ਜਲਾਲਾਬਾਦ (ਆਦਰਸ਼, ਜਤਿੰਦਰ) : ਥਾਣਾ ਅਮੀਰ ਖਾਸ ਦੇ ਅਧੀਨ ਪੈਂਦੇ ਪਿੰਡ ਚੱਕ ਬੂਰ ਵਾਲਾ ’ਚ ਆਟਾ ਚੱਕੀ ਸੰਚਾਲਕ ਮਹਿਲਾ ਵੱਲੋਂ ਆਪਣੀ ਦੁਕਾਨ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੀ ਰੰਜਿਸ਼ ਦੇ ਚੱਲਦੇ ਤਿੰਨ ਨੌਜਵਾਨਾਂ ਵੱਲੋਂ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ ਗਿਆ। ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਔਰਤ ਕ੍ਰਿਸ਼ਨਾ ਰਾਣੀ ਪਤਨੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ’ਚ ਸਥਿਤ ਆਪਣੀ ਆਟਾ ਚੱਕੀ ਸਣੇ ਘਰ ਦੀ ਸੁਰੱਖਿਆ ਲਈ ਸੀ. ਸੀ. ਟੀ. ਵੀ. ਕੈਮਰੇ ਲਗਵਾਏ ਗਏ ਸਨ ਪਰ ਗੁਆਂਢ ’ਚ ਰਹਿਣ ਵਾਲੇ ਨੌਜਵਾਨ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ। ਉਨ੍ਹਾਂ ਨੂੰ ਕੈਮਰੇ ਲਗਵਾਉਣ ਦੀ ਗੱਲ ਹਜਮ ਨਹੀਂ ਹੋ ਰਹੀ ਸੀ, ਜਿਸ ਦੀ ਰੰਜਿਸ਼ ਦੇ ਚੱਲਦੇ ਬੀਤੀ 3 ਜਨਵਰੀ ਦੀ ਦੇਰ ਸ਼ਾਮ ਨੂੰ 6 ਵਜੇ ਨੌਜਵਾਨਾਂ ਵੱਲੋਂ ਘਰ ’ਚ ਵੜ੍ਹ ਕੇ ਮੇਰੀ ਬੇਟੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਘਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੋੜ ਦਿੱਤੇ ਗਏ ਅਤੇ ਮੇਰੀ ਲੜਕੀ ਨੇ ਬੜੀ ਮੁਸ਼ਕਿਲ ਦੇ ਨਾਲ ਜਾਨ ਬਚਾਈ। ਜ਼ਖਮੀ ਔਰਤ ਨੇ ਕਿਹਾ ਕਿ ਜਦੋਂ ਉਹ ਆਪਣੀ ਆਟਾ ਚੱਕੀ ’ਤੇ ਮੌਜੂਦ ਸੀ ਤਾਂ ਨੌਜਵਾਨ ਰੰਜਿਸ਼ ਕੱਢਣ ਲਈ ਜ਼ਬਰਦਸਤੀ ਚੱਕੀ ’ਚ ਦਾਖ਼ਲ ਹੋਏ, ਜਿਨ੍ਹਾਂ ਵੱਲੋਂ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਮੇਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਇਸ ਦੇ ਨਾਲ ਹੀ ਗੱਲੇ ’ਚ ਪਈ 1 ਲੱਖ 16 ਹਜ਼ਾਰ ਰੁਪਏ ਦੀ ਨਕਦੀ ਦੀ ਲੁੱਟ ਲਈ। ਮਹਿਲਾ ਨੇ ਆਖਿਆ ਕਿ ਘਟਨਾ ਨੂੰ ਅੰਜਾਮ ਦੇਣ ਸਮੇਂ ਹਮਲਾਵਾਰਾਂ ਵੱਲੋਂ ਆਪਣੇ ਸਬੂਤ ਖੁਰਦ-ਬੁਰਦ ਕਰਨ ਦੇ ਲਈ ਡੀ. ਵੀ. ਆਰ. ਵੀ ਤੋੜ ਦਿੱਤਾ ਗਿਆ। ਜ਼ਖਮੀ ਮਹਿਲਾ ਸਣੇ ਉਸ ਦੀ ਧੀ ਮਨਪ੍ਰੀਤ ਕੌਰ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਮਾਮਲੇ ਸਬੰਧੀ ਜਦੋਂ ਥਾਣਾ ਅਮੀਰ ਖਾਸ ਦੇ ਐੱਸ. ਐੱਚ. ਓ. ਜੁਗਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਖਮੀ ਔਰਤ ਕ੍ਰਿਸ਼ਨਾ ਰਾਣੀ ’ਤੇ ਹਮਲਾ ਹੋਣ ਦੀ ਜਾਣਕਾਰੀ ਥਾਣਾ ਮੌਸੂਲ ਹੋਈ ਹੈ। ਜ਼ਖਮੀ ਔਰਤ ਦੇ ਬਿਆਨ ਦਰਜ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ।
ਵੱਡੀ ਖ਼ਬਰ: ਪਠਾਨਕੋਟ 'ਚ ISI ਦਾ 15 ਸਾਲਾ ਜਾਸੂਸ ਗ੍ਰਿਫ਼ਤਾਰ
NEXT STORY