ਲੁਧਿਆਣਾ(ਸਲੂਜਾ)- ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ 'ਚ ਆਉਣ ਵਾਲੇ 48 ਤੋਂ 72 ਘੰਟਿਆਂ ਦੌਰਾਨ ਬੱਦਲਾਂ ਦੇ ਜੰਮ ਕੇ ਵਰ੍ਹਨ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਇਸ ਦੀ ਪ੍ਰਮੁੱਖ ਵਜ੍ਹਾ ਸਾਊਥ-ਵੈਸਟ ਮਾਨਸੂਨ ਦਾ ਪੰਜਾਬ ਸਮੇਤ ਗੁਆਂਢੀ ਰਾਜਾਂ ਵਿਚ ਤੇਜ਼ੀ ਨਾਲ ਅੱਗੇ ਵਧਦੇ ਹੋਏ ਦਸਤਕ ਦੇਣਾ ਦੱਸਿਆ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਡਾ. ਪ੍ਰਭਜੋਤ ਕੌਰ ਨੇ ਮੌਸਮ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ ਤਿੰਨ ਦਿਨ ਤੱਕ ਲੁਧਿਆਣਾ ਸਮੇਤ ਪੰਜਾਬ 'ਚ ਭਾਰੀ ਬਾਰਿਸ਼ ਹੋਣ ਦਾ ਅੰਦਾਜ਼ਾ ਹੈ। ਇਥੇ ਇਹ ਦੱਸ ਦੇਈਏ ਕਿ ਭਾਰੀ ਬਾਰਿਸ਼ ਸਬੰਧੀ ਚੰਡੀਗੜ੍ਹ ਮੌਸਮ ਵਿਭਾਗ ਨੇ ਵੀ ਅੱਜ ਦੁਪਹਿਰ ਸਮੇਂ ਇਕ ਸਰਕੂਲਰ ਜਾਰੀ ਕਰ ਕੇ ਪੰਜਾਬ ਸਮੇਤ ਉਕਤ ਰਾਜਾਂ ਦੇ ਲੋਕਾਂ ਅਤੇ ਕਿਸਾਨਾਂ ਨੂੰ ਸੂਚਿਤ ਕੀਤਾ ਹੈ। ਜੇਕਰ ਅਸੀਂ ਲੁਧਿਆਣਾ ਦੀ ਗੱਲ ਕਰੀਏ ਤਾਂ ਦੁਪਹਿਰ ਤੱਕ 31.6 ਮਿਲੀਮੀਟਰ ਬਾਰਿਸ਼ ਹੋਣ ਨਾਲ ਮੌਸਮ ਦਾ ਮਿਜਾਜ਼ ਸੁਹਾਵਣਾ ਬਣ ਗਿਆ ਅਤੇ ਗਰਮੀ ਛੂ ਮੰਤਰ ਹੋ ਗਈ। ਸ਼ਹਿਰੀ ਇਲਾਕਿਆਂ ਚੌੜਾ ਬਾਜ਼ਾਰ ਅਤੇ ਘੰਟਾਘਰ ਸਮੇਤ ਸਮੁੱਚੀ ਨਗਰੀ ਹੀ ਜਲਥਲ ਹੋ ਕੇ ਰਹਿ ਗਈ। ਪਾਸ਼ ਇਲਾਕਿਆਂ ਸਮੇਤ ਸਲੱਮ ਇਲਾਕਿਆਂ 'ਚ ਬਾਰਿਸ਼ ਦਾ ਪਾਣੀ ਭਰਨ ਨਾਲ ਹਾਲਾਤ ਹੜ੍ਹ ਵਰਗੇ ਬਣ ਗਏ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਮਾਲਪੁਰ ਕਾਲੋਨੀ 'ਚ ਬਲੈਕ ਆਊਟ
ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਢਲਣ ਤੱਕ ਲੁਧਿਆਣਾ ਦੀ ਜਮਾਲਪੁਰ ਕਾਲੋਨੀ ਵਿਚ ਬਾਰਿਸ਼ ਕਾਰਨ ਬਿਜਲੀ ਗੁੱਲ ਰਹਿਣ ਕਾਰਨ ਬਲੈਕ ਆਊਟ ਰਿਹਾ। ਇਲਾਕਾ ਨਿਵਾਸੀ ਵੇਦ ਪ੍ਰਕਾਸ਼ ਸ਼ਰਮਾ ਨੇ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਕਹਿਰ ਦੀ ਗਰਮੀ ਪੈ ਰਹੀ ਹੋਵੇ ਤਾਂ ਪਾਵਰਕਾਮ ਦੇ ਪਾਵਰ ਸਬ-ਸਟੇਸ਼ਨ ਅਤੇ ਟਰਾਂਸਫਾਰਮਰ ਓਵਰ ਲੋਡਿਡ ਹੋ ਜਾਂਦੇ ਹਨ। ਹਵਾਵਾਂ ਚੱਲਣ ਲੱਗਣ ਜਾਂ ਫਿਰ ਤੇਜ਼ ਬਾਰਿਸ਼ ਆ ਜਾਵੇ ਤਾਂ ਬਿਜਲੀ ਬੰਦ ਹੋ ਜਾਂਦੀ ਹੈ। ਸ਼ਰਮਾ ਨੇ ਸਵਾਲ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਲੁਧਿਆਣਾ 'ਚ ਪਾਵਰ ਸਪਲਾਈ ਦੀ ਅੱਪਗ੍ਰੇਡੇਸ਼ਨ ਨੂੰ ਲੈ ਕੇ ਲਗਭਗ 400 ਕਰੋੜ ਰੁਪਏ ਖਰਚ ਕੀਤੇ ਹਨ ਪਰ ਬਿਜਲੀ ਸਪਲਾਈ ਦੇ ਹਾਲਾਤ ਪਹਿਲਾਂ ਵਰਗੇ ਹੀ ਹਨ। ਇਸ ਕੇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਮੀਂਹ ਦੇ ਪਾਣੀ ਨਾਲ ਸਾਹਨੇਵਾਲ ਦਾ ਪੁਰਾਣਾ ਬਾਜ਼ਾਰ ਡੁੱਬਿਆ
ਅੱਜ ਸਾਹਨੇਵਾਲ ਕਸਬੇ 'ਚ ਮਾਨਸੂਨ ਦੀ ਹੋਈ ਪਹਿਲੀ ਬਾਰਿਸ਼ ਨਾਲ ਜਿੱਥੇ ਆਮ ਜਨਤਾ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ, ਉਥੇ ਇਸ ਪਈ ਭਾਰੀ ਬਾਰਿਸ਼ ਨਾਲ ਆਮ ਜਨ ਜੀਵਨ ਅਸਥ-ਵਿਅਸਥ ਹੋ ਗਿਆ ਤੇ ਨੀਵੀਆਂ ਥਾਵਾਂ 'ਤੇ ਪਾਣੀ ਭਰ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਆਸਮਾਨ 'ਤੇ ਬੱਦਲ ਛਾ ਗਏ ਤੇ ਤੜਕਸਾਰ ਇਕਦਮ ਜ਼ੋਰਦਾਰ ਬਾਰਿਸ਼ ਸ਼ੁਰੂ ਹੋ ਗਈ ਤੇ ਇਹ ਜ਼ੋਰਦਾਰ ਬਾਰਿਸ਼ 4 ਤੋਂ 5 ਘੰਟੇ ਲਗਾਤਾਰ ਪੈਣ ਕਾਰਨ ਨੀਵੀਆਂ ਥਾਵਾਂ ਜਿਵੇਂ ਕੌਮੀ ਸ਼ਾਹ ਮਾਰਗ, ਪੁਰਾਣਾ ਬਾਜ਼ਾਰ, ਪੁਰਾਣੀ ਅਨਾਜ ਮੰਡੀ 'ਚ ਪਾਣੀ ਭਰ ਗਿਆ ਤੇ ਲੋਕਾਂ ਨੂੰ ਆਪਣੇ ਘਰਾਂ ਤੇ ਦੁਕਾਨਾਂ ਅੰਦਰ ਆਉਣ ਜਾਣ 'ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਲਾਕਾ ਨਿਵਾਸੀਆਂ ਦੇ ਦੱਸਣ ਅਨੁਸਾਰ ਭਾਵੇਂ ਸਾਹਨੇਵਾਲ ਕਸਬੇ ਅੰਦਰ ਸੀਵਰੇਜ ਪਾਇਆ ਹੋਇਆ ਹੈ ਪਰ ਸੀਵਰੇਜ ਦੀਆਂ ਪਾਈਪਾਂ ਕੁਝ ਛੋਟੀਆਂ ਹੋਣ ਕਾਰਨ ਤੇ ਸੀਵਰੇਜ ਦੀ ਚੰਗੀ ਤਰ੍ਹਾਂ ਸਫਾਈ ਨਾ ਹੋਣ ਕਾਰਨ ਇਨ੍ਹਾਂ ਨੀਵੀਆਂ ਥਾਵਾਂ 'ਤੇ ਬਾਰਿਸ਼ ਦਾ ਪਾਣੀ ਜਮ੍ਹਾ ਹੋ ਜਾਂਦਾ ਹੈ। ਇਲਾਕਾ ਨਿਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੇ ਸਾਹਨੇਵਾਲ ਨਗਰ ਕੌਂਸਲ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਸਾਹਨੇਵਾਲ ਕਸਬੇ ਅੰਦਰ ਪਾਏ ਗਏ ਸੀਵਰੇਜ ਦੀ ਸਫਾਈ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ 'ਚ ਹੋਰ ਪੈਣ ਵਾਲੀ ਬਾਰਿਸ਼ ਦੇ ਪਾਣੀ ਦਾ ਨਿਕਾਸ ਠੀਕ ਢੰਗ ਨਾਲ ਹੋ ਸਕੇ ਤੇ ਇਲਾਕਾ ਨਿਵਾਸੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਦੋਸਤ ਦੀ ਕੈਬ 'ਚ ਚੰਡੀਗੜ੍ਹ ਤੋਂ ਲਿਆ ਕੇ ਕਰਨ ਲੱਗਾ ਸ਼ਰਾਬ ਦੀ ਡਲਿਵਰੀ
NEXT STORY