ਹੁਸ਼ਿਆਰਪੁਰ, (ਅਮਰਿੰਦਰ)- ਬੀਤੀ ਰਾਤ ਚੱਲੀ ਤੇਜ਼ ਹਨੇਰੀ ਦੌਰਾਨ ਬਜਵਾੜਾ ਪਿੰਡ 'ਚ ਇਕ ਮੋਬਾਇਲਾਂ ਦੀ ਦੁਕਾਨ ਦਾ ਛੱਜਾ ਤੇ ਫਲੈਕਸ ਡਿੱਗਣ ਨਾਲ ਉਸ ਦੀ ਲਪੇਟ 'ਚ ਆ ਕੇ 28 ਸਾਲਾ ਔਰਤ ਰੀਨਾ ਕੁਮਾਰੀ ਪਤਨੀ ਰਮਨਜੀਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਉਸ ਨੂੰ ਜ਼ਖ਼ਮੀ ਹਾਲਤ 'ਚ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦਿਆਂ ਹੀ ਥਾਣਾ ਸਦਰ 'ਚ ਤਾਇਨਾਤ ਏ. ਐੱਸ. ਆਈ. ਸਤਨਾਮ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ।
ਸਿਵਲ ਹਸਪਤਾਲ ਵਿਚ ਮ੍ਰਿਤਕਾ ਰੀਨਾ ਕੁਮਾਰੀ ਦੇ ਪਤੀ ਰਮਨਜੀਤ ਸਿੰਘ ਅਤੇ ਭਰਾ ਪਵਨ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਾਮੀਂ ਜਦੋਂ ਹਨੇਰੀ ਚੱਲ ਰਹੀ ਸੀ ਤਾਂ ਰੀਨਾ ਮੋਬਾਇਲ ਰੀ-ਚਾਰਜ ਕਰਵਾਉਣ ਲਈ ਗਈ ਹੋਈ ਸੀ। ਉਕਤ ਦੁਕਾਨ 'ਚੋਂ ਮੋਬਾਇਲ ਰੀ-ਚਾਰਜ ਕਰਵਾਉਣ ਉਪਰੰਤ ਜਦੋਂ ਉਹ ਬਾਹਰ ਨਿਕਲੀ ਤਾਂ ਇਸ ਦੌਰਾਨ ਦੁਕਾਨ ਉੱਪਰ 4 ਇੰਚ ਵਾਲੇ ਛੱਜੇ ਦੀ ਕੰਧ 'ਚ ਲੱਗਾ ਮੋਬਾਇਲ ਕੰਪਨੀ ਦਾ ਫਲੈਕਸ ਅਤੇ ਛੱਜੇ ਦਾ ਮਲਬਾ ਰੀਨਾ ਕੁਮਾਰੀ 'ਤੇ ਆ ਡਿੱਗਿਆ।
ਰਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 2012 ਵਿਚ ਪਿੰਜੌਰ 'ਚ ਹੋਇਆ ਸੀ ਅਤੇ ਰੀਨਾ ਦੇ ਮਾਤਾ-ਪਿਤਾ ਇਸ ਸਮੇਂ ਜਰਮਨ 'ਚ ਰਹਿ ਰਹੇ ਹਨ। ਬੇਟੀ ਦੀ ਮੌਤ ਦੀ ਖ਼ਬਰ ਸੁਣ ਕੇ ਉਹ ਬਜਵਾੜਾ ਆ ਰਹੇ ਹਨ। ਉਸ ਨੇ ਦੱਸਿਆ ਕਿ ਉਹ ਇਕ ਸਾਲ ਪਹਿਲਾਂ ਹੀ ਦੁਬਈ ਗਿਆ ਸੀ। ਰੀਨਾ ਆਪਣੇ ਪਿੱਛੇ 5 ਸਾਲ ਦਾ ਬੇਟਾ ਛੱਡ ਗਈ ਹੈ। ਇਸ ਸਬੰਧੀ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਕੀਤੀ ਆਤਮਹੱਤਿਆ
NEXT STORY