ਮੋਹਾਲੀ (ਨਿਆਮੀਆਂ) : ਮੋਹਾਲੀ ਜ਼ਿਲੇ ਦੇ ਸਾਲ 2018-19 ਲਈ 346 ਦੇਸ਼ੀ ਅਤੇ ਅੰਗਰੇਜੀ ਸ਼ਰਾਬ ਦੇ ਠੇਕਿਆਂ ਦਾ ਡਰਾਅ ਰਾਏ ਫਾਰਮ, (ਲਾਂਡਰਾਂ-ਖਰੜ ਰੋਡ) ਵਿਖੇ ਸ਼ਾਂਤੀਪੂਰਵਕ ਸਪੰਨ ਹੋਇਆ ਅਤੇ ਠੇਕਿਆਂ ਦੇ ਡਰਾਅ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤਾ ਗਿਆ ਅਤੇ ਠੇਕਿਆਂ ਦੇ ਡਰਾਅ ਦੀ ਸਮੁੱਚੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵੱਲੋਂ ਏ. ਡੀ. ਸੀ. (ਜਨਰਲ) ਚਰਨਦੇਵ ਸਿੰਘ ਮਾਨ ਬਤੌਰ ਆਬਜ਼ਰਵਰ ਮੌਜੂਦ ਰਹੇ। ਠੇਕਿਆਂ ਦੇ ਡਰਾਅ ਕੱਢਣ ਦਾ ਕੰਮ ਸੰਯੁਕਤ ਆਬਕਾਰੀ ਤੇ ਕਰ ਕਮਿਸ਼ਨਰ ਹਰਿੰਦਰ ਕੌਰ ਬਰਾੜ ਅਤੇ ਉਪ ਆਬਕਾਰੀ ਤੇ ਕਰ ਕਮਿਸ਼ਨਰ ਬਲਦੀਪ ਕੌਰ ਦੀ ਦੇਖ-ਰੇਖ ਹੇਠ ਮੁਕੰਮਲ ਹੋਇਆ।
ਪਰਮਜੀਤ ਸਿੰਘ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਮੋਹਾਲੀ ਨੇ ਦੱਸਿਆ ਕਿ ਸਾਲ 2018-19 ਲਈ ਜ਼ਿਲੇ ਦੇ 211 ਦੇਸੀ ਤੇ 135 ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੇ ਡਰਾਅ ਕੱਢੇ ਗਏੇ। ਇਸ ਸਾਲ ਜ਼ਿਲੇ ਵਿਚ ਪਿਛਲੇ ਸਾਲ ਨਾਲੋਂ 5 ਸ਼ਰਾਬ ਦੇ ਠੇਕੇ ਘੱਟ ਹਨ ਤੇ ਜ਼ਿਲੇ ਲਈ 1968000 ਪਰੂਫ ਲੀਟਰ ਦੇਸ਼ੀ ਸਰਾਬ, 1530000 ਪਰੂਫ ਲੀਟਰ ਅੰਗਰੇਜ਼ੀ ਸ਼ਰਾਬ ਅਤੇ 1479235 ਬਲਕ ਲੀਟਰ ਬੀਅਰ ਦਾ ਕੋਟਾ ਅਲਾਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਾਲ ਲਈ ਜ਼ਿਲੇ ਦੇ ਠੇਕਿਆਂ ਦੀ ਅਲਾਟਮੈਂਟ ਵਿਚ 179.44 ਕਰੋੜ ਰੁਪਏ ਦਾ ਮਾਲੀਆ ਸ਼ਾਮਲ ਹੈ, ਜਦਕਿ ਪਿਛਲੇ ਸਾਲ ਦਾ ਮਾਲੀਆ 166 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਆਬਕਾਰੀ ਸਰਕਲਾਂ ਖਰੜ ਤੋਂ 82.82 ਕਰੋੜ ਰੁਪਏ, ਡੇਰਾਬੱਸੀ ਸਰਕਲ ਤੋਂ 48.55 ਕਰੋੜ ਰੁਪਏ ਅਤੇ ਕੁਰਾਲੀ ਸਰਕਲ ਤੋਂ 48.07 ਕਰੋੜ ਰੁਪਏ ਦੇ ਮਾਲੀਏ ਲਈ ਡਰਾਅ ਰਾਹੀਂ ਪਰਚੂਨ ਸੇਲ ਦੇ ਠੇਕਿਆਂ ਦੀ ਅਲਾਟਮੈਂਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਇਸ ਸਾਲ ਠੇਕਿਆਂ ਦੀ ਅਲਾਟਮੈਂਟ ਲਈ 6500 ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਤੋਂ ਸਰਕਾਰ ਨੂੰ 11.70 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਅਤੇ 6.88 ਕਰੋੜ ਰੁਪਏ ਅਲਾਟਮੈਂਟ ਫੀਸ, ਜੋ ਕਿ ਸਫਲ ਉਮੀਦਵਾਰਾਂ/ਲਾਇੰਸਸੀਆਂ ਪਾਸੋਂ ਤੁਰੰਤ ਮੌਕੇ 'ਤੇ ਲੈਣੀ ਬਣਦੀ ਸੀ, ਮੌਕੇ 'ਤੇ ਹੀ ਜਮ੍ਹਾ ਕਰਵਾ ਲਈ ਗਈ।
'ਬਿਜਲੀ ਦੀ ਡਿਮਾਂਡ ਨੂੰ ਪੂਰਾ ਕਰਨ ਲਈ ਚਲਾਉਣਾ ਹੀ ਪਵੇਗਾ ਥਰਮਲ ਪਲਾਂਟ'
NEXT STORY