ਫ਼ਰੀਦਕੋਟ (ਹਾਲੀ) - ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ 1 ਅਪ੍ਰੈਲ, 2018 ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ, ਜਿਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਡੀ. ਜੀ. ਪੀ. ਦੇ ਨਾਲ ਮੀਟਿੰਗ ਕਰ ਕੇ ਹਦਾਇਤ ਕੀਤੀ ਹੈ ਕਿ ਕਣਕ ਦੀ ਆਮਦ ਸਬੰਧੀ ਦਾਣਾ ਮੰਡੀਆਂ 'ਚ ਸਾਰੇ ਪੁਖਤਾ ਪ੍ਰਬੰਧ ਕਰ ਲਏ ਜਾਣ ਤਾਂ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਜੇਕਰ ਕਣਕ ਦੀ ਲਿਫਟਿੰਗ ਬਾਰੇ ਕੋਈ ਵਿਅਕਤੀ ਪ੍ਰੇਸ਼ਾਨੀ ਖੜ੍ਹੀ ਕਰਦਾ ਹੈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਜਦੋਂ ਸਥਾਨਕ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਪ੍ਰਸ਼ਾਸਨ ਵੱਲੋਂ ਸਿਰਫ਼ ਅਖਬਾਰਾਂ ਦੀਆਂ ਸੁਰਖੀਆਂ ਬਣਨ ਲਈ ਦਾਅਵੇ ਕੀਤੇ ਜਾ ਰਹੇ ਹਨ ਕਿ ਕਣਕ ਦੀ ਖਰੀਦ ਸਬੰਧੀ ਮੰਡੀਆਂ 'ਚ ਪੁਖਤਾ ਪ੍ਰਬੰਧ ਪੂਰੇ ਕਰ ਲਏ ਗਏ ਹਨ ਪਰ ਮੰਡੀ ਵਿਚ ਜਾ ਕੇ ਵੇਖਿਆ ਗਿਆ ਤਾਂ ਪਤਾ ਲੱਗਾ ਕਿ ਇਹ ਦਾਅਵੇ ਸਿਰਫ ਖਾਨਾਪੂਰਤੀ ਹੀ ਹਨ। ਦਾਣਾ ਮੰਡੀ 'ਚ ਨਾ ਤਾਂ ਕੋਈ ਸਫਾਈ ਕੀਤੀ ਗਈ ਸੀ ਅਤੇ ਨਾ ਹੀ ਪਖਾਨੇ ਵਗੈਰਾ ਦੀ ਸਫਾਈ ਕਰਵਾਈ ਗਈ। ਪੀਣ ਵਾਲੇ ਪਾਣੀ ਦੀ ਵਿਵਸਥਾ ਵੀ ਸਿਰਫ਼ ਖਾਨਾਪੂਰਤੀ ਤੱਕ ਹੀ ਸੀਮਤ ਲੱਗ ਰਹੀ ਸੀ। ਮੰਡੀ ਵਿਚ ਵਾਟਰ ਕੂਲਰ ਤਾਂ ਲੱਗੇ ਸਨ ਪਰ ਉਨ੍ਹਾਂ 'ਚੋਂ ਆਰ. ਓ. ਸਿਸਟਮ ਦਾ ਪਾਣੀ ਨਹੀਂ ਆ ਰਿਹਾ ਸੀ। ਸਿਰਫ ਲਾਈਟ ਦੀ ਹੀ ਵਿਵਸਥਾ ਕੀਤੀ ਗਈ ਹੈ। ਸਾਰੇ ਕੰਮ ਸਿਰਫ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਰਗੇ ਹੀ ਦਿਸ ਰਹੇ ਸਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਅਧਿਕਾਰੀ ਆਪ ਮੰਡੀ ਵਿਚ ਜਾ ਕੇ ਪ੍ਰਬੰਧ ਨਹੀਂ ਵੇਖਦੇ।
ਕੀ ਕਹਿਣਾ ਹੈ ਕਿਸਾਨਾਂ ਦਾ : ਕਿਸਾਨ ਇਕਬਾਲ ਸਿੰਘ, ਗੁਰਮੀਤ ਸਿੰਘ, ਚਮਕੌਰ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਦਾਣਾ ਮੰਡੀ ਵਿਚ ਅਜੇ ਤੱਕ ਕਿਸੇ ਕਿਸਮ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ। ਮੰਡੀ ਵਿਚ ਨਾ ਤਾਂ ਕੋਈ ਸਫਾਈ ਦੀ ਵਿਵਸਥਾ ਕੀਤੀ ਗਈ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ। ਪ੍ਰਸ਼ਾਸਨ ਵੱਲੋਂ ਸਿਰਫ ਖਾਨਾਪੂਰਤੀ ਹੀ ਕੀਤੀ ਜਾਂਦੀ ਹੈ। ਰਾਤ ਦੇ ਸਮੇਂ ਆਵਾਰਾ ਪਸ਼ੂ ਉਨ੍ਹਾਂ ਦੀ ਕਣਕ ਨੂੰ ਖ਼ਰਾਬ ਕਰ ਦਿੰਦੇ ਹੈ ਪਰ ਪ੍ਰਸ਼ਾਸਨ ਦਾ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਹੈ ਅਤੇ ਨਾ ਹੀ ਕਿਸਾਨਾਂ ਦੀ ਕਿਸੇ ਗੱਲ ਦੀ ਸੁਣਵਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਪਖਾਨੇ ਦੀ ਆਉਂਦੀ ਹੈ। ਪਖਾਨੇ ਦਾ ਸਫਾਈ ਪੱਖੋਂ ਬਹੁਤ ਮਾੜਾ ਹਾਲ ਹੈ, ਜਿਸ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ (ਖਾਸ ਕਰ ਕੇ ਔਰਤ ਮਜ਼ਦੂਰ) ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੀ ਕਹਿੰਦੇ ਨੇ ਅਧਿਕਾਰੀ : ਇਸ ਸਬੰਧੀ ਐੱਸ. ਡੀ. ਐੱਮ. ਗੁਰਜੀਤ ਸਿੰਘ ਨੇ ਕਿਹਾ ਕਿ ਦਾਣਾ ਮੰਡੀ 'ਚ ਸਫਾਈ, ਲਾਈਟ ਅਤੇ ਪਾਣੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਅਜੇ ਕਣਕ ਦੀ ਪੂਰੀ ਤਰ੍ਹਾਂ ਆਮਦ ਨੂੰ ਕਰੀਬ 10 ਦਿਨ ਲੱਗ ਜਾਣਗੇ। ਉਸ ਤੋਂ ਪਹਿਲਾਂ ਉਹ ਆਪ ਵੀ ਇਕ ਵਾਰ ਚੈਕਿੰਗ ਕਰਨਗੇ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਕਣਕ ਦੀ ਆਮਦ ਤੋਂ ਪਹਿਲਾਂ ਹੀ ਦਾਣਾ ਮੰਡੀ 'ਚ ਸਾਰੇ ਪੁਖਤਾ ਪ੍ਰਬੰਧ ਕਰ ਲਏ ਜਾਣਗੇ।
5 ਕਰੋੜ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ ਹੋ ਰਿਹੈ ਅਣਹੋਂਦ ਦਾ ਸ਼ਿਕਾਰ
NEXT STORY