ਸ਼ਾਹਕੋਟ (ਅਰਸ਼ਦੀਪ)- ਸ਼ਾਹਕੋਟ ਦੇ ਨਜ਼ਦੀਕੀ ਪਿੰਡ ਮੀਏਂਵਾਲ ਮੌਲਵੀਆਂ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਘਰ ’ਚ ਸੁੱਤੇ ਹੋਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਸੋਮਵਾਰ ਦੀ ਰਾਤ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ। ਦਰਅਸਲ ਇਸ ਕਤਲ ਨੂੰ ਅੰਜਾਮ ਕਿਸੇ ਹੋਰ ਨੇ ਨਹੀਂ ਸਗੋਂ ਨੌਜਵਾਨ ਦੀ ਪਤਨੀ ਨੇ ਹੀ ਦਿੱਤਾ। ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ।
ਐੱਸ. ਐੱਸ. ਪੀ. (ਦਿਹਾਤੀ) ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਾਹਕੋਟ ਪੁਲਸ ਨੇ ਡੀ. ਐੱਸ. ਪੀ. ਸ਼ਾਹਕੋਟ ਨਰਿੰਦਰ ਸਿੰਘ ਔਜਲਾ ਦੀ ਅਗਵਾਈ ਅਤੇ ਜਸਵਿੰਦਰ ਸਿੰਘ ਐੱਸ. ਐੱਚ. ਓ. ਦੀ ਦੇਖਰੇਖ ਹੇਠ ਪਿੰਡ ਮੀਏਂਵਾਲ ਮੌਲਵੀਆਂ (ਸ਼ਾਹਕੋਟ) ਵਿਖੇ ਨੌਜਵਾਨ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਕੁਝ ਘੰਟਿਆਂ ’ਚ ਸੁਲਝਾਉਂਦਿਆਂ ਪਤਨੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਦਕਿ ਇਕ ਦੋਸ਼ੀ ਅਜੇ ਫਰਾਰ ਹੈ।
ਇਸ ਸਬੰਧੀ ਡੀ. ਐੱਸ. ਪੀ. ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਪਿੰਡ ਮੀਏਂਵਾਲ ਮੌਲਵੀਆਂ ਵਿਖੇ ਸੋਮਵਾਰ ਨੂੰ ਕਤਲ ਦੀ ਇਤਲਾਹ ਮਿਲੀ ਸੀ, ਜਿਸ ’ਤੇ ਮੁੱਖ ਥਾਣਾ ਅਫ਼ਸਰ ਸ਼ਾਹਕੋਟ ਜਸਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਕੇ ਤਫ਼ਤੀਸ਼ ਆਰੰਭ ਕੀਤੀ ਸੀ।
ਇਹ ਵੀ ਪੜ੍ਹੋ: ਲਾਈਵ ਸਟ੍ਰੀਮਿੰਗ ਦੌਰਾਨ ਰੇਡੀਓ ਜਰਨਲਿਸਟ ਦਾ ਗੋਲ਼ੀ ਮਾਰ ਕੇ ਕਤਲ, ਗੋਲ਼ੀ ਬੁੱਲ੍ਹ ’ਤੇ ਲੱਗ ਸਿਰ ਤੋਂ ਹੋਈ ਪਾਰ
ਮ੍ਰਿਤਕ ਸੂਰਜ ਕੁਮਾਰ ਦੀ ਪਤਨੀ ਮਨਦੀਪ ਕੌਰ ਉਰਫ਼ ਅਮਨ ਨੇ ਪੁੱਛਗਿੱਛ ’ਚ ਦੱਸਿਆ ਕਿ ਉਸ ਦਾ ਵਿਆਹ 2010 ’ਚ ਹੋਇਆ ਸੀ। ਉਸ ਦਾ ਪਤੀ ਸੂਰਜ ਕੁਮਾਰ ਰੋਜ਼ਾਨਾ ਸ਼ਰਾਬ ਪੀ ਕੇ ਉਸ ਦੀ ਕੁੱਟਮਾਰ ਕਰਦਾ ਸੀ, ਜਿਸ ਕਾਰਨ ਉਹ ਆਪਣੇ ਪਤੀ ਤੋਂ ਦੁਖ਼ੀ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਸੈਦਪੁਰ ਝਿੜੀ (ਸ਼ਾਹਕੋਟ) ਨਾਲ ਹੋਈ। ਮਨਦੀਪ ਆਪਣੇ ਘਰ ਦੀ ਸਾਰੀ ਗੱਲ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਦੱਸਣ ਲੱਗ ਪਈ। ਕੁਝ ਦਿਨ ਪਹਿਲਾਂ ਸੂਰਜ ਨੇ ਮਨਦੀਪ ਨਾਲ ਕੁੱਟਮਾਰ ਕੀਤੀ ਤਾਂ ਉਹ ਪੇਕੇ ਆ ਗਈ।
ਇਸ ਉਪਰੰਤ ਮਨਦੀਪ ਅਤੇ ਗੁਰਪ੍ਰੀਤ ਸਿੰਘ ਨੇ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ ਅਤੇ ਗੁਰਪ੍ਰੀਤ ਸਿੰਘ ਨੇ ਆਪਣੇ 2 ਹੋਰ ਸਾਥੀਆਂ ਜੋਬਨਪ੍ਰੀਤ ਸਿੰਘ ਉਰਫ਼ ਜੋਬਨ ਪੁੱਤਰ ਦਲਬੀਰ ਸਿੰਘ ਵਾਸੀ ਕਿਲੀ (ਸ਼ਾਹਕੋਟ) ਅਤੇ ਹਰਜਿੰਦਰ ਸਿੰਘ ਉਰਫ਼ ਜਿੰਦਰ ਉਰਫ਼ ਨੀਗਰੋ ਪੁੱਤਰ ਸਤਨਾਮ ਸਿੰਘ ਵਾਸੀ ਜਗਰਾਲ ਥਾਣਾ ਸਦਰ ਜਮਸ਼ੇਰ ਨਾਲ ਮਿਲ ਕੇ 6 ਤਾਰੀਖ਼ ਦੀ ਰਾਤ 11 ਵਜੇ ਕਤਲ ਨੂੰ ਅੰਜਾਮ ਦਿੱਤਾ। ਡੀ. ਐੱਸ. ਪੀ. ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਮਨਦੀਪ ਕੌਰ ਗੁਰਪ੍ਰੀਤ ਸਿੰਘ ਅਤੇ ਜੋਬਨਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਉਨ੍ਹਾਂ ਦਾ ਇਕ ਹੋਰ ਸਾਥੀ ਹਰਜਿੰਦਰ ਸਿੰਘ ਫਰਾਰ ਹੈ, ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਦਵਾਈ ਲੈਣ ਗਏ ਬਜ਼ੁਰਗ ਦੀ ਕਿਸਮਤ ਨੇ ਮਾਰੀ ਪਲਟੀ, 4 ਘੰਟਿਆਂ 'ਚ ਬਣਿਆ ਢਾਈ ਕਰੋੜ ਦਾ ਮਾਲਕ
ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਮ੍ਰਿਤਕ ਦੇ ਵੱਡੇ ਭਰਾ ਅਜੇ ਕੁਮਾਰ ਪੁੱਤਰ ਰੇਸ਼ਮ ਲਾਲ ਨੇ ਆਪਣੇ ਬਿਆਨਾਂ ’ਚ ਪੁਲਸ ਨੂੰ ਦੱਸਿਆ ਗਿਆ ਸੀ ਕਿ ਸੂਰਜ ਕੁਮਾਰ ਉਰਫ਼ ਜੌਹਨ (30) ਵਾਸੀ ਪਿੰਡ ਮੀਏਂਵਾਲ ਮੌਲਵੀਆਂ, ਜੋ ਸੋਮਵਾਰ ਆਪਣੇ ਘਰ ’ਚ ਇਕੱਲਾ ਹੀ ਸੁੱਤਾ ਸੀ। ਉਸ ਦੀ ਪਤਨੀ ਕੁਝ ਦਿਨ ਪਹਿਲਾਂ ਝਗੜਾ ਹੋਣ ਕਾਰਨ ਪੇਕੇ-ਘਰ ਗਈ ਹੋਈ ਸੀ ਅਤੇ ਉਸ ਦੇ ਤਿੰਨ ਬੱਚੇ ਉਸ ਦੀ ਭੂਆ ਕੋਲ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਮੰਗਲਵਾਰ ਸਵੇਰੇ 8 ਵਜੇ ਦੇ ਕਰੀਬ ਆਪਣੀ ਮਾਤਾ ਨੂੰ ਮਿਲਣ ਪਿੰਡ ਆਇਆ ਤਾਂ ਦੇਖਿਆ ਕਿ ਸੂਰਜ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਜਦ ਅੰਦਰ ਜਾ ਕੇ ਵੇਖਿਆ ਤਾਂ ਸੂਰਜ ਦੀ ਲਾਸ਼ ਖ਼ੂਨ ਨਾਲ ਲੱਥ ਪੱਥ ਪਈ ਸੀ, ਉਸ ਦੇ ਸਿਰ ’ਤੇ ਬੇਰਹਿਮੀ ਨਾਲ ਤੇਜ਼ਧਾਰ ਹਥਿਆਰਾਂ ਦੇ ਵਾਰ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਮਾਡਲ ਥਾਣਾ ਸ਼ਾਹਕੋਟ ਦੀ ਪੁਲਸ ਨੂੰ ਦਿੱਤੀ ਤਾਂ ਐੱਸ. ਐੱਚ. ਓ. ਸ਼ਾਹਕੋਟ ਜਸਵਿੰਦਰ ਸਿੰਘ, ਏ. ਐੱਸ. ਆਈ. ਬਲਵੀਰ ਚੰਦ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਕੋਲੋਂ ਪੁੱਛਗਿੱਛ ਕੀਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੇੜਲੇ ਘਰਾਂ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਪਤਾ ਲੱਗਾ ਹੈ ਕਿ ਬੀਤੀ ਰਾਤ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਚਾਰ ਅਣਪਛਾਤੇ ਵਿਅਕਤੀ ਆਏ ਸਨ।
ਸ਼ਾਹਕੋਟ ਪੁਲਸ ਨੇ ਦੱਸਿਆ ਕਿ ਮ੍ਰਿਤਕ ਸੂਰਜ ਕੁਮਾਰ ਉਰਫ਼ ਜੌਹਨ ਦੇ ਭਰਾ ਅਜੇ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਮੀਏਂਵਾਲ ਮੌਲਵੀਆਂ (ਸ਼ਾਹਕੋਟ) ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 302 ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਗਊ ਹੱਤਿਆ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ, ਹੋਰ ਵੀ ਕਈ ਨਾਂ ਆ ਸਕਦੇ ਨੇ ਸਾਹਮਣੇ
NEXT STORY