ਲੁਧਿਆਣਾ (ਰਾਮ) - ਪੰਜਾਬ ’ਚ ਲੰਬੇ ਸਮੇਂ ਤੋਂ ਬਕਾਇਆ ਡਰਾਈਵਿੰਗ ਲਾਇਸੈਂਸ ਮਾਮਲਿਆਂ ਨੂੰ ਨਜਿੱਠਣ ਲਈ ਟ੍ਰਾਂਸਪੋਰਟ ਵਿਭਾਗ ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਹੁਣ ਸੂਬੇ ਭਰ ਦੇ ਆਰ. ਟੀ. ਏ. ਦਫਤਰਾਂ ’ਚ ਡ੍ਰਾਈਵਿੰਗ ਲਾਇਸੈਂਸ ਦੇ ਬੈਕਲਾਗ ਨੂੰ ਪੂਰਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਵਿਭਾਗ ਦਾ ਨਿਸ਼ਾਨਾ ਹੈ ਕਿ ਅਗਲੇ 15 ਦਿਨਾਂ ਅੰਦਰ ਸਾਰੇ ਪੁਰਾਣੇ ਲਾਇਸੈਂਸਾਂ ਦਾ ਡਾਟਾ ਆਨਲਾਈਨ ਪੋਰਟਲ ’ਤੇ ਅਪਲੋਡ ਕਰ ਦਿੱਤਾ ਜਾਵੇਗਾ।
ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਈ ਸਾਲਾਂ ਤੋਂ ਜਿਨ੍ਹਾਂ ਲੋਕਾਂ ਦੇ ਲਾਇਸੈਂਸ ਰਿਕਾਰਡ ਡਿਜ਼ੀਟਲ ਪੋਰਟਲ ’ਤੇ ਅਪਡੇਟ ਨਹੀਂ ਸਨ, ਹੁਣ ਉਨ੍ਹਾਂ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਹਾ ਹੈ। ਇਨ੍ਹਾਂ ਸਾਰੇ ਪੁਰਾਣੇ ਰਿਕਾਰਡਸ ਨੂੰ ਸਾਰਥੀ ਪੋਰਟਲ ’ਤੇ ਅਪਲੋਡ ਕੀਤਾ ਜਾਵੇਗਾ, ਤਾਂ ਕਿ ਅੱਗੇ ਚੱਲ ਕੇ ਨਾਗਰਿਕਾਂ ਨੂੰ ਵੈਰੀਫਿਕੇਸ਼ਨ ਜਾਂ ਨਵੀਨੀਕਰਨ ਵਿਚ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਵਿਭਾਗੀ ਨਿਰਦੇਸਾਂ ਮੁਤਾਬਕ ਹਰ ਜ਼ਿਲੇ ਦੇ ਆਰ. ਟੀ. ਏ. ਅਤੇ ਐੱਸ. ਡੀ. ਐੱਮ. ਦਫਤਰਾਂ ਨੂੰ ਪੁਰਾਣੀਆਂ ਫਾਈਲਾਂ ਨੂੰ ਸਕੈਨ ਕਰ ਕੇ 15 ਦਿਨਾਂ ਅੰਦਰ ਪੋਰਟਲ ’ਤੇ ਪਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਜਲੰਧਰ ਅਤੇ ਬਠਿੰਡਾ ਵਰਗੇ ਵੱਡੇ ਜ਼ਿਲਿਆਂ ’ਚ ਇਸ ਪ੍ਰਕਿਰਿਆ ਲਈ ਵਾਧੂ ਸਟਾਫ ਦੀ ਡਿਊਟੀ ਲਗਾਈ ਗਈ ਹੈ।
ਵਿਭਾਗ ਦਾ ਕਹਿਣਾ ਹੈ ਕਿ ਇਹ ਕਦਮ ਡਿਜ਼ੀਟਲ ਟ੍ਰਾਂਸਪੋਰਟ ਸਿਸਟਮ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸੁਖਾਲਾ ਬਣਾਉਣ ਦੀ ਦਿਸ਼ਾ ਵਿਚ ਚੁੱਕਿਆ ਗਿਆ ਹੈ। ਪੁਰਾਣੇ ਲਾਇਸੈਂਸਧਾਰਕ ਹੁਣ ਬਿਨਾਂ ਆਰ. ਟੀ. ਓ. ਦਫਤਰ ਦੇ ਗੇੜੇ ਲਗਾਏ ਆਨਲਾਈਨ ਆਪਣੇ ਲਾਇਸੈਂਸ ਦੀ ਜਾਣਕਾਰੀ ਜਾਂ ਨਵੀਨੀਕਰਨ ਕਰ ਸਕਣਗੇ।
ਇਹ ਵੀ ਤੈਅ ਕੀਤਾ ਗਿਆ ਹੈ ਕਿ ਜਿਨ੍ਹਾਂ ਲਾਇਸੈਂਸਾਂ ਦੀ ਵੈਧਤਾ ਖਤਮ ਹੋ ਚੁੱਕੀ ਹੈ, ਉਨ੍ਹਾਂ ਨੂੰ ਨਵਿਆਉਣ ਤੋਂ ਬਾਅਦ ਤੁਰੰਤ ਆਨਲਾਈਨ ਅਪਡੇਟ ਕਰ ਦਿੱਤਾ ਜਾਵੇਗਾ। ਇਸ ਪਹਿਲ ਨਾਲ ਹਜ਼ਾਰਾਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ, ਜੋ ਆਪਣੇ ਪੁਰਾਣੇ ਰਿਕਾਰਡ ਕਾਰਨ ਨਵੇਂ ਲਾਇਸੈਂਸ ਜਾਂ ਰਿਨਿਊਅਲ ਵਿਚ ਪ੍ਰੇਸ਼ਾਨੀ ਝੱਲ ਰਹੇ ਸਨ।
ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਅਗਲੇ 2 ਹਫਤਿਅਾਂ ’ਚ ਪੂਰਾ ਡਾਟਾ ਆਨਲਾਈਨ ਆਉਣ ਤੋਂ ਬਾਅਦ ਡ੍ਰਾਈਵਿੰਗ ਲਾਇਸੈਂਸ ਨਾਲ ਜੁੜੀਆਂ ਸਾਰੀਆਂ ਸੇਵਾਵਾਂ 100 ਫੀਸਦੀ ਡਿਜ਼ੀਟਲ ਹੋ ਜਾਣਗੀਆਂ।
ਡਰਾਈਵਿੰਗ ਟੈਸਟ ਹੋਇਆ ਮਹਿੰਗਾ: ਟ੍ਰਾਂਸਪੋਰਟ ਵਿਭਾਗ ਨੇ ਵਧਾਈ ਫੀਸ
NEXT STORY