ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਸ੍ਰੀ ਮੁਕਤਸਰ ਸਾਹਿਬ ਵਿਚ ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁਝ ਨੌਜਵਾਨਾਂ ਵੱਲੋਂ ਇੱਕ ਲੜਕੇ ਨਾਲ ਬੇਰਹਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਮਾਨਸਿਕ ਤਣਾਅ ਵਿਚ ਆਏ ਪੀੜਤ ਨੌਜਵਾਨ ਨੇ ਕੋਈ ਦਵਾਈ ਨਿਗਲ ਲਈ, ਜਿਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
ਕੀ ਹੈ ਪੂਰਾ ਮਾਮਲਾ?
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਅਭਿਮੰਨਿਊ ਰਾਣਾ ਦੀਆਂ ਵਿਸ਼ੇਸ਼ ਹਦਾਇਤਾਂ 'ਤੇ ਬਚਨ ਸਿੰਘ, ਡੀ.ਐਸ.ਪੀ. (ਸਿਟੀ) ਅਤੇ ਇੰਸਪੈਕਟਰ ਰਵਿੰਦਰ ਕੌਰ ਮੁੱਖ ਅਫਸਰ ਥਾਣਾ ਸਿਟੀ ਦੀ ਅਗਵਾਈ ਹੇਠ ਪੁਲਸ ਟੀਮਾਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਪੁਲਸ ਦੀ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੁਝ ਹੁੱਲੜਬਾਜ਼ ਨੌਜਵਾਨਾਂ ਨੇ ਪੀੜਤ ਲੜਕੇ ਨੂੰ ਘੇਰ ਕੇ ਉਸ ਨਾਲ ਗੰਭੀਰ ਕੁੱਟਮਾਰ ਕੀਤੀ ਸੀ। ਇਸ ਦੌਰਾਨ ਮੁਲਜ਼ਮਾਂ ਨੇ ਆਪਣੇ ਮੋਬਾਈਲ ਫੋਨਾਂ 'ਤੇ ਕੁੱਟਮਾਰ ਦੀ ਪੂਰੀ ਵੀਡੀਓ ਰਿਕਾਰਡ ਕਰ ਲਈ। ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਪੀੜਤ ਨੂੰ ਧਮਕਾਇਆ ਸੀ ਕਿ ਜੇਕਰ ਉਸ ਨੇ ਇਸ ਘਟਨਾ ਬਾਰੇ ਪੁਲਸ ਕੋਲ ਸ਼ਿਕਾਇਤ ਕੀਤੀ ਜਾਂ ਕਿਸੇ ਨੂੰ ਦੱਸਿਆ ਤਾਂ ਉਹ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਕੇ ਉਸ ਨੂੰ ਜਨਤਕ ਤੌਰ 'ਤੇ ਜ਼ਲੀਲ ਕਰਨਗੇ।
ਮੁਲਜ਼ਮਾਂ ਨੇ ਲੰਘੀ 30 ਜੁਲਾਈ ਨੂੰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਪਲੋਡ ਕਰ ਦਿੱਤੀ। ਜਿਵੇਂ ਹੀ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋਈ ਪੀੜਤ ਨੌਜਵਾਨ ਸਮਾਜਿਕ ਨਮੋਸ਼ੀ ਅਤੇ ਮਾਨਸਿਕ ਤੌਰ 'ਤੇ ਡੂੰਘੇ ਡਿਪ੍ਰੈਸ਼ਨ ਵਿੱਚ ਚਲਾ ਗਿਆ। ਅਤਿਅੰਤ ਪ੍ਰੇਸ਼ਾਨੀ ਵਿੱਚ ਆ ਕੇ ਉਸ ਨੇ ਘਰ ਵਿੱਚ ਪਈ ਕੋਈ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਪਰਿਵਾਰਕ ਮੈਂਬਰਾਂ ਨੂੰ ਜਿਵੇਂ ਹੀ ਇਸ ਦਾ ਪਤਾ ਲੱਗਾ ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਹਸਪਤਾਲ ਵਿੱਚ ਇਲਾਜ ਅਧੀਨ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 227/2026 ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਖਿਲਾਫ ਭਾਰਤੀ ਨਿਆਇ ਸੰਹਿਤਾ ਦੀਆਂ ਧਾਰਾਵਾਂ 109, 111, 191, 190 ਅਤੇ 351(3) ਤਹਿਤ ਸੰਗੀਨ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਟੀਮਾਂ ਨੇ ਤੁਰੰਤ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ 05 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਿਟੀ ਬਚਨ ਸਿੰਘ ਅਤੇ ਥਾਣਾ ਮੁੱਖੀ ਰਵਿੰਦਰ ਕੌਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਾਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਦਕਿ ਘਟਨਾ ਵਿੱਚ ਸ਼ਾਮਲ ਬਾਕੀ ਫਰਾਰ ਮੁਲਜ਼ਮਾਂ ਦੇ ਠਿਕਾਣਿਆਂ 'ਤੇ ਵੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਕੇ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜਾਂਚ ਦੌਰਾਨ ਜੋ ਵੀ ਹੋਰ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।"
ਪਿੰਡ ਜਖਰਾਵਾਂ 'ਚ ਚੱਲੀਆਂ ਗੋਲ਼ੀਆਂ, ਹਮਲਾਵਰਾਂ ਵੱਲੋਂ ਰਾਊਂਡ ਫ਼ਾਇਰਿੰਗ
NEXT STORY