ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਬਰਨਾਲਾ ਅਜੇ ਮਿੱਤਲ ਦੀ ਅਦਾਲਤ ਨੇ ਇਕ ਧੋਖਾਧੜੀ ਦੇ ਮਾਮਲੇ ਵਿਚ ਅਹਿਮ ਫੈਸਲਾ ਸੁਣਾਉਂਦਿਆਂ ਤਿੰਨ ਦੋਸ਼ੀਆਂ ਨੂੰ 3-3 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਦੋਸ਼ੀਆਂ ਵਿਚ ਰਾਹੁਲ ਬਾਂਸਲ ਪੁੱਤਰ ਸਰਜੰਗ ਬਾਂਸਲ, ਸਰਜੰਗ ਬਾਂਸਲ ਪੁੱਤਰ ਗੋਰਾ ਲਾਲ ਅਤੇ ਰਾਜ ਰਾਣੀ ਪਤਨੀ ਸਰਜੰਗ ਬਾਂਸਲ ਸ਼ਾਮਲ ਹਨ, ਜਿਹੜੇ ਬਰਨਾਲਾ ਦੇ ਰਹਿਣ ਵਾਲੇ ਹਨ।
ਕੇਸ ਦੀ ਪਿਛੋਕੜ
ਇਹ ਕੇਸ ਤਰੁਣ ਬਾਂਸਲ ਪੁੱਤਰ ਮਹਿੰਦਰ ਕੁਮਾਰ ਬਾਂਸਲ ਸਕੱਤਰ ਮੈਸ: ਦੇਵਤਾ ਰਾਈਸ ਗ੍ਰਾਮ ਉਦਯੋਗ ਸੰਮਤੀ ਬਰਨਾਲਾ ਵੱਲੋਂ ਦਰਜ ਕਰਵਾਇਆ ਗਿਆ ਸੀ। ਸ਼ਿਕਾਇਤਕਰਤਾ ਦੇ ਮੁਤਾਬਕ ਦੋਸ਼ੀਆਂ ਨੇ 1 ਸਤੰਬਰ 2011 ਤੋਂ 31 ਅਗਸਤ 2012 ਤੱਕ ਰਾਹੁਲ ਬਾਂਸਲ ਅਤੇ ਦੂਜੇ ਦੋਸ਼ੀਆਂ ਨੇ ਮੈਸ: ਦੇਵਤਾ ਰਾਈਸ ਗ੍ਰਾਮ ਉਦਯੋਗ ਸੰਮਤੀ ਤੋਂ ਕੇਸ਼ਵ ਰਾਈਸ ਮਿੱਲ ਦੇ ਨਾਂ 'ਤੇ 28660 ਬੋਰੀਆਂ (10031 ਕੁਇੰਟਲ) ਚਾਵਲ ਮਿਲਿੰਗ ਲਈ ਲੀਜ਼ ਤੇ ਲਿਆ। ਦੋਸ਼ੀਆਂ ਨੇ 67 ਫੀਸਦੀ ਦੇ ਹਿਸਾਬ ਨਾਲ 6720.77 ਕੁਇੰਟਲ ਚਾਵਲ ਮੁਹੱਈਆ ਕਰਨਾ ਸੀ ਪਰ ਸਿਰਫ਼ 3780 ਬੋਰੀਆਂ (1885.70 ਕੁਇੰਟਲ) ਚਾਵਲ ਹੀ ਵਾਪਸ ਕੀਤੇ। ਬਾਕੀ 4835.07 ਕੁਇੰਟਲ ਚਾਵਲ ਦਾ ਭੁਗਤਾਨ ਨਾ ਕਰਕੇ ਦੋਸ਼ੀਆਂ ਨੇ ਧੋਖਾਧੜੀ ਕਰਦੇ ਹੋਏ ਮਹਿਕਮਾ ਪੰਜਾਬ ਐਗਰੋ ਫੂਡ ਗਰੇਨ ਨੂੰ 1 ਕਰੋੜ 3 ਲੱਖ 96 ਹਜ਼ਾਰ 518 ਰੁਪਏ ਦਾ ਚੂਨਾ ਲਗਾਇਆ।
ਕੇਸ ਦੀ ਜਾਂਚ
ਕੇਸ ਦੀ ਜਾਂਚ ਦੌਰਾਨ ਤਰੁਣ ਬਾਂਸਲ ਦੇ ਬਿਆਨਾਂ 'ਤੇ 14 ਮਾਰਚ 2014 ਨੂੰ ਬਰਨਾਲਾ ਥਾਣੇ ਵਿਚ ਮੁਕੱਦਮਾ ਨੰਬਰ 59, ਧਾਰਾ 420, 467, 468, 471 ਅਤੇ 120ਬੀ ਆਈ.ਪੀ.ਸੀ ਦੇ ਤਹਿਤ ਦਰਜ ਕੀਤਾ ਗਿਆ। ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਦਿਆਂ ਅਦਾਲਤ ਵਿੱਚ ਚਲਾਨ ਪੇਸ਼ ਕੀਤਾ। ਸਥਾਨਕ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਫ਼ੌਜਦਾਰੀ ਵਕੀਲ ਹਰਿੰਦਰ ਪਾਲ ਸਿੰਘ ਰਾਣੂੰ ਨੇ ਅਦਾਲਤ ਵਿਚ ਦੋਸ਼ੀਆਂ ਵਿਰੁੱਧ ਪੱਖ ਦਰਸਾਇਆ। ਵਕੀਲ ਦੀਆਂ ਦਲੀਲਾਂ ਨੂੰ ਸਵੀਕਾਰ ਕਰਦੇ ਹੋਏ ਜੁਡੀਸ਼ਅਲ ਮੈਜਿਸਟ੍ਰੇਟ ਫਸਟ ਕਲਾਸ ਅਜੇ ਮਿੱਤਲ ਨੇ ਦੋਸ਼ੀਆਂ ਨੂੰ 3-3 ਸਾਲ ਦੀ ਕੈਦ ਦੀ ਸਜ਼ਾ ਅਤੇ 5-5 ਹਜ਼ਾਰ ਰੁਪਏ ਜੁਰਮਾਨਾ ਭਰਨ ਦੇ ਹੁਕਮ ਦਿੱਤੇ।
ਫਿਰੋਜ਼ਪੁਰ 'ਚ ਵੱਡੀ ਵਾਰਦਾਤ, ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ
NEXT STORY