ਤਪਾ ਮੰਡੀ(ਸ਼ਾਮ, ਗਰਗ)- ਢਿਲਵਾਂ ਰੋਡ ਸਥਿਤ ਗੁਰੂ ਨਾਨਕ ਬਸਤੀ ਨੂੰ ਜਾਂਦੀ ਸੜਕ 'ਤੇ ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ 4 ਮਹੀਨੇ ਪਹਿਲਾਂ ਲਾਈਆਂ ਇੰਟਰਲਾਕਿੰਗ ਟਾਈਲਾਂ ਦੋ ਦਿਨ ਪਹਿਲਾਂ ਪਏ ਮੀਂਹ ਕਾਰਨ ਧਸ ਗਈਆਂ। ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਇੰਟਰਲਾਕਿੰਗ ਟਾਈਲਾਂ ਧਸਣ ਨੂੰ ਲੈ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲੱਗ ਗਏ ਹਨ। ਵਾਰਡ ਨੰਬਰ 2 ਦਾ ਦੌਰਾ ਕਰ ਕੇ ਦੇਖਿਆ ਤਾਂ ਦੋ ਦਿਨ ਪਹਿਲਾਂ ਪਏ ਮੀਂਹ ਕਾਰਨ ਇਹ ਗਲੀ ਟੁੱਟ ਗਈ ਹੈ ਅਤੇ ਇੰਟਰਲਾਕਿੰਗ ਟਾਈਲਾਂ ਕਈ ਫੁੱਟ ਹੇਠਾਂ ਬੈਠ ਗਈਆਂ ਹਨ। ਪਤਾ ਲੱਗਾ ਹੈ ਕਿ ਸੀਵਰੇਜ ਬੋਰਡ ਨੇ ਸੀਵਰੇਜ ਪਾਉਣ ਤੋਂ ਬਾਅਦ ਰਸਤੇ ਨੂੰ ਪੱਧਰਾ ਨਹੀਂ ਕੀਤਾ ਅਤੇ ਇੰਟਰਲਾਕਿੰਗ ਟਾਈਲਾਂ ਲਾ ਦਿੱਤੀਆਂ। ਬਸਤੀ ਵਾਸੀਆਂ ਨੇ ਇਸ ਖਤਰਨਾਕ ਟੋਏ ਤੋਂ ਬਚਣ ਲਈ ਇਸਦੇ ਆਲੇ-ਦੁਆਲੇ ਇੱਟਾਂ ਲਾ ਦਿੱਤੀਆਂ ਹਨ।
ਓਧਰ, ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸੜਕ ਦਾ ਨਿਰਮਾਣ ਸੀਵਰੇਜ ਬੋਰਡ ਵੱਲੋਂ ਕੀਤਾ ਗਿਆ ਹੈ। ਵਾਰਡ ਨੰਬਰ 2 ਦੇ ਕੌਂਸਲਰ ਸੋਨੂੰ ਮੱਲ੍ਹੀ ਦਾ ਕਹਿਣਾ ਹੈ ਕਿ ਸੀਵਰੇਜ ਬੋਰਡ ਨੂੰ ਨਿਰਮਾਣ ਕਰਨ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਪਹਿਲਾਂ ਟੋਇਆਂ ਨੂੰ ਪੱਧਰਾ ਕਰ ਲਿਆ ਜਾਵੇ ਪਰ ਉਨ੍ਹਾਂ ਸਰਕਾਰ ਬਦਲਦੀ ਦੇਖ ਕੇ ਫਟਾਫਟ ਨਿਰਮਾਣ ਕਰ ਦਿੱਤਾ। ਜਦੋਂ ਸੀਵਰੇਜ ਬੋਰਡ ਦੇ ਐਕਸੀਅਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੋਬਾਇਲ ਚੁੱਕ ਕੇ ਥੋੜ੍ਹੀ ਦੇਰ ਬਾਅਦ ਗੱਲ ਕਰਨ ਲਈ ਕਿਹਾ।
ਖਿਡਾਉਣੇ ਵੇਚਣ ਵਾਲੇ ਦੀ ਧੀ ਨੇ 11 ਲੱਖ ਵਿਦਿਆਰਥੀਆਂ ਚੋਂ ਕੀਤਾ 241ਵਾਂ ਰੈਂਕ ਪ੍ਰਾਪਤ
NEXT STORY