ਚੰਡੀਗੜ੍ਹ (ਸੁਸ਼ੀਲ ਰਾਜ) : ਚੰਡੀਗੜ੍ਹ ਪੁਲਸ 24 ਸਾਲਾ ਅਮਰੀਕੀ ਔਰਤ ਨਾਲ ਜਬਰ-ਜ਼ਿਨਾਹ ਦੇ ਮਾਮਲੇ 'ਚ ਦੋ ਫਰਾਂਸਿਸੀ ਡਾਕਟਰਾਂ ਦੀ ਗਵਾਹੀ ਦਿਵਾਉਣ 'ਚ ਨਾਕਾਮ ਰਹੀ ਹੈ। ਜ਼ਿਲ੍ਹਾ ਅਦਾਲਤ 'ਚ ਪਹਿਲੇ ਦਰਜੇ ਦੀ ਵਿਸ਼ੇਸ਼ ਅਦਾਲਤ ਦੀ ਜੱਜ ਸਵਾਤੀ ਸਹਿਗਲ ਨੇ ਪ੍ਰਾਸੀਕਿਊਸ਼ਨ ਪੱਖ ਦੇ ਸਬੂਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਅਹਿਮ ਟਿੱਪਣੀ ਕੀਤੀ ਹੈ ਕਿ ਬਿਨਾਂ ਕਿਸੇ ਠੋਸ ਜਾਣਕਾਰੀ ਜਾਂ ਕਾਰਨ ਦੇ ਕੇਸ ਨੂੰ ਮੁਅੱਤਲ ਨਹੀਂ ਕੀਤਾ ਜਾ ਸਕਦਾ। ਫਰਾਂਸ ਤੋਂ ਡਾ. ਕਲੇਮੇਂਸ ਕੇਰੋਏਨ (ਉਸ ਸਮੇਂ ਦੇ ਇੰਟਰਨ) ਅਤੇ ਡਾ. ਬੀ. ਪਾਂਡਵੇਨ ਦੇ ਬਿਆਨ ਵੀਡੀਓ ਕਾਨਫਰੰਸਿੰਗ (ਵੀ. ਸੀ.) ਰਾਹੀਂ ਰਿਕਾਰਡ ਕੀਤੇ ਜਾਣੇ ਸਨ। ਅਦਾਲਤ ਨੇ ਕਿਹਾ ਕਿ ਕੇਸ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਨ੍ਹਾਂ ਗਵਾਹਾਂ ਨੂੰ ਕੇਸ 'ਚ ਦਰਜ ਕਰਨ ਲਈ 30 ਸਤੰਬਰ ਤੋਂ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਦਿੱਤਾ ਗਿਆ ਹੈ। ਪ੍ਰਾਸੀਕਿਊਸ਼ਨ ਪੱਖ ਇਹ ਨਹੀਂ ਦੱਸ ਸਕਿਆ ਕਿ ਇਨ੍ਹਾਂ ਗਵਾਹਾਂ ਨੂੰ ਰਿਕਾਰਡ ਨਾ ਕਰਨ ਪਿੱਛੇ ਕੀ ਕਾਰਨ ਸੀ। ਇਸ ਦੇ ਨਾਲ ਹੀ ਅਦਾਲਤ ਨੂੰ ਇਹ ਯਕੀਨ ਨਹੀਂ ਹੋ ਸਕਿਆ ਕਿ ਉਨ੍ਹਾਂ ਦੇ ਬਿਆਨ ਕਿਸੇ ਸੰਭਾਵਿਤ ਮਿਤੀ ’ਤੇ ਦਰਜ ਕੀਤੇ ਜਾ ਸਕਦੇ ਹਨ।
ਗਵਾਹਾਂ ਸਬੰਧੀ ਕੋਈ ਜਾਣਕਾਰੀ ਨਹੀਂ
ਪ੍ਰਾਸੀਕਿਊਸ਼ਨ ਪੱਖ ਨੇ ਫਰਾਂਸ 'ਚ ਬੈਠੇ ਇਨ੍ਹਾਂ ਦੋ ਡਾਕਟਰਾਂ ਨੂੰ ਵੀ ਆਪਣੇ ਕੇਸ 'ਚ ਗਵਾਹ ਬਣਾਇਆ ਸੀ। ਤਕਰੀਬਨ ਇਕ ਸਾਲ ਤੋਂ ਪ੍ਰਾਸੀਕਿਊਸ਼ਨ ਪੱਖ ਉਸ ਦੀ ਗਵਾਹੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਸਫ਼ਲ ਰਿਹਾ। ਅਦਾਲਤ ਨੇ ਕਿਹਾ ਕਿ ਇਨ੍ਹਾਂ ਗਵਾਹਾਂ ਸਬੰਧੀ ਪੁਲਸ ਕੋਲ ਕੋਈ ਸੁਨੇਹਾ ਜਾਂ ਸੂਚਨਾ ਉਪਲੱਬਧ ਨਹੀਂ ਹੈ, ਜਿਸ ਦੇ ਆਧਾਰ ’ਤੇ ਉਹ 30 ਸਤੰਬਰ ਨੂੰ ਵੀਡੀਓ ਰਾਹੀਂ ਗਵਾਹੀ ਦਰਜ ਨਾ ਕਰਨ ਦਾ ਕਾਰਨ ਦੱਸ ਸਕਣਗੇ। ਅਦਾਲਤ ਨੇ ਕਿਹਾ ਕਿ ਇਨ੍ਹਾਂ ਗਵਾਹੀਆਂ ਨੂੰ ਦਰਜ ਕਰਨ ਦੇ ਮਾਪਦੰਡ ਹਰ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਦੂਰ ਕਰ ਕੇ ਪੂਰੇ ਕੀਤੇ ਗਏ ਹਨ।
ਭਾਰਤ ਘੁੰਮਣ ਆਈ ਸੀ ਵਿਦੇਸ਼ੀ ਔਰਤ
ਵਿਦੇਸ਼ੀ ਔਰਤ ਟੂਰਿਸਟ ਵੀਜ਼ੇ ’ਤੇ ਭਾਰਤ ਘੁੰਮਣ ਆਈ ਸੀ। ਉਹ ਹਰਿਦੁਆਰ ਅਤੇ ਰਿਸ਼ੀਕੇਸ਼ ਦਾ ਦੌਰਾ ਕਰਨ ਤੋਂ ਬਾਅਦ ਚੰਡੀਗੜ੍ਹ ਜਾਣਾ ਚਾਹੁੰਦੀ ਸੀ। ਚੰਡੀਗੜ੍ਹ ਤੋਂ ਬਾਅਦ ਉਸ ਨੂੰ ਫਰਾਂਸ ਜਾਣਾ ਪਿਆ। ਉਸ ਦੀ ਯਾਤਰਾ ਪੂਰੀ ਹੋਣ ’ਚ ਸਿਰਫ 4 ਦਿਨ ਬਾਕੀ ਸਨ। 17 ਅਪ੍ਰੈਲ 2015 ਦੀ ਰਾਤ ਨੂੰ ਉਸ ਨੇ ਸੈਕਟਰ-17 ਦੇ ਬੱਸ ਸਟੈਂਡ ਤੋਂ ਹੋਟਲ ਜਾਣ ਲਈ ਆਟੋ ਲਿਆ। ਹੋਟਲ 'ਚ ਕਮਰਾ ਨਾ ਮਿਲਣ ’ਤੇ ਆਟੋ ਚਾਲਕ ਬਲਦੇਵ ਉਸ ਨੂੰ ਆਪਣੇ ਨਾਲ ਖਰਡ਼ ਵਿਖੇ ਕਮਰੇ ਵਿਚ ਲੈ ਗਿਆ। ਔਰਤ ਦੇ ਇਲਜ਼ਾਮ ਅਨੁਸਾਰ ਬਲਦੇਵ ਦਾ ਇਕ ਸਾਥੀ ਪਹਿਲਾਂ ਹੀ ਘਰ 'ਚ ਮੌਜੂਦ ਸੀ, ਜਿੱਥੇ ਦੋਵਾਂ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਉਸ ਨੂੰ ਸੈਕਟਰ-43 (ਬੱਸ ਸਟੈਂਡ) ਵਿਖੇ ਉਤਾਰ ਦਿੱਤਾ।
ਫਰਾਂਸ ਤੋਂ ਈ-ਮੇਲ ਰਾਹੀਂ ਦਿੱਤੀ ਸ਼ਿਕਾਇਤ
ਪੀੜਤਾ ਫਰਾਂਸ ਪਹੁੰਚੀ ਅਤੇ ਉੱਥੋਂ ਅਗਸਤ 2015 ’ਚ ਈ-ਮੇਲ ਰਾਹੀਂ ਪੁਲਸ ਨੂੰ ਸ਼ਿਕਾਇਤ ਦਿੱਤੀ। ਉਸ ਨੇ ਸ਼ਿਕਾਇਤ ਦੇ ਨਾਲ ਪੈਰਿਸ 'ਚ ਆਪਣੀ ਮੈਡੀਕਲ ਜਾਂਚ ਦੀ ਰਿਪੋਰਟ ਵੀ ਭੇਜੀ ਸੀ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਬਲਦੇਵ ਨੂੰ 2017 ਵਿਚ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਸੀ।
ਜਲੰਧਰ ਦਾ ਇਹ ਇਲਾਕਾ ਬਣਿਆ ਪੁਲਸ ਛਾਉਣੀ, ਰਾਹ ਹੋਏ ਬੰਦ, ਦੇਖੋ ਤਣਾਅਪੂਰਨ ਮਾਹੌਲ ਦੀਆਂ ਤਸਵੀਰਾਂ
NEXT STORY