ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ’ਤੇ ਇਹ ਕਿਹੋ-ਜਿਹਾ ਮਾਹੌਲ ਬਣ ਰਿਹਾ ਹੈ, ਜਿਥੇ ਨਾ ਕੋਈ ਇਨਸਾਨੀਅਤ, ਨਾ ਕੋਈ ਇਨਸਾਫ਼, ਨਾ ਕੋਈ ਸਿਧਾਂਤ, ਨਾ ਕੋਈ ਕਿਰਦਾਰ, ਹੁਣ ਤਾਂ ਇਥੇ ਜ਼ਿੰਦਗੀ ਜਿਊਣ ਦੀ ਨਹੀਂ, ਜ਼ਿੰਦਗੀ ਖੋਹਣ ਦੀ ਹਫੜਾ-ਦਫੜੀ ਮਚੀ ਪਈ ਹੈ। ਪੰਜਾਬੀ ਤਾਂ ਇਕ ਵਧੀਆ ਇਖ਼ਲਾਕ ਵਾਲੇ ਜਾਣੇ ਜਾਂਦੇ ਸਨ ਪਰ ਕਿਥੇ ਚਲੇ ਗਈ ਸਾਡੇ ਗੁਰੂਆਂ-ਪੀਰਾਂ ਵਲੋਂ ਸਾਨੂੰ ਦੱਸੀ ਨਿਮਰਤਾ, ਸੱਚਾਈ, ਵੱਡਿਆਂ ਦੀ ਵਡਿਆਈ, ਦਸਾਂ ਨਹੁੰਆਂ ਦੀ ਕਿਰਤ, ਵੰਡ ਛਕੋ, ਨਾਮ ਜਪੋ ਦੀ ਧਾਰਨਾ।
ਅੱਜ ਦੇ ਪੰਜਾਬ ਵੱਸਦੇ ਪੰਜਾਬੀਆਂ ਦੇ ਪੱਲੇ ਕੀ ਹੈ ਹਥਿਆਰ, ਗੁਨਾਹ, ਤਬਾਹੀ, ਭਾੜੇ ਦੇ ਕਾਤਲ, ਦੁਨੀਆ ਭਰ ਦੇ ਨਸ਼ੇ, ਇਥੇ ਫੇਲ ਹੋਇਆਂ ਨੂੰ ਮਾਖੌਲ ਨੇ, ਕਾਮਯਾਬ ਨੂੰ ਪਿਸਤੌਲ ਨੇ, ਦਿਨ-ਦਿਹਾੜੇ ਕਤਲ, ਪੰਜਾਬ ’ਚ ਚੱਲ ਰਹੀ ਸਿਆਸੀ ਸੌੜੀ ਸਿਆਸਤ ਨੇ ਪੰਜਾਬ ਨੂੰ ਰੜੇ ਮੈਦਾਨਾਂ ਦੀ ਕਤਲਗਾਹ ਬਣਾ ਦਿੱਤਾ ਹੈ। ਇਸੇ ਕਰਕੇ ਕੋਈ ਸਿਆਣਾ ਬੰਦਾ, ਪੜ੍ਹਿਆ-ਲਿਖਿਆ ਬੰਦਾ, ਅਗਾਂਹਵਧੂ ਸੋਚ ਰੱਖਣ ਵਾਲਾ ਬੰਦਾ ਸਿਆਸਤ ’ਚ ਆਉਣ ਨੂੰ ਤਿਆਰ ਨਹੀਂ ਹੈ। ਬੀਤੇ ਦਿਨੀਂ ਉੱਘੇ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇ ਵਾਲਾ ਦਾ ਦਿਨ-ਦਿਹਾੜੇ ਕਤਲ ਹੋਇਆ ਹੈ। ਸਿੱਧੂ ਮੂਸੇ ਵਾਲਾ ਦੇ ਕਤਲ ਹੋਣ ਦੀ ਖ਼ਬਰ ਨਾਲ ਪੂਰੀ ਦੁਨੀਆ ’ਚ ਭੜਥੂ ਪੈ ਗਿਆ ਹੈ। ਪੰਜਾਬ ਵੱਸਦੇ ਉਸ ਦੇ ਪ੍ਰਸ਼ੰਸਕ ਬੱਚਿਆਂ ਤੇ ਨੌਜਵਾਨਾਂ ’ਚ ਖ਼ਾਮੋਸ਼ੀ ਦਾ ਵੱਡਾ ਸੰਨਾਟਾ ਹੈ ਪਰ ਹੁਣ ਹੋਣਾ ਕੁਝ ਨਹੀਂ, ਬਸ ਉਹੀ 5-7 ਦਿਨ ਕਾਤਲਾਂ ਨੂੰ ਫੜਨ ਦਾ, ਇਨਸਾਫ਼ ਲੈਣ ਦਾ ਰਾਮ-ਰੌਲ਼ਾ ਪਵੇਗਾ, ਫਿਰ ਉਹੀ ਪਹਿਲਾਂ ਵਾਲੀ ਕਹਾਣੀ ਚੱਲੇਗੀ ਕਿਉਂਕਿ ਇਥੇ ਤਾਂ 1984 ਸਿੱਖ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ, ਇਨ੍ਹਾਂ ਕਤਲਾਂ ਦਾ ਤਾਂ ਇਨਸਾਫ਼ ਸਾਨੂੰ ਮਿਲਣਾ ਕੀ ਆ?
ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਮਾਪਿਆਂ ਦਾ ਦਰਦ, ਕਿਹਾ- ‘ਆਪਣੇ ਬੱਚਿਆਂ ਨੂੰ ਜ਼ਿਆਦਾ ਤਰੱਕੀ ਨਾ ਕਰਨ ਦਿਓ, ਇਹ ਮਰਵਾ ਦਿੰਦੀ ਹੈ’
ਇਸ ਤੋਂ ਪਹਿਲਾਂ ਵੀ ਕਬੱਡੀ ਦੇ ਸਟਾਰ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਖੇਡ ਮੈਦਾਨ ’ਚ ਦਿਨ-ਦਿਹਾੜੇ ਕਤਲ ਹੋਇਆ। ਸਿਆਸਤ ਵੱਲ ਨੂੰ ਉੱਭਰਦਾ ਸਿੱਖ ਨੌਜਵਾਨ, ਸਟੇਜ ’ਤੇ ਬੋਲਣ ਦਾ ਧਨੀ ਫ਼ਿਲਮ ਕਲਾਕਾਰ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੀ ਮੌਤ ਦਾ ਰਹੱਸ ਕਤਲ ਨਾਲੋਂ ਵੀ ਗੁੱਝਾ ਬਣਿਆ ਹੋਇਆ ਹੈ। ਇਹ ਤਿੰਨੇ ਨੌਜਵਾਨ ਆਪੋ-ਆਪਣੇ ਖੇਤਰਾਂ ਦੇ ਪ੍ਰਮੁੱਖ ਹੀਰੋ ਸਨ, ਵੱਡੇ ਪੱਧਰ ’ਤੇ ਨੌਜਵਾਨੀ ਇਨ੍ਹਾਂ ਦੀ ਦੀਵਾਨੀ ਸੀ।
ਪੰਜਾਬ ’ਚ ਹਰ ਰੋਜ਼ ਜਵਾਨੀ ਕੋਈ ਕਤਲਾਂ ਦੀ ਭੇਟ, ਕੋਈ ਨਸ਼ਿਆਂ ਦੀ ਭੇਟ, ਕੋਈ ਹਾਦਸਿਆਂ ਦੀ ਭੇਟ, ਕੋਈ ਆਪਸੀ ਧੜੇਬੰਦੀ ਜਾਂ ਦੁਸ਼ਮਣੀ ਦੀ ਭੇਟ ਚੜ੍ਹ ਰਹੀ ਹੈ। ਇੰਟੈਲੀਜੈਂਟ ਬੱਚੇ ਦਿਨੋਂ-ਦਿਨ ਵਿਦੇਸ਼ਾਂ ਨੂੰ ਕੂਚ ਕਰੀ ਜਾਂਦੇ ਹਨ। ਪੰਜਾਬ ’ਚ ਕੋਈ ਰਹਿ ਕੇ ਰਾਜ਼ੀ ਨਹੀਂ ਹੈ। ਪੰਜਾਬੀਓ, ਆਪ ਹੀ ਦੱਸੋ ਪੰਜਾਬ ਬਚੇਗਾ ਕਿਵੇਂ?
ਸਿੱਧੂ ਮੂਸੇ ਵਾਲਾ ਦਾ ਕਸੂਰ ਸਿਰਫ ਇਹ ਸੀ ਕਿ ਉਹ ਆਪਣੀ ਜਵਾਨੀ ’ਚ ਮਸਤ ਸੀ, ਚੋਟੀ ਦਾ ਗਾਇਕ ਸੀ, ਬੱਚੇ ਤੇ ਨੌਜਵਾਨ ਉਸ ਦੇ ਵੱਡੇ ਪੱਧਰ ’ਤੇ ਫੈਨ ਸਨ, ਸੁਭਾਅ ਦਾ ਅੜੀਅਲ ਸੀ, ਆਪਣੀ ਕਲਾਕਾਰੀ ਨਾਲ ਮੋਟਾ ਪੈਸਾ ਕਮਾਉਂਦਾ ਸੀ, ਜੱਟਵਾਦ ਉਸ ’ਤੇ ਭਾਰੂ ਸੀ, ਦੁਨੀਆ ’ਚ ਉਸ ਦੀ ਚੜ੍ਹਤ ਸੀ। ਈਨ ਕਿਸੇ ਦੀ ਓਹ ਮੰਨਦਾ ਨਹੀਂ ਸੀ ਤੇ ਇਸੇ ਕਰਕੇ ਉਸ ਦੇ ਵਿਰੋਧੀਆਂ ਤੋਂ ਉਸ ਦਾ ਇਹ ਸਭ ਕੁਝ ਬਰਦਾਸ਼ਤ ਨਹੀਂ ਹੋਇਆ ਤੇ ਉਸ ਦਾ ਦਿਨ-ਦਿਹਾੜੇ ਕਤਲ ਹੋ ਗਿਆ। ਸਕਿਓਰਿਟੀ ਦਾ ਨਾ ਹੋਣਾ ਉਸ ਦੇ ਕਤਲ ਦਾ ਇਕ ਬਹਾਨਾ ਬਣ ਗਿਆ ਪਰ ਇਨ੍ਹਾਂ ਕਤਲਾਂ ਲਈ ਭਾਵੇਂ ਸਿੱਧੂ ਮੂਸੇ ਵਾਲੇ ਦਾ ਕਤਲ ਹੋਵੇ, ਭਾਵੇਂ ਨੰਗਲ ਅੰਬੀਆਂ ਦਾ ਕਤਲ ਹੋਵੇ ਜਾਂ ਦੀਪ ਸਿੱਧੂ ਦਾ ਹੋਵੇ, ਜ਼ਿੰਮੇਵਾਰ ਸਾਡਾ ਸਿਆਸੀ ਕੁਰੱਪਟ ਸਿਸਟਮ ਹੈ। ਜੋ ਪੰਜਾਬ ਦੀ ਜਵਾਨੀ ਦੀ ਸਾਰ ਨਹੀਂ ਲੈ ਰਿਹਾ, ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਰਿਹਾ। ਪੰਜਾਬ ਦੇ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਉਣ ਦੀ ਬਜਾਏ ਕੁਰਾਹੇ ਪਾ ਰਿਹਾ ਹੈ। ਜੇਲਾਂ ’ਚ ਗੈਂਗਸਟਰ ਸਿਸਟਮ ਸਿਆਸਤ ਦੀ ਆੜ ਹੇਠ ਕਾਇਮ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮੌਤ ਤੋਂ ਬਾਅਦ ਦਲੇਰ ਮਹਿੰਦੀ ਦਾ ਬਿਆਨ, ‘ਗੰਨ ਕਲਚਰ ਨੂੰ ਹੁੰਗਾਰਾ ਦੇਣ ਵਾਲੇ ਗੀਤਾਂ ’ਤੇ ਹੋਵੇ ਐਕਸ਼ਨ’
ਗੱਲਾਂ ਹੋ ਰਹੀਆਂ ਨੇ ਪੰਜਾਬ ਨੂੰ ਬਚਾਉਣ ਦੀਆਂ ਪਰ ਉਹ ਪੰਜਾਬ ਜਿਥੇ ਕਬੱਡੀ ਖੇਡ ਦੇ ਵੀ ਫ਼ੈਸਲੇ ਜੇਲਾਂ ’ਚ ਬੈਠਿਆਂ ਹੋਣ, ਜਿਥੇ ਨਾਮੀ ਲੋਕਾਂ ਦੇ ਕਤਲਾਂ ਦੀਆਂ ਸਕੀਮਾਂ ਜੇਲਾਂ ’ਚ ਘੜੀਆਂ ਜਾਣ, ਜਿਥੇ ਪੰਜਾਬ ਦੀ ਸਿਆਸਤ ਦੇ ਫ਼ੈਸਲੇ ਜੇਲਾਂ ’ਚ ਬੈਠੇ ਸਿਆਸੀ ਆਕਾ ਕਰਦੇ ਹੋਣ, ਇਹ ਸੀਨ ਕਿਸੇ ਵਕਤ ਫ਼ਿਲਮਾਂ ’ਚ ਤਾਂ ਅਸੀਂ ਵੇਖਦੇ ਹੁੰਦੇ ਸੀ ਪਰ ਅੱਜ ਪੰਜਾਬ ’ਚ ਅਸਲੀਅਤ ਰੂਪ ’ਚ ਵੇਖਣ ਨੂੰ ਮਿਲਦੇ ਹਨ, ਫਿਰ ਉਥੇ ਪੰਜਾਬ ਦੇ ਭਲੇ ਦੀ ਕਿਹੜੀ ਆਸ ਰੱਖ ਸਕਦੇ ਹਾਂ?
ਜੇਕਰ ਅਜੇ ਵੀ ਪੰਜਾਬ ਸਰਕਾਰ ਨੇ ਜੇਲਾਂ ’ਚ ਬੈਠੇ ਗੈਂਗਸਟਰਾਂ ਨੂੰ, ਕਾਤਲਾਂ ਨੂੰ, ਡਰੱਗ ਮਾਫੀਏ ਨੂੰ, ਰੇਤ ਮਾਫੀਏ ਨੂੰ, ਪੰਜਾਬ ਨੂੰ ਤਬਾਹ ਕਰਨ ਵਾਲੇ ਹਰ ਗਿਰੋਹ ਨੂੰ ਨੱਥ ਨਾ ਪਾਈ ਤਾਂ ਇਸ ਪੰਜਾਬ ’ਚ ਫਿਰ ਇਥੇ ਰਹਿਣਾ ਕਿਸੇ ਨੇ ਪਸੰਦ ਨਹੀਂ ਕਰਨਾ। ਚੰਗਿਆਂ ਨੇ ਤਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਭੱਜ ਜਾਣਾ ਤੇ ਮਾੜਿਆਂ ਨੇ ਬੰਗਲਾਦੇਸ਼-ਭੂਟਾਨ ਵਰਗੇ ਮੁਲਕਾਂ ਵੱਲ ਨੂੰ ਚਾਲੇ ਪਾ ਦੇਣੇ ਹਨ। ਬਚਾ ਲਓ, ਜੇ ਬੱਚਦਾ ਏ ਪੰਜਾਬ ਪੰਜਾਬੀਓ। ਸਿੱਧੂ ਮੂਸੇ ਵਾਲਾ ਤੇ ਸੰਦੀਪ ਨੰਗਲ ਅੰਬੀਆਂ ਦੇ ਕਾਤਲੋ! ਕਤਲ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ, ਜੇ ਕੋਈ ਮਸਲਾ ਹੈ, ਉਸ ਨੂੰ ਬੈਠ ਕੇ ਸੁਲਝਾ ਲਵੋ, ਮਾਵਾਂ ਦੇ ਪੁੱਤ ਨਾ ਮਾਰੋ, ਅਕਲ ਨੂੰ ਹੱਥ ਮਾਰੋ, ਪੁੱਤਰਾਂ ਤੋਂ ਵਾਂਝੀਆਂ ਹੋਈਆਂ ਮਾਵਾਂ ਦੀਆਂ ਬਦ-ਦੁਆਵਾਂ ਤੁਹਾਨੂੰ ਲੈ ਡੁੱਬਣਗੀਆਂ ਕਿਉਂਕਿ ਉੱਜੜ ਉਹ ਵੀ ਜਾਂਦੇ ਨੇ, ਜਿਹੜੇ ਕਿਸੇ ਦਾ ਵੱਸਦਾ ਘਰ ਉਜਾੜਦੇ ਨੇ। ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਸੁਮੱਤ ਦੇਵੇ, ਮੇਰੇ ਹੱਸਦੇ-ਵੱਸਦੇ ਪੰਜਾਬ ਦਾ ਰੱਬ ਰਾਖਾ।
–ਜਗਰੂਪ ਸਿੰਘ ਜਰਖੜ
ਜੂਨ 1984 'ਚ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤ ਦਰਸ਼ਨ ਲਈ ਰਖਵਾਏ (ਤਸਵੀਰਾਂ)
NEXT STORY