਲਬਾਤ ਰਿਕਾਰਡ ਕਰ ਲਈ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਮੰਗਲਵਾਰ ਨੂੰ ਉਕਤ ਦੋਸ਼ੀ ਦਲਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਸਾਰੇ ਦੋਸ਼ੀਆਂ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਮਾਤਾ ਚਿੰਤਪੁਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ, CM ਮਾਨ ਨੇ ਦਿੱਤਾ ਵੱਡਾ ਤੋਹਫ਼ਾ
NEXT STORY