ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼,ਮੋਮੀ)— ਪਿੰਡ ਤਲਵੰਡੀ ਡੱਡੀਆਂ 'ਚ ਤਲਾਕ ਦੀ ਰੰਜਿਸ਼ ਨੂੰ ਲੈ ਕੇ ਇਕ ਔਰਤ ਵੱਲੋਂ ਆਪਣੇ ਪਰਿਵਾਰ ਦੀ ਮਦਦ ਨਾਲ ਆਪਣੇ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਘਰ 'ਚ ਦਾਖਲ ਹੋ ਕੇ ਕੁੱਟਮਾਰ ਕਰ ਦਿੱਤੀ। ਪੁਲਸ ਨੇ ਮਾਰਕੁੱਟ ਦਾ ਸ਼ਿਕਾਰ ਹੋਏ ਪਰਵਾਸੀ ਭਾਰਤੀ ਪਵਨ ਕੁਮਾਰ ਦੀ ਮਾਤਾ ਵਿੱਦਿਆ ਦੇਵੀ ਪਤਨੀ ਇਕਬਾਲ ਰਾਮ ਦੇ ਬਿਆਨ ਦੇ ਆਧਾਰ 'ਤੇ ਉਸ ਦੀ ਪਤਨੀ ਰੂਪਾ ਪੁੱਤਰੀ ਸੁਰਿੰਦਰ ਪਾਲ ਅਤੇ ਉਸ ਦੇ ਸਹੁਰਾ ਪਰਿਵਾਰ ਨਾਲ ਸਬੰਧਤ ਹੋਰ ਰਿਸ਼ਤੇਦਾਰਾਂ ਸਾਗਰ ਪੁੱਤਰ ਸੁਰਿੰਦਰਪਾਲ, ਸੁਰਿੰਦਰ ਪਾਲ ਪੁੱਤਰ ਮੁਨਸ਼ੀ ਰਾਮ, ਭਿੰਦਰ ਪੁੱਤਰ ਕਿਸ਼ਨ ਰਾਮ, ਦਾਨਿਸ਼ ਪੁੱਤਰ ਅਵਤਾਰ, ਪ੍ਰੀਤੀ, ਬਲਕਾਰ ਰਾਮ, ਰਾਣੀ ਪਤਨੀ ਬਲਕਾਰ ਰਾਮ, ਕਿਸ਼ਨ ਪੁੱਤਰ ਖੁਸ਼ੀਆ ਰਾਮ, ਵਿੱਕੀ ਪਤਨੀ ਸੁਰਿੰਦਰ ਪਾਲ ਅਤੇ ਬਿੱਲਾ ਦੇ ਖਿਲਾਫ ਦਰਜ ਕੀਤਾ ਹੈ ।
ਕੀ ਹੈ ਮਾਮਲਾ
ਟਾਂਡਾ ਪੁਲਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ 'ਚ ਪ੍ਰਵਾਸੀ ਭਾਰਤੀ ਦੀ ਮਾਂ ਵਿਦਿਆ ਦੇਵੀ ਨੇ ਦੱਸਿਆ ਕਿ ਉਸ ਦੇ ਪੁੱਤਰ ਪਵਨ ਕੁਮਾਰ ਦਾ ਵਿਆਹ ਪਿੰਡ ਨਿਵਾਸੀ ਹੀ ਪੰਜਾਬ ਪੁਲਸ 'ਚ ਕਾਂਸਟੇਬਲ ਰੂਪਾਂ ਨਾਲ 31 ਜਨਵਰੀ 2018 ਨੂੰ ਹੋਇਆ ਸੀ। ਵਿਆਹ ਤੋਂ 20 ਦਿਨ ਬਾਅਦ ਉਸ ਦਾ ਬੇਟਾ ਪੈਰਿਸ ਵਾਪਸ ਚਲਾ ਗਿਆ ਅਤੇ ਕਪੂਰਥਲਾ ਨੌਕਰੀ ਕਰਨ ਵਾਲੀ ਉਸ ਦੀ ਨੂੰਹ ਇਸ ਤੋਂ ਬਾਅਦ ਜ਼ਿਆਦਾਤਰ ਆਪਣੇ ਪੇਕੇ ਘਰ ਹੀ ਰਹੀ। ਬਾਅਦ 'ਚ ਉਸ ਦਾ ਆਪਣੇ ਪਤੀ ਨਾਲ ਅਣਬਣ ਰਹਿਣ ਲੱਗੀ। ਜਿਸ ਦੇ ਚੱਲਦਿਆਂ 5 ਅਗਸਤ 2019 ਨੂੰ ਦੋਹਾਂ ਦਾ ਪੰਚਾਇਤੀ ਤਲਾਕ ਹੋ ਗਿਆ।
ਇਸ ਦੌਰਾਨ ਪਿੰਡ ਦੇ ਪਤਵੰਤਿਆਂ ਨੇ ਦੋਹਾਂ ਨੂੰ ਹਦਾਇਤ ਕੀਤੀ ਕਿ ਇਕ-ਦੂਜੇ ਨੂੰ ਕੋਈ ਧਮਕੀ ਨਹੀਂ ਦੇਣੀ ਹੈ। ਇਸ ਦੇ ਬਾਵਜੂਦ ਉਸ ਦੀ ਨੂੰਹ ਦਾ ਪਰਿਵਾਰ ਉਸ ਦੇ ਪੁੱਤਰ ਪਵਨ ਕੁਮਾਰ ਦਾ ਨੁਕਸਾਨ ਕਰਨ ਦੀ ਧਮਕੀਆਂ ਦਿੰਦੀ ਰਹੀ। ਹੁਣ ਉਸ ਦਾ ਬੇਟਾ 21 ਫਰਵਰੀ 2020 ਨੂੰ ਵਿਦੇਸ਼ ਤੋਂ ਘਰ ਆਇਆ ਹੈ। ਜਦੋਂ ਉਹ ਬੀਤੇ ਦਿਨੀਂ ਆਪਣੀ ਹਵੇਲੀ ਵਿੱਚ ਸਬਜ਼ੀਆਂ ਬੀਜ ਰਿਹਾ ਸੀ ਤਾਂ ਉਸ ਦੀ ਪਤਨੀ ਰੂਪਾ, ਸਾਗਰ ਅਤੇ ਸੁਰਿੰਦਰ ਪਾਲ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਬਾਅਦ 'ਚ ਉਕਤ ਸਾਰੇ ਮੁਲਜ਼ਮਾਂ ਨੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਉਸ ਦੇ ਪਤੀ ਸਣੇ ਉਨ੍ਹਾਂ ਦੇ ਰਿਸ਼ਤੇਦਾਰ ਬਲਦੇਵ ਰਾਜ ਦੀ ਵੀ ਖਿੱਚ-ਧੂਹ ਕਰਦਿਆਂ ਕੁੱਟਮਾਰ ਕੀਤੀ।
ਵਿੱਦਿਆ ਦੇਵੀ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਕਤ ਮੁਲਜ਼ਮ ਉਨ੍ਹਾਂ ਨੂੰ ਇਹ ਲਲਕਾਰਾ ਮਾਰ ਕੇ ਕਹਿ ਰਹੇ ਸਨ ਕਿ ਤੁਹਾਨੂੰ ਤਲਾਕ ਲੈਣ ਦਾ ਮਜ਼ਾ ਦਿੰਦੇ ਹਾਂ। ਟਾਂਡਾ ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਰਣਜੀਤ ਸਿੰਘ ਮਾਮਲੇ ਦੀ ਤਫਤੀਸ਼ ਕਰ ਰਹੇ ਹਨ।
ਦਾਲਾਂ ਘੱਟ ਵੰਡਣ ਦੀ ਸ਼ਿਕਾਇਤ 'ਤੇ ਰਾਸ਼ਨ ਡਿਪੂ 'ਤੇ ਮਾਰਿਆ ਗਿਆ ਛਾਪਾ
NEXT STORY