ਮੱਲ੍ਹੀਆਂ ਕਲਾਂ/ਮਲਸੀਆਂ, (ਟੁੱਟ, ਤ੍ਰੇਹਨ)- ਪਿੰਡ ਕੋਟਲਾ ਹੇਰਾਂ ਜਲੰਧਰ ਦੀ ਇਕ ਔਰਤ ਦੀ ਸੰਖੇਪ ਜਿਹੀ ਬੀਮਾਰੀ ਮਗਰੋਂ ਮੌਤ ਹੋ ਗਈ ਸੀ, ਜੋ ਕਿ ਅੱਜ ਆਈ ਜਾਂਚ ਰਿਪੋਰਟ ਦੌਰਾਨ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਈ ਗਈ ਹੈ, ਜਿਸ ਨਾਲ ਪੂਰੇ ਇਲਾਕੇ ਵਿਚ ਸਨਸਨੀ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਦੌਰਾਨ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਕੋਟਲਾ ਹੇਰਾਂ ਜਲੰਧਰ ਦੀ ਔਰਤ ਕੁਲਜੀਤ ਕੌਰ (50) ਪਤਨੀ ਮਲਕੀਤ ਸਿੰਘ, ਜੋ ਕਿ ਬੁਖਾਰ ਅਤੇ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ, ਜਿਸ ਨੂੰ ਪਹਿਲਾਂ ਤਲਵਾੜ ਹਸਪਤਾਲ ਜਲੰਧਰ ਅਤੇ ਉਸ ਉਪਰੰਤ ਦੋਆਬਾ ਹਸਪਤਾਲ ਤੇ ਫਿਰ ਇਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ, ਜਿੱਥੇ ਇਸ ਦੀ 9 ਅਪ੍ਰੈਲ 2 ਵਜੇ ਰਾਤ ਨੂੰ ਮੌਤ ਹੋ ਗਈ ਅਤੇ ਪਰਿਵਾਰ ਵੱਲੋਂ ਇਸ ਦਾ ਸਸਕਾਰ 10 ਅਪ੍ਰੈਲ ਨੂੰ ਕਰ ਦਿੱਤਾ ਗਿਆ।
ਹਸਪਤਾਲ ਵੱਲੋਂ ਇਸ ਔਰਤ ਦੀ ਮੌਤ ਉਪਰੰਤ ਜਾਂਚ ਕੀਤੀ ਗਈ ਤਾਂ ਇਹ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਈ ਗਈ, ਜਿਸ 'ਤੇ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਵਿਸ਼ੇਸ਼ ਕਦਮ ਚੁੱਕਦਿਆਂ ਸਾਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਪੂਰੇ ਪਿੰਡ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਇਸ ਦੀ ਜਾਂਚ ਆਰੰਭ ਦਿੱਤੀ ਗਈ ਹੈ ਕਿ ਉਕਤ ਔਰਤ ਕਿਵੇਂ ਕੋਰੋਨਾ ਪਾਜ਼ੇਟਿਵ ਹੋਈ ਅਤੇ ਜੋ ਵੀ ਲੋਕ ਇਸ ਦੇ ਸੰਪਰਕ ਵਿਚ ਸਨ, ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਡਿਟੇਲ ਪ੍ਰਾਪਤ ਕੀਤੀ ਜਾ ਰਹੀ ਹੈ।
ਇਥੇ ਵਰਣਨਯੋਗ ਹੈ ਕਿ ਮ੍ਰਿਤਕ ਔਰਤ ਦੀ ਲੜਕੀ ਦਾ ਵਿਆਹ 18 ਮਾਰਚ ਨੂੰ ਸੀ, ਜਿਸ ਦੇ ਵਿਆਹ 'ਤੇ ਉਸ ਦਾ ਪਤੀ ਮਲਕੀਤ ਸਿੰਘ ਦੁਬਈ ਤੋਂ ਆਇਆ ਸੀ ਅਤੇ ਇਕ ਬੇਟੀ ਇਟਲੀ ਤੋਂ ਆਈ ਹੋਈ ਸੀ, ਜਦਕਿ ਉਸ ਦਾ ਇਕ ਬੇਟਾ ਕੈਨੇਡਾ ਵਿਚ ਹੈ। ਇਸ ਵਿਆਹ 'ਤੇ ਮਲਕੀਤ ਸਿੰਘ ਦੇ ਮਾਤਾ-ਪਿਤਾ ਵੀ ਇੰਗਲੈਂਡ ਤੋਂ ਆਏ ਹੋਏ ਸਨ। ਇਸ ਦਾ ਪਤਾ ਲੱਗਦਿਆਂ ਹੀ ਪੁਲਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਪਿੰਡ ਵਿਚ ਪੁੱਜ ਗਈਆਂ ਹਨ। ਐੱਸ. ਐੱਮ. ਓ. ਸ਼ਾਹਕੋਟ ਡਾਕਟਰ ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਕਰੀਬ ਚਾਰ ਕੁ ਵਜੇ ਸਿਵਲ ਹਸਪਤਾਲ ਜਲੰਧਰ ਵੱਲੋਂ ਇਹ ਪੁਸ਼ਟੀ ਕੀਤੀ ਗਈ ਕਿ 9 ਅਪ੍ਰੈਲ ਨੂੰ ਮ੍ਰਿਤਕਾ ਦੇ ਕੋਰੋਨਾ ਟੈਸਟ ਲਈ ਸੈਂਪਲ ਲੈ ਗਏ ਸਨ।
ਇਸ ਮੌਕੇ ਐੱਸ. ਡੀ. ਐੱਮ. ਸ਼ਾਹਕੋਟ ਸੰਜੀਵ ਕੁਮਾਰ ਸ਼ਰਮਾ, ਨਕੋਦਰ ਸਦਰ ਦੇ ਐੱਸ. ਐੱਚ. ਓ. ਸਿਕੰਦਰ ਸਿੰਘ, ਏ. ਸੀ. ਪੀ. ਨਕੋਦਰ ਵਤਸਲਾ ਗੁਪਤਾ, ਉੱਗੀ ਚੌਕੀ ਦੇ ਇੰਚਾਰਜ ਐੱਸ. ਆਈ. ਲਵਲੀਨ ਕੁਮਾਰ, ਤਹਿਸੀਲਦਾਰ ਪ੍ਰਦੀਪ ਕੁਮਾਰ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਪੁਲਸ ਪ੍ਰਸ਼ਾਸਨ ਪੁੱਜਾ ਹੋਇਆ ਸੀ, ਜਿਨ੍ਹਾਂ ਵੱਲੋਂ ਜਾਂਚ ਆਰੰਭ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕਾ ਦੇ ਸਸਕਾਰ ਸਮੇਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਸਨ।
ਤਬਲੀਗੀ ਜਮਾਤ ਦਾ ਨੌਜਵਾਨ ਕੋਰੋਨਾ ਪਾਜ਼ੇਟਿਵ, ਡੇਢ ਦਰਜਨ ਤੋਂ ਵੱਧ ਪਿੰਡ ਕੀਤੇ ਸੀਲ
NEXT STORY