ਚੰਡੀਗੜ੍ਹ/ਪਿੰਜੌਰ (ਰਾਵਤ) : ਪਿੰਜੌਰ-ਬੱਦੀ ਰਾਸ਼ਟਰੀ ਰਾਜ ਮਾਰਗ ਕੰਢੇ ਵਸੇ ਪਿੰਡ ਮੜ੍ਹਾਂਵਾਲਾ ਦੇ ਨਜ਼ਦੀਕ ਮੰਗਲਵਾਰ ਦੁਪਹਿਰ ਨੂੰ ਇਕ ਕਬਾੜ ਦੇ ਗੋਦਾਮ ਦੇ ਦਫ਼ਤਰ ਤੋਂ 4 ਲੋਕਾਂ ਨੇ ਰਿਵਾਲਵਰ ਦੇ ਦਮ 'ਤੇ 20 ਹਜ਼ਾਰ ਰੁਪਏ ਲੁੱਟ ਲਏ। ਭੱਜ ਰਹੇ ਮੁਲਜ਼ਮਾਂ ਨੇ ਪਿੱਛਾ ਕਰ ਰਹੇ ਪੁਲਸ ਕਰਮੀਆਂ 'ਤੇ ਫਾਇਰਿੰਗ ਵੀ ਕੀਤੀ। ਪੁਲਸ ਨੇ ਮੁਲਜ਼ਮਾਂ ਦੀ ਕਾਰ ਅਤੇ ਇਕ ਰਿਵਾਲਵਰ ਜ਼ਬਤ ਕਰ ਲਈ ਹੈ। ਪੁਲਸ ਨੇ ਪੀੜਤ ਕਬਾੜ ਗੋਦਾਮ ਦੇ ਮਾਲਕ ਪੁਰਸ਼ੋਤਮ ਦੇ ਬਿਆਨਾਂ 'ਤੇ ਚਾਰ ਲੋਕਾਂ 'ਤੇ ਆਰਮਜ਼ ਐਕਟ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਲੁੱਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਥਾਣਾ ਪਿੰਜੌਰ 'ਚ ਐੱਸ. ਆਈ. ਰਾਜਿੰਦਰ ਸਿੰਘ 'ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਅਧੀਨ ਮੁਲਜ਼ਮਾਂ ਖਿਲਾਫ਼ 307 ਦੇ ਅਧੀਨ ਮਾਮਲਾ ਦਰਜ ਕੀਤਾ ਹੈ।
ਆਉਂਦੇ ਹੀ ਤਾਣ ਦਿੱਤੀ ਰਿਵਾਲਵਰ, 50 ਹਜ਼ਾਰ ਰੁਪਏ ਮੰਗੇ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੁਰਸ਼ੋਤਮ ਰਾਮ ਨੇ ਦੱਸਿਆ ਕਿ ਉਸ ਦਾ ਕਬਾੜ ਦਾ ਗੋਦਾਮ ਅਤੇ ਦਫ਼ਤਰ ਸੜਕ 'ਤੇ ਹੀ ਹੈ। ਉਸ ਨੇ ਦੱਸਿਆ ਕਿ ਦੁਪਹਿਰ ਕਰੀਬ ਡੇਢ ਵਜੇ ਜਦੋਂ ਉਹ ਆਪਣੇ ਦਫ਼ਤਰ 'ਚ ਬੈਠਾ ਸੀ, ਉਦੋਂ ਬੱਦੀ ਵਲੋਂ ਇਕ ਆਈ-20 ਕਾਰ ਉਸ ਦੇ ਦਫ਼ਤਰ ਦੇ ਬਾਹਰ ਆ ਕੇ ਰੁਕੀ। ਉਸ ਨੇ ਦੱਸਿਆ ਕਿ ਕਾਰ 'ਚੋਂ ਤਿੰਨ ਨੌਜਵਾਨ ਉਸ ਦੇ ਦਫ਼ਤਰ ਦੇ ਅੰਦਰ ਆਏ ਅਤੇ ਉਨ੍ਹਾਂ 'ਚੋਂ ਦੋ ਦੇ ਹੱਥ 'ਚ ਰਿਵਾਲਵਰ ਅਤੇ ਇਕ ਦੇ ਹੱਥ 'ਚ ਬੰਦੂਕ ਸੀ। ਉਨ੍ਹਾਂ ਉਸ ਵੱਲ ਰਿਵਾਲਵਰ ਤਾਣ ਕੇ ਕਿਹਾ ਕਿ ਉਹ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੇ ਦੇਵੇ ਨਹੀਂ ਤਾਂ ਉਹ ਉਸਨੂੰ ਗੋਲੀ ਮਾਰ ਦੇਣਗੇ। ਇਸ ਤੋਂ ਬਾਅਦ ਪੁਰਸ਼ੋਤਮ ਨੇ ਦੱਸਿਆ ਕਿ ਉਸ ਨੇ ਮੁਲਜ਼ਮਾਂ ਨੂੰ ਕਿਹਾ ਕਿ ਹੁਣੇ ਉਸ ਦੇ ਗ਼ੱਲੇ 'ਚ ਸਿਰਫ਼ 20 ਹਜ਼ਾਰ ਰੁਪਏ ਹੀ ਹਨ ਅਤੇ ਉਹ ਇੰਨੇ ਹੀ ਪੈਸੇ ਉਨ੍ਹਾਂ ਨੂੰ ਦੇ ਸਕਦੇ ਹਨ।
ਕਿਹਾ-ਪਰਮੀਸ਼ ਵਰਮਾ 'ਤੇ ਵੀ ਅਸੀਂ ਚਲਾਈ ਸੀ ਗੋਲੀ
ਪੁਰਸ਼ੋਤਮ ਰਾਮ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਨੂੰ ਡਰਾਉਣ ਲਈ ਉਸ ਦੀ ਗੱਲ ਵਟਸਐਪ ਕਾਲਿੰਗ 'ਤੇ ਕਿਸੇ ਵਿਅਕਤੀ ਨਾਲ ਵੀ ਕਰਵਾਈ। ਦੂਜੇ ਪਾਸੇ ਤੋਂ ਵਿਅਕਤੀ ਨੇ ਫੋਨ 'ਤੇ ਪੁਰਸ਼ੋਤਮ ਨੂੰ ਕਿਹਾ ਕਿ ਉਹ ਪੈਸੇ ਦੇ ਦੇਵੇ ਕਿਉਂਕਿ ਉਨ੍ਹਾਂ ਦਾ ਗੈਂਗ ਹੈ ਅਤੇ ਉਨ੍ਹਾਂ ਨੇ ਪੰਜਾਬ ਦੇ ਮਸ਼ਹੂਰ ਗਾਇਕ ਪਰਮੀਸ਼ ਵਰਮਾ 'ਤੇ ਵੀ ਗੋਲੀਆਂ ਚਲਾਈਆਂ ਸੀ ਅਤੇ ਉਹ ਪੰਜਾਬ ਦੇ ਇਕ ਮਸ਼ਹੂਰ ਗੈਂਗ ਨਾਲ ਗੱਲ ਕਰ ਰਿਹਾ ਹੈ। ਇਸ ਦੇ ਬਾਅਦ ਫੋਨ ਕੱਟਿਆ ਗਿਆ। ਇਸ 'ਤੇ ਦੋਸ਼ੀਆਂ 'ਚੋਂ ਇਕ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਇਕ ਵਿਅਕਤੀ 'ਤੇ ਹਮਲਾ ਕੀਤਾ ਹੈ ਅਤੇ ਉਹ ਉਸ ਨੂੰ ਵੀ ਜਾਨ ਤੋਂ ਮਾਰ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਵਿਚੋਂ ਇਕ ਨੌਜਵਾਨ ਨੇ ਉਸ ਤੋਂ 20 ਹਜ਼ਾਰ ਰੁਪਏ ਖੋਹੇ ਅਤੇ ਕਾਰ ਵਿਚ ਬੈਠ ਕੇ ਪਿੰਜੌਰ ਵੱਲ ਫਰਾਰ ਹੋ ਗਏ। ਪੁਰਸ਼ੋਤਮ ਨੇ ਦੱਸਿਆ ਕਿ ਦੋਸ਼ੀ ਪੰਜਾਬੀ ਭਾਸ਼ਾ ਵਿਚ ਗੱਲ ਕਰ ਰਹੇ ਸਨ।
ਪਿੱਛਾ ਕਰਨ 'ਤੇ ਪੁਲਸ 'ਤੇ ਕੀਤੀ ਫਾਇਰਿੰਗ
ਮੜ੍ਹਾਂਵਾਲਾ ਪੁਲਸ ਚੌਕੀ ਇੰਚਾਰਜ ਰਾਜਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਪੁਲਸ ਨੂੰ ਸੂਚਨਾ ਮਿਲੀ ਉਹ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਪੁਰਸ਼ੋਤਮ ਨੇ ਕਿਹਾ ਕਿ ਡਕੈਤ ਹੁਣੇ-ਹੁਣੇ ਪਿੰਜੌਰ ਵੱਲ ਆਈ-20 ਕਾਰ 'ਚ ਨਿਕਲੇ ਹਨ। ਇਸ ਤੋਂ ਬਾਅਦ ਜਿਵੇਂ ਹੀ ਰਾਜਿੰਦਰ ਸਿੰਘ ਨੇ ਆਪਣੀ ਟੀਮ ਨਾਲ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਆਈ-20 ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹ ਨਹੀਂ ਰੁਕੇ ਅਤੇ ਆਪਣੀ ਕਾਰ ਨੂੰ ਪਿੰਡ ਰਾਮਪੁਰ ਜੰਗੀ ਦੇ ਲਿੰਕ ਰੋਡ ਤੋਂ ਅੰਦਰ ਹੁੰਦੇ ਹੋਏ ਪਿੰਡ ਵਿਚ ਦਾਖਲ ਹੋ ਗਏ। ਪਿੰਡ ਦੇ ਸਰਕਾਰੀ ਸਕੂਲ ਕੋਲ ਇਕ ਤਿੱਖੇ ਮੋੜ 'ਤੇ ਸਾਹਮਣੇ ਤੋਂ ਆ ਰਹੀ ਸਕੂਲ ਬੱਸ ਦੇ ਆਉਣ 'ਤੇ ਦੋਸ਼ੀਆਂ ਦੀ ਕਾਰ ਦਾ ਟਾਇਰ ਨਾਲੀ ਵਿਚ ਫਸ ਗਿਆ, ਜਿਸ 'ਤੇ ਭੱਜਣ ਦਾ ਕੋਈ ਚਾਰਾ ਨਾ ਦੇਖ ਦੋਸ਼ੀਆਂ ਨੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਜਵਾਬ ਵਿਚ ਪੁਲਸ ਨੇ ਵੀ ਫਾਇਰਿੰਗ ਕੀਤੀ।
ਫਾਇਰਿੰਗ ਕਰਦੇ ਹੋਏ ਦੋਸ਼ੀ ਆਪਣੀ ਕਾਰ ਮੌਕੇ 'ਤੇ ਹੀ ਛੱਡ ਕੇ ਨਾਲ ਲਗਦੇ ਖੇਤਾਂ ਵਿਚੋਂ ਫਰਾਰ ਹੋ ਗਏ। ਦੋਸ਼ੀਆਂ ਨੇ 5 ਤੋਂ 8 ਰਾਊਂਡ ਫਾਇਰਿੰਗ ਕੀਤੀ। ਉਨ੍ਹਾਂ ਦੱਸਿਆ ਕਿ ਭੱਜਦੇ ਹੋਏ ਇਕ ਦੋਸ਼ੀ ਡਿਗ ਗਿਆ, ਜਦੋਂ ਪੁਲਸ ਉਸ ਨੂੰ ਫੜਨ ਜਾਣ ਲੱਗੀ ਤਾਂ ਉਸ ਦੇ ਦੂਸਰੇ ਸਾਥੀਆਂ ਨੇ ਪੁਲਸ 'ਤੇ ਫਿਰ ਫਾਇਰਿੰਗ ਕੀਤੀ। ਇਸ ਦੇ ਬਾਅਦ ਸਾਰੇ ਦੋਸ਼ੀ ਭੱਜਣ ਵਿਚ ਸਫਲ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਘਟਨਾ ਸਥਾਨ 'ਤੇ ਪੰਚਕੂਲਾ ਡੀ. ਸੀ. ਪੀ. ਕਮਲਦੀਪ ਸਿੰਘ, ਏ. ਸੀ. ਪੀ. ਕਾਲਕਾ ਰਮੇਸ਼ ਗੁਲਿਆ, ਥਾਣਾ ਪਿੰਜੌਰ ਮੁਖੀ ਯਸ਼ਦੀਪ ਸਿੰਘ ਮੌਕੇ 'ਤੇ ਪਹੁੰਚੇ। ਪੁਲਸ ਨੇ ਦੋਸ਼ੀਆਂ ਦੀ ਕਾਰ ਦੇ ਨਾਲ-ਨਾਲ ਇਕ ਬੰਦੂਕ ਅਤੇ ਰਿਵਾਲਵਰ, ਇਕ ਮੋਬਾਇਲ ਅਤੇ 20 ਹਜ਼ਾਰ ਦੀ ਨਕਦੀ ਬਰਾਮਦ ਕਰ ਲਈ ਹੈ।
ਸੁਖਬੀਰ ਬਾਦਲ ਨੂੰ ਬਾਜਵਾ ਦੀਆਂ ਖਰੀਆਂ-ਖਰੀਆਂ
NEXT STORY