ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਹਰਜੀਤ ਸਿੰਘ ਦੀ ਅਦਾਲਤ ਨੇ ਲਗਭਗ 2 ਸਾਲ ਪਹਿਲਾਂ ਥਾਣਾ ਧਰਮਕੋਟ ਪੁਲਸ ਵਲੋਂ ਪਤਨੀ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਪਤੀ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਦੋਸ਼ੀ ਕਰਾਰ ਦਿੱਤਾ ਹੈ। ਮਾਣਯੋਗ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਅਤੇ 20 ਹਜ਼ਾਰ ਰੁਪਏ ਜੁਰਮਾਨਾ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਹੈ। ਮਾਣਯੋਗ ਅਦਾਲਤ ਦੇ ਆਦੇਸ਼ ਅਨੁਸਾਰ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਦੋਸ਼ੀ ਨੂੰ 3 ਮਹੀਨੇ ਦੀ ਹੋਰ ਕੈਦ ਕੱਟਣੀ ਹੋਵੇਗੀ।
ਇਸ ਮਾਮਲੇ ਵਿਚ ਮ੍ਰਿਤਕਾ ਦੇ ਭਰਾ ਜਸਵੀਰ ਸਿੰਘ ਪੁੱਤਰ ਗੁਲਜਾਰ ਸਿੰਘ ਨਿਵਾਸੀ ਪਿੰਡ ਕਿਸ਼ਨਪੁਰਾ ਕਲਾਂ ਵਲੋਂ 21 ਜੁਲਾਈ 2022 ਨੂੰ ਥਾਣਾ ਧਰਮਕੋਟ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਬਿਆਨ ਦਿੱਤੇ ਸਨ ਕਿ ਉਸ ਦੀਆਂ ਚਾਰ ਭੈਣਾਂ ਹਨ ਅਤੇ ਸਾਰੀਆਂ ਵਿਆਹੀਆਂ ਹੋਈਆਂ ਹਨ। ਉਸ ਦੀ ਸਭ ਤੋਂ ਛੋਟੀ ਭੈਣ ਸਰਬਜੀਤ ਕੌਰ ਦਾ ਵਿਆਹ ਪਹਿਲਾਂ ਸਕੰਦਰ ਸਿੰਘ ਨਿਵਾਸੀ ਮੋਗਾ ਨਾਲ ਹੋਇਆ ਸੀ, ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ ਸੀ, ਆਪਸੀ ਅਣਬਣ ਕਾਰਣ ਉਹ ਵੱਖ ਹੋ ਗਏ ਸਨ, ਜਿਸ ਉਪਰੰਤ ਉਸਦੀ ਭੈਣ ਸਰਬਜੀਤ ਕੌਰ ਉਰਫ ਸੰਮੋ ਨੇ ਵੀਰੂ ਸਿੰਘ ਪੁੱਤਰ ਜਗਰਾਜ ਸਿੰਘ ਨਿਵਾਸੀ ਕਿਸ਼ਨਪੁਰਾ ਕਲਾਂ ਨਾਲ ਦੂਸਰਾ ਵਿਆਹ ਕਰਵਾ ਲਿਆ ਸੀ। ਘਟਨਾ ਵਾਲੇ ਦਿਨ ਜਦ ਉਹ ਆਪਣੀ ਭੈਣ ਨੂੰ ਮਿਲਣ ਦੇ ਲਈ ਉਸ ਦੇ ਘਰ ਗਿਆ ਸੀ ਅਤੇ ਰਾਤ ਦਾ ਖਾਣਾ ਖਾਣ ਦੇ ਬਾਅਦ ਉਹ ਬਾਹਰ ਬਰਾਮਦੇ ਵਿਚ ਸੌ ਗਿਆ ਸੀ ਅਤੇ ਉਸ ਦੀ ਭੈਣ ਸਰਬਜੀਤ ਕੌਰ ਅਤੇ ਜੀਜਾ ਵੀਰੂ ਸਿੰਘ ਵੀ ਆਪਣੇ ਕਮਰੇ ਵਿਚ ਚਲੇ ਗਏ ਸਨ। ਉਸ ਨੇ ਦੋਸ਼ ਲਾਇਆ ਸੀ ਕਿ ਕੁਝ ਦੇਰ ਬਾਅਦ ਉਸ ਨੂੰ ਕਮਰੇ ਵਿਚੋਂ ਆਵਾਜ਼ਾਂ ਸੁਣੀਆਂ, ਜਦ ਉਸ ਨੇ ਜਾ ਕੇ ਦੇਖਿਆ ਤਾਂ ਵੀਰੂ ਸਿੰਘ ਉਸ ਦੀ ਭੈਣ ਸਰਬਜੀਤ ਕੌਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਰਿਹਾ ਸੀ।
ਇਸ ਤੋਂ ਪਹਿਲਾਂ ਕਿ ਉਹ ਆਪਣੀ ਭੈਣ ਨੂੰ ਬਚਾਉਂਦੀ ਵੀਰੂ ਸਿੰਘ ਨੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਸੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਉਪਰੰਤ ਉਸਦੀ ਭੈਣ ਸਰਬਜੀਤ ਕੌਰ ਦੀ ਮੌਤ ਹੋ ਗਈ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਵਲੋਂ ਵੀਰੂ ਸਿੰਘ ਪੁੱਤਰ ਜਗਰਾਜ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਅੱਜ ਅੰਤਿਮ ਸੁਣਵਾਈ ਉਪਰੰਤ ਆਪਣਾ ਫੈਸਲਾ ਸੁਣਾਇਆ ਹੈ।
UK ਤੇ ਕੈਨੇਡਾ ਦਾ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਕੀਤੀ ਲੱਖਾਂ ਦੀ ਠੱਗੀ
NEXT STORY