ਨਵਾਂਸ਼ਹਿਰ (ਤ੍ਰਿਪਾਠੀ)— ਥਾਣਾ ਕਾਠਗੜ੍ਹ ਦੇ ਸੁੱਦਾ ਮਾਜਰਾ ਵਿਖੇ ਹੋਏ ਜਨਾਨੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਸ ਨੇ ਕਤਲ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੰਦੇ ਐੱਸ. ਪੀ. (ਜਾਂਚ) ਵਜੀਰ ਸਿੰਘ ਖਹਿਰਾ ਨੇ ਦੱਸਿਆ ਕਿ ਬੀਤੀ 25 ਅਪ੍ਰੈਲ ਨੂੰ ਦਿਨ-ਦਿਹਾੜੇ ਜਨਾਨੀ ਦੇ ਹੋਏ ਕਤਲ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸ. ਐੱਸ. ਪੀ. ਅਲਕਾ ਮੀਨਾ ਵੱਲੋਂ ਉਨ੍ਹਾਂ ਦੀ ਨਿਗਰਾਨੀ 'ਚ ਡੀ. ਐੱਸ. ਪੀ. (ਜਾਂਚ) ਹਰਜੀਤ ਸਿੰਘ, ਡੀ. ਐੱਸ. ਪੀ. ਬਲਾਚੌਰ ਦਵਿੰਦਰ ਸਿੰਘ, ਸੀ. ਆਈ. ਏ. ਇੰਚਾਰਜ ਇੰਸਪੈਕਟਰ ਦਲਵੀਰ ਸਿੰਘ ਅਤੇ ਥਾਣਾ ਐੱਸ. ਐੱਚ. ਓ. ਐੱਸ. ਆਈ. ਪਰਮਿੰਦਰ ਸਿੰਘ 'ਤੇ ਆਧਾਰਿਤ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਦੋ ਹਜ਼ਾਰ ਨਾ ਦੇ ਸਕੀ ਤਾਂ ਕਰ ਦਿੱਤਾ ਜਨਾਨੀ ਦਾ ਕਤਲ
ਐੱਸ. ਪੀ. ਖਹਿਰਾ ਨੇ ਦੱਸਿਆ ਕਿ ਪੁਲਸ ਨੇ ਜਦੋਂ ਮ੍ਰਿਤਕਾ ਦੇ ਸੰਪਰਕ ਵਾਲੇ ਲੋਕਾਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਤਾਂ ਪੁਲਸ ਨੂੰ ਇਸ ਗੱਲ ਦਾ ਖੁਲਾਸਾ ਹੋਇਆ ਕਿ ਪੇਂਟਰ ਦਾ ਕੰਮ ਕਰਨ ਵਾਲਾ ਅਮਰੀਕ ਸਿੰਘ ਉਰਫ ਮੀਕਾ ਪੁੱਤਰ ਮੰਗਲ ਸਿੰਘ ਵਾਸੀ ਸੁੱਦਾ ਮਾਜਲਾ ਜੋ ਆਪਣੀ ਪਤਨੀ ਨਾਲ ਘਰੇਲੂ ਝਗੜੇ ਦੇ ਚੱਲਦੇ 8-10 ਸਾਲਾਂ ਤੋਂ ਵੱਖ ਰਹਿ ਰਿਹਾ ਸੀ, ਦਾ ਮ੍ਰਿਤਕਾ ਨਰਿੰਦਰ ਕੌਰ ਦਾ ਜਸਵਿੰਦਰ ਦੇ ਘਰ ਕਾਫੀ ਆਉਣਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਨੇ ਕਥਿਤ ਹੱਤਿਆਰੇ ਅਮਰੀਕ ਸਿੰਘ ਤੋਂ 2 ਘਰੇਲੂ ਲੋੜਾਂ ਦੀ ਪੂਰਤੀ ਲਈ 2 ਹਜ਼ਾਰ ਰੁਪਏ ਉਧਾਰ ਲਏ ਸਨ ਅਤੇ ਹੱਤਿਆਰਾ ਉਪਰੋਕਤ ਰਕਮ ਲੈਣ ਦੇ ਬਹਾਨੇ ਹੀ ਮ੍ਰਿਤਕਾ ਦੇ ਘਰ ਦੇ ਵਾਰ-ਵਾਰ ਚੱਕਰ ਲਾਉਂਦਾ ਸੀ ਜਦਕਿ ਮ੍ਰਿਤਕਾ ਉਪਰੋਕਤ ਰਕਮ ਨੂੰ ਵਾਪਸ ਨਹੀਂ ਕਰ ਸਕੀ।
ਇੰਝ ਦਿੱਤਾ ਘਟਨਾ ਨੂੰ ਅੰਜਾਮ
ਐੱਸ. ਪੀ. ਖਹਿਰਾ ਨੇ ਦੱਸਿਆ ਕਿ ਘਟਨਾ ਦੇ ਦਿਨ ਹੱਤਿਆਰਾ ਅਮਰੀਕ ਸਿੰਘ ਮ੍ਰਿਤਕਾ ਦੇ ਘਰ ਦੇ ਕੋਲ ਹੀ ਇਕ ਕਿਸਾਨ ਦੇ ਖੇਤਾਂ 'ਚ ਕਟਾਈ ਕਰ ਰਿਹਾ ਸੀ। ਉਸ ਨੇ ਦੇਖਿਆ ਕਿ ਮ੍ਰਿਤਕਾ ਦਾ ਲੜਕਾ ਜੋ ਬੋਲਣ ਅਤੇ ਸੁਨਣ 'ਚ ਅਸਮਰਥ ਹੈ, ਘਰ ਦੇ ਬਾਹਰ ਖੇਤਾਂ 'ਚ ਖੜ੍ਹਾ ਹੈ ਅਤੇ ਉਸ ਦਾ ਪਤੀ ਦੂਜੇ ਪਿੰਡ 'ਚ ਕਣਕ ਦੀ ਕਟਾਈ ਲਈ ਗਿਆ ਹੋਇਆ ਹੈ। ਇਸ ਦੌਰਾਨ ਅਮਰੀਕ ਸਿੰਘ ਗਲਤ ਸੋਚ ਨੂੰ ਲੈ ਕੇ ਮ੍ਰਿਤਕਾ ਦੇ ਘਰ ਗਿਆ ਪਰ ਮ੍ਰਿਤਕਾ ਵੱਲੋਂ ਉਸ ਦੀ ਸੋਚ ਦਾ ਕੜਾ ਵਿਰੋਧ ਕਰਨ 'ਤੇ ਕਥਿਤ ਹੱਤਿਆ ਦੋਸ਼ੀ ਨੇ ਆਪਣੀ ਬਦਨਾਮੀ ਦੇ ਚੱਲਦੇ ਨਰਿੰਦਰ ਕੌਰ ਦਾ ਵਿਹੜੇ 'ਚ ਪਈ ਪਲਾਸਟਿਕ ਦੀ ਰੱਸੀ ਨਾਲ ਗਲਾ ਘੁੱਟ ਦਿੱਤਾ। ਐੱਸ. ਪੀ. ਖਹਿਰਾ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਪਤੀ ਜਸਵਿੰਦਰ ਦੀ ਸ਼ਿਕਾਇਤ 'ਤੇ ਹੱਤਿਆ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ। ਇਸ ਮੌਕੇ ਐੱਸ. ਪੀ. ਹਰਜੀਤ ਸਿੰਘ ਅਤੇ ਦਵਿੰਦਰ ਸਿੰਘ, ਸੀ. ਆਈ. ਏ. ਇੰਚਾਜਰ ਦਲਵੀਰ ਸਿੰਘ ਅਤੇ ਐੱਸ. ਐੱਚ. ਓ. ਪਰਮਿੰਦਰ ਸਿੰਘ ਵੀ ਮੌਜੂਦ ਸਨ।
ਕਿਸਾਨਾਂ ਨੂੰ ਸਤਾ ਰਿਹਾ ਟਿੱਡੀ ਦਲ ਦੇ ਹਮਲੇ ਦਾ ਡਰ, ਪ੍ਰਸ਼ਾਸਨ ਨੇ ਦਿੱਤੀਆਂ ਖਾਸ ਹਿਦਾਇਤਾਂ
NEXT STORY