ਫਗਵਾੜਾ (ਜਲੋਟਾ)-ਪੰਜਾਬ ਦੇ ਖੇਤੀ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਪੁਖਤਾ ਪ੍ਰਬੰਧਾਂ ਤੇ ਕਿਸਾਨਾਂ ਦੇ ਸਹਿਯੋਗ ਨਾਲ ਝੋਨੇ ਦੀ ਖ਼ਰੀਦ ਸੁਚਾਰੂ ਤਰੀਕੇ ਨਾਲ ਚੱਲ ਰਹੀ ਹੈ। ਅੱਜ ਇੱਥੇ ਫਗਵਾੜਾ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲੈਣ ਮੌਕੇ ਖੇਤੀ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਝੋਨੇ ਦੀ ਖ਼ਰੀਦ ਬਦਲੇ ਕਿਸਾਨਾਂ ਨੂੰ ਮਿੱਥੇ 48 ਘੰਟੇ ਦੇ ਸਮੇਂ ਤੋਂ ਪਹਿਲਾਂ ਅਦਾਇਗੀ ਕੀਤੀ ਜਾ ਰਹੀ ਹੈ ਤੇ ਕਿਸਾਨ 12 ਘੰਟਿਆਂ ’ਚ ਫਸਲ ਵੇਚ ਕੇ ਆਪਣੇ ਘਰ ਜਾ ਰਿਹਾ ਹੈ। ਉਨ੍ਹਾਂ ਮੰਡੀ ਵਿਖੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੇ ਮੰਡੀਆਂ ’ਚ ਚੱਲ ਰਹੀ ਖ਼ਰੀਦ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਦੱਸਣਯੋਗ ਹੈ ਕਿ ਕਪੂਰਥਲਾ ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ ਦੇ ਮਿੱਥੇ ਟੀਚੇ 7,96,120 ਦਾ 80 ਫੀਸਦੀ ਤੋਂ ਵੱਧ ਝੋਨਾ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਖਰੀਦਿਆ ਜਾ ਚੁੱਕਾ ਹੈ ।
ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਸੰਕੇਤ, ਪੰਜਾਬ ’ਚ ਬੰਦ ਹੋਣਗੇ ਟੋਲ ਪਲਾਜ਼ਾ
ਜ਼ਿਲ੍ਹੇ ’ਚ ਬੀਤੇ ਕੱਲ੍ਹ ਤੱਕ 6,31,944 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋਈ ਹੈ। ਮੰਡੀਆਂ ’ਚ ਖਰੀਦੇ ਝੋਨੇ ਬਦਲੇ ਕਿਸਾਨਾਂ ਨੂੰ 1199.51 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਜੋ ਨਿਰਧਾਰਿਤ ਸਮੇਂ 48 ਘੰਟੇ ਅੰਦਰ ਕੀਤੀ ਜਾਣ ਵਾਲੀ ਅਦਾਇਗੀ ਦਾ 101.57 ਫੀਸਦੀ ਬਣਦਾ ਹੈ। ਰੋਜ਼ਾਨਾ ਕਿਸਾਨਾਂ ਨੂੰ 75 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਰਹੀ ਹੈ। ਲਿਫਟਿੰਗ ’ਚ ਵੀ ਜ਼ਿਲ੍ਹਾ ਕਪੂਰਥਲਾ ਅੰਦਰ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਗਈ ਹੈ, ਜਿਸ ਤਹਿਤ ਹੁਣ ਤੱਕ 546722 ਮੀਟਰਕ ਟਨ ਚੁਕਾਈ ਹੋ ਚੁੱਕੀ ਹੈ, ਜੋ ਨਿਰਧਾਰਤ 72 ਘੰਟਿਆਂ ਦੇ ਸਮੇਂ ਅੰਦਰ ਕੀਤੀ ਜਾਣ ਵਾਲੀ ਚੁਕਾਈ ਦਾ 102.18 ਫੀਸਦੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਡਾ. ਨਯਨ ਜੱਸਲ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਜ਼ਿਲ੍ਹਾ ਮੰਡੀ ਅਫ਼ਸਰ ਮੁਨੀਸ਼ ਕੈਲੇ ਤੇ ਹੋਰ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ : ਵਿਦੇਸ਼ ਤੋਂ ਆਈ ਕੁੜੀ ਤੇ ਉਸ ਦੀ ਮਾਂ ’ਤੇ ਗੁਆਂਢੀ ਨੇ ਚਲਾਈ ਗੋਲ਼ੀ
31 ਅਕਤੂਬਰ ਤੋਂ ਮਨਾਇਆ ਜਾਵੇਗਾ ਵਿਜੀਲੈਂਸ ਜਾਗਰੂਕਤਾ ਹਫ਼ਤਾ
NEXT STORY