ਚੰਡੀਗੜ੍ਹ (ਗੁਰਉਪਦੇਸ਼ ਸਿੰਘ ਭੁੱਲਰ, ਰਮਨਜੀਤ) : ਪੰਜਾਬ ਪੁਲਸ ਲਈ ਇਸ ਦਹਾਕੇ ਦਾ ਆਖਰੀ ਸਾਲ ਯਾਨੀ 2019 ਕਾਫ਼ੀ ਮਾਇਨਿਆਂ 'ਚ ਅਹਿਮ ਰਿਹਾ। ਪੰਜਾਬ ਪੁਲਸ ਨੂੰ ਕਾਫ਼ੀ ਉਥਲ-ਪੁਥਲ ਤੋਂ ਬਾਅਦ ਆਪਣਾ ਮੁਖੀ ਵੀ ਮਿਲਿਆ ਅਤੇ ਪੁਲਸ ਦੇ ਹੀ ਕਈ ਉੱਚ ਅਧਿਕਾਰੀਆਂ ਦੀ ਆਪਸੀ ਖਿੱਚੋਤਾਣ ਵੀ ਚਰਚਾ 'ਚ ਰਹੀ। ਜ਼ਮੀਨ 'ਤੇ ਗੈਂਗਸਟਰਾਂ ਅਤੇ ਅੱਤਵਾਦੀਆਂ ਨਾਲ ਲੋਹਾ ਲੈਣ ਦੇ ਨਾਲ-ਨਾਲ ਪੰਜਾਬ ਪੁਲਸ ਨੇ ਪੂਰੇ ਦੇਸ਼ ਦੀ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੂੰ ਅਸਮਾਨ 'ਚ ਵੀ ਨਜ਼ਰ ਰੱਖਣ ਲਈ ਸਾਵਧਾਨ ਕੀਤਾ ਕਿਉਂਕਿ ਪੰਜਾਬ ਪੁਲਸ ਨੇ ਹੀ ਦੇਸ਼ ਦਾ ਪਹਿਲਾ 'ਡਰੋਨ ਆਰਮਸ ਡ੍ਰਾਪ' ਮਾਮਲਾ ਉਜਾਗਰ ਕੀਤਾ। ਹਾਲਾਂਕਿ ਪੰਜਾਬ ਪੁਲਸ ਨੇ ਕਈ ਮਾਮਲਿਆਂ 'ਚ ਅਹਿਮ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਪਰ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ, ਜਦੋਂ ਅੱਤਵਾਦੀਆਂ ਤੱਕ ਨਾਲ ਲੋਹਾ ਲੈਣ ਵਾਲੇ ਪੰਜਾਬ ਪੁਲਸ ਨੂੰ ਮਾਰ-ਕੁੱਟ ਦਾ ਸਾਹਮਣਾ ਕਰਨਾ ਪਿਆ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਪੁਲਸ ਲਈ ਇਹ ਸਾਲ ਕਈ ਤਰ੍ਹਾਂ ਦੇ ਖੱਟੇ-ਮਿੱਠੇ ਤਜਰਬਿਆਂ ਨਾਲ ਭਰਪੂਰ ਰਿਹਾ।
ਗੈਂਗਸਟਰਾਂ ਦੀਆਂ ਹੁੰਦੀਆਂ ਰਹੀਆਂ ਗ੍ਰਿਫਤਾਰੀਆਂ
ਸੂਬੇ 'ਚ ਸੱਤਾ ਤਬਦੀਲੀ ਦੇ ਨਾਲ ਹੀ 2017 ਤੋਂ ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ 'ਚ ਜੁਟੀ ਹੋਈ ਪੰਜਾਬ ਪੁਲਸ ਸਾਲ 2019 ਦੌਰਾਨ ਵੀ ਕਾਫ਼ੀ ਸਫਲਤਾਵਾਂ ਦੇ ਝੰਡੇ ਗੱਡਦੀ ਰਹੀ। ਪ੍ਰਮੁੱਖ ਤੌਰ 'ਤੇ ਇਸ ਸਾਲ ਦੌਰਾਨ ਸੂਬਾ ਪੁਲਸ ਵਲੋਂ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਰਮੀਨੀਆ ਤੋਂ ਡਿਪੋਰਟ ਕਰਵਾ ਕੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ। ਮੋਸਟ ਵਾਂਟੇਡ ਗੈਂਗਸਟਰਾਂ 'ਚ ਸ਼ਾਮਲ ਬੁੱਢਾ ਕਈ ਮਾਮਲਿਆਂ 'ਚ ਲੋੜੀਂਦਾ ਸੀ ਅਤੇ ਉਸ ਨੂੰ ਪੰਜਾਬ ਲਿਆ ਕੇ ਕੀਤੀ ਗਈ ਪੁੱਛਗਿਛ ਦੇ ਆਧਾਰ 'ਤੇ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ 'ਚ ਚੰਡੀਗੜ੍ਹ ਪਾਸਪੋਰਟ 'ਚ ਡਿਪਟੀ ਪਾਸਪੋਰਟ ਅਧਿਕਾਰੀ ਦੇ ਆਹੁਦੇ 'ਤੇ ਤਾਇਨਾਤ ਰਿਹਾ ਵਿਅਕਤੀ ਵੀ ਸ਼ਾਮਲ ਹੈ, ਜਿਸ 'ਤੇ ਗੈਂਗਸਟਰ ਨੂੰ ਫਰਜ਼ੀ ਨਾਂ 'ਤੇ ਪਾਸਪੋਰਟ ਬਣਾ ਕੇ ਦੇਣ ਦਾ ਦੋਸ਼ ਹੈ, ਜਿਸ ਦੀ ਮਦਦ ਨਾਲ ਉਹ ਵਿਦੇਸ਼ ਦੌੜਿਆ ਸੀ। ਸੁਖਪ੍ਰੀਤ ਬੁੱਢਾ ਤੋਂ ਇਲਾਵਾ ਇਕ ਹਿੰਦੂ ਨੇਤਾ ਦਾ ਅੰਮ੍ਰਿਤਸਰ 'ਚ ਕਤਲ ਕਰਨ ਵਾਲੇ ਗੈਂਗਸਟਰ ਸ਼ੁਭਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਜੱਗੂ ਗਰੁੱਪ ਦੇ ਹੀ ਬਲਜੀਤ ਸਿੰਘ, ਜਗਰੌਸ਼ਨ ਸਿੰਘ, ਸੰਮਾ ਭਲਵਾਨ, ਲਵਜੀਤ ਸਿੰਘ, ਸੁਖਦੇਵ ਸਿੰਘ, ਏਕਮ ਸਿੰਘ ਵਰਗੇ ਲਗਭਗ 40 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਪੁਲਸ ਦੇ ਨਾਲ ਵੀ ਹੋਈ ਮਾਰ-ਕੁੱਟ
ਪੰਜਾਬ ਪੁਲਸ ਦੇ ਜਵਾਨਾਂ ਦੇ ਹੌਸਲੇ ਨੂੰ ਉਸ ਵੇਲੇ ਕਰਾਰੀ ਸੱਟ ਵੱਜੀ ਸੀ, ਜਦੋਂ ਲੋਪੋਕੇ ਦੇ ਨੇੜਲੇ ਪਿੰਡ ਚੌਗਾਵਾਂ 'ਚ ਤਰਨਤਾਰਨ ਦੇ ਥਾਣਾ ਕੱਚਾ-ਪੱਕਾ ਦੀ ਇਕ ਪੁਲਸ ਟੀਮ ਨੂੰ ਛਾਪੇਮਾਰੀ ਦੌਰਾਨ ਦੋਸ਼ੀਆਂ ਵਲੋਂ ਬੰਧਕ ਬਣਾ ਲਿਆ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਵੀਡੀਓਜ਼ 'ਚ ਵਿਖਾਈ ਦਿੱਤਾ ਕਿ ਟੀਮ ਦੀ ਅਗਵਾਈ ਕਰ ਰਹੇ ਸਬ-ਇੰਸਪੈਕਟਰ ਬਲਰਾਮ ਸਿੰਘ ਨੂੰ ਬੁਰੀ ਤਰ੍ਹਾਂ ਘੜੀਸਿਆ ਗਿਆ, ਜਦੋਂਕਿ ਉਸ ਦੀ ਟੀਮ ਦੇ ਚਾਰ ਹੋਰ ਸਾਥੀ ਮੂਕਦਰਸ਼ਕ ਬਣ ਕੇ ਵੇਖਦੇ ਰਹੇ। ਸੋਸ਼ਲ ਮੀਡੀਆ ਰਾਹੀਂ ਹੋਈ ਇਸ ਬਦਨਾਮੀ 'ਤੇ ਮੁੱਖ ਮੰਤਰੀ ਨੂੰ ਵੀ ਕੁਮੈਂਟ ਕਰਨਾ ਪਿਆ, ਜਿਸ ਤੋਂ ਬਾਅਦ ਬਲਰਾਮ ਸਿੰਘ ਦੀ ਮਦਦ ਨਾ ਕਰਨ ਵਾਲੇ 4 ਪੁਲਸ ਮੁਲਾਜ਼ਮਾਂ ਏ. ਐੱਸ. ਆਈ. ਸਵਿੰਦਰ ਸਿੰਘ, ਹੈੱਡ ਕਾਂਸਟੇਬਲ ਗੁਰਵਿੰਦਰ ਸਿੰਘ, ਕਾਂਸਟੇਬਲ ਨਿਸ਼ਾਨ ਸਿੰਘ ਅਤੇ ਹੋਮਗਾਰਡ ਜਵਾਨ ਦਰਸ਼ਨ ਸਿੰਘ ਨੂੰ ਨੌਕਰੀ ਤੋਂ ਬਾਹਰ ਦਾ ਰਸਤਾ ਵਿਖਾਇਆ ਗਿਆ। ਉਥੇ ਹੀ ਦੂਜਾ ਵੱਡਾ ਚਰਚਿਤ ਮਾਮਲਾ ਬਠਿੰਡਾ ਦੀ ਪੁਲਸ ਟੀਮ 'ਤੇ ਹੋਏ ਹਮਲੇ ਅਤੇ ਮਾਰ-ਕੁੱਟ ਦਾ ਰਿਹਾ। ਬਠਿੰਡਾ ਪੁਲਸ ਦੀ 7 ਮੈਂਬਰੀ ਟੀਮ ਵਲੋਂ ਹਰਿਆਣਾ ਦੇ ਸਿਰਸੇ 'ਚ ਪੈਂਦੇ ਪਿੰਡ ਦੇਸੂ ਜੋਧਾ 'ਚ ਕੀਤੀ ਗਈ ਛਾਪੇਮਾਰੀ ਉਲਟੀ ਪੈ ਗਈ। ਛਾਪੇਮਾਰੀ ਦੌਰਾਨ ਪਿੰਡ ਦੇ ਲੋਕਾਂ ਨੇ ਨਾ ਸਿਰਫ ਪੁਲਸ ਟੀਮ ਦੇ ਮੈਂਬਰਾਂ ਨੂੰ ਝੰਬਿਆ, ਸਗੋਂ ਉਨ੍ਹਾਂ ਦੇ ਵਾਹਨਾਂ ਨੂੰ ਵੀ ਸਾੜ ਦਿੱਤਾ ਗਿਆ। ਪੁਲਸ ਅਤੇ ਪਿੰਡ ਵਾਸੀਆਂ ਵੱਲੋਂ ਗੋਲੀਬਾਰੀ ਵੀ ਹੋਈ। ਘਟਨਾ 'ਚ ਇਕ ਪਿੰਡ ਵਾਸੀ ਦੀ ਗੋਲੀ ਲੱਗਣ ਨਾਲ ਮੌਤ ਹੋਈ, ਜਦੋਂਕਿ ਪੰਜਾਬ ਪੁਲਸ ਟੀਮ ਦੇ ਸਾਰੇ 7 ਮੈਂਬਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ।
ਖਾਕੀ ਵਰਦੀ 'ਤੇ ਇਹ ਦਾਗ ਚੰਗੇ ਨਹੀਂ
ਪੰਜਾਬ ਪੁਲਸ ਦੀ ਖਾਕੀ ਵਰਦੀ 'ਚ ਕਈ ਕਾਲੀਆਂ ਭੇਡਾਂ ਵੀ ਮੌਜੂਦ ਹਨ, ਜਿਸ ਕਾਰਣ ਖਾਕੀ ਅਕਸਰ ਦਾਗਦਾਰ ਹੁੰਦੀ ਰਹੀ ਹੈ। ਇਸ ਸਾਲ ਦਾ ਸਭ ਤੋਂ ਵੱਡਾ ਧੱਬਾ ਲਵਾਇਆ ਜਲੰਧਰ ਦੇ ਪਾਦਰੀ ਐਂਥਨੀ ਮੈਡੇਸਰੀ ਕੇਸ 'ਚ ਸ਼ਾਮਲ ਏ. ਐੱਸ. ਆਈ. ਜੋਗਿੰਦਰ ਸਿੰਘ ਅਤੇ ਏ. ਐੱਸ. ਆਈ. ਰਾਜਪ੍ਰੀਤ ਸਿੰਘ ਨੇ। ਪਾਦਰੀ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਘਰੋਂ ''ਅਣ-ਐਲਾਨੀ ਨਕਦੀ' ਦੀ ਬਰਾਮਦਗੀ ਦੇ ਨਾਂ 'ਤੇ 16.65 ਕਰੋੜ ਰੁਪਏ ਖੰਨਾ ਪੁਲਸ ਨੇ ਚੁੱਕੇ, ਜਦਕਿ ਖੰਨਾ ਪੁਲਸ ਨੇ ਬੜੇ ਜ਼ੋਰ-ਸ਼ੋਰ ਨਾਲ ਐਲਾਨ ਕੀਤਾ ਸੀ ਕਿ ਪੁਲਸ ਨੇ 9.66 ਕਰੋੜ ਰੁਪਏ ਬਰਾਮਦ ਕੀਤੇ। ਇਸ ਵਾਹ-ਵਾਹ ਖੱਟਣ ਦੇ ਚੱਕਰ 'ਚ ਪੁਲਸ ਦੀ ਰਾਸ਼ਟਰੀ ਪੱਧਰ 'ਤੇ ਕਿਰਕਰੀ ਹੋਈ ਕਿਉਂਕਿ ਫਾਦਰ ਐਂਥਨੀ ਨੇ ਦਸਤਾਵੇਜਾਂ ਦੇ ਆਧਾਰ 'ਤੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਦੇ ਇੱਥੋਂ ਰਾਸ਼ੀ 16.65 ਕਰੋੜ ਹੀ ਚੁੱਕੀ ਗਈ ਸੀ। ਬਾਅਦ 'ਚ ਪੰਜਾਬ ਪੁਲਸ ਨੇ ਆਪਣਾ ਅਕਸ ਬਚਾਉਣ ਦੀ ਕੋਸ਼ਿਸ਼ 'ਚ ਜਾਂਚ ਕੀਤੀ ਅਤੇ ਪਤਾ ਲੱਗਾ ਕਿ ਪੰਜਾਬ ਪੁਲਸ ਦੇ ਹੀ ਵਰਦੀਧਾਰੀ ਬੇਈਮਾਨ ਨਿਕਲੇ। ਕਾਫ਼ੀ ਮੁਸ਼ੱਕਤ ਤੋਂ ਬਾਅਦ ਪੰਜਾਬ ਪੁਲਸ ਦੀ ਟੀਮ ਵਲੋਂ ਕੇਰਲ ਦੇ ਕੋਚੀ ਤੋਂ ਆਪਣੇ ਹੀ ਦੋ ਏ. ਐੱਸ. ਆਈ. ਜੋਗਿੰਦਰ ਸਿੰਘ ਅਤੇ ਏ. ਐੱਸ. ਆਈ. ਰਾਜਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਲਗਭਗ 2.50 ਕਰੋੜ ਰੁਪਏ ਰਿਕਵਰ ਹੋਣ ਦਾ ਦਾਅਵਾ ਕੀਤਾ ਸੀ।
ਉਥੇ ਹੀ ਨਸ਼ੇ ਦੇ ਕਾਰੋਬਾਰ ਅਤੇ ਨਸ਼ਾ ਕਾਰੋਬਾਰੀਆਂ ਦੇ ਨਾਲ ਨੇੜਤਾ ਵਾਲੇ ਕਈ ਪੁਲਸ ਮੁਲਾਜ਼ਮਾਂ ਦਾ ਵੀ ਖੁਲਾਸਾ ਹੋਇਆ। ਅਜਿਹੇ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਲਈ ਪਟਿਆਲਾ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਕਾਫ਼ੀ ਚਰਚਾ 'ਚ ਰਹੇ, ਜਿਨ੍ਹਾਂ ਨੇ ਨਸ਼ੇ ਜਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਵਜ੍ਹਾ ਨਾਲ ਇਕ ਹੀ ਦਿਨ 'ਚ 11 ਪੁਲਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੀਤਾ, ਜਿਨ੍ਹਾਂ 'ਚ 6 ਤਤਕਾਲੀ ਐੱਸ. ਐੱਚ. ਓ. ਸ਼ਾਮਲ ਸਨ। ਇਸ ਦੇ ਨਾਲ ਹੀ ਪਟਿਆਲਾ ਪੁਲਸ 'ਚ ਹੀ ਤਾਇਨਾਤ ਏ. ਐੱਸ. ਆਈ. ਪਤੀ-ਪਤਨੀ ਰੇਨੂ ਬਾਲਾ ਅਤੇ ਸੁਰਿੰਦਰ ਸਿੰਘ ਨੂੰ ਵੀ ਨਸ਼ਾ ਸਮੱਗਲਿੰਗ ਦੇ ਕਾਰੋਬਾਰ 'ਚ ਸ਼ਾਮਲ ਹੋਣ ਅਤੇ ਸਮੱਗਲਰਾਂ ਦੀ ਮਦਦ ਕਰਨ ਦੇ ਮਾਮਲੇ 'ਚ ਨੌਕਰੀ ਤੋਂ ਬਾਹਰ ਦਾ ਰਸਤਾ ਵਖਾਇਆ ਗਿਆ। ਓਧਰ ਇਸ ਤਰ੍ਹਾਂ ਦੇ ਹੀ ਕੁਝ ਹੋਰ ਮਾਮਲਿਆਂ 'ਚ ਏ. ਐੱਸ. ਆਈ. ਜਗਜੀਤ ਸਿੰਘ, ਏ. ਐੱਸ. ਆਈ. ਸਰਬਜੀਤ ਸਿੰਘ, ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਕਾਂਸਟੇਬਲ ਅਮਨਦੀਪ ਸਿੰਘ 'ਤੇ ਵੀ ਕਾਨੂੰਨੀ ਸ਼ਿਕੰਜਾ ਕੱਸਿਆ ਗਿਆ, ਜਦੋਂਕਿ 532 ਕਿਲੋ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ 'ਚ ਸ਼ੱਕੀ ਏ. ਐੱਸ. ਆਈ. ਅਵਤਾਰ ਸਿੰਘ ਵਲੋਂ ਪੁਲਸ ਹਿਰਾਸਤ ਦੌਰਾਨ ਏ. ਕੇ. 47 ਨਾਲ ਗੋਲੀ ਮਾਰ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਕਈ ਸਵਾਲ ਖੜ੍ਹੇ ਕਰ ਗਿਆ।
ਸੂਬਾ ਪੁਲਸ ਪ੍ਰਮੁੱਖ ਅਹੁਦਿਆਂ ਲਈ ਚੱਲੀਆਂ ਸ਼ਤਰੰਜ ਚਾਲਾਂ
ਭਾਵੇਂ ਸਾਬਕਾ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ 30 ਸਤੰਬਰ 2018 ਨੂੰ ਹੀ ਸੇਵਾਮੁਕਤ ਹੋਣਾ ਸੀ, ਪਰ ਉਨ੍ਹਾਂ ਦੀ ਸੇਵਾਮੁਕਤੀ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਸੇਵਾਕਾਲ 'ਚ 3 ਮਹੀਨਿਆਂ ਦਾ ਵਾਧਾ ਕਰ ਦਿੱਤਾ ਅਤੇ ਫਿਰ ਸੁਪਰੀਮ ਕੋਰਟ 'ਚ ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਇਕ ਕੇਸ 'ਚ ਝਟਕਾ ਲੱਗਣ ਤੋਂ ਬਾਅਦ ਕੇਂਦਰ ਨੇ ਇਸ ਵਾਧੇ ਨੂੰ 3 ਮਹੀਨੇ ਤੋਂ ਵਧਾ ਕੇ 1 ਸਾਲ ਕਰ ਦਿੱਤਾ। ਇਸ ਵਾਧੇ ਨੇ ਕਈ ਉਨ੍ਹਾਂ ਅਧਿਕਾਰੀਆਂ 'ਤੇ ਉਲਟਾ ਪ੍ਰਭਾਵ ਪਾਇਆ, ਜੋ ਡੀ. ਜੀ. ਪੀ. ਆਹੁਦੇ 'ਤੇ ਬੈਠਣ ਦੀ ਤਿਆਰੀ ਕਰ ਰਹੇ ਸਨ ਕਿਉਂਕਿ ਉਨ੍ਹਾਂ 'ਚੋਂ ਕੁਝ 2019 ਦੇ ਸ਼ੁਰੂਆਤੀ ਮਹੀਨਿਆਂ 'ਚ ਹੀ ਸੇਵਾ-ਮੁਕਤ ਹੋ ਜਾਣ ਵਾਲੇ ਸਨ। ਅਖੀਰ ਸਾਰੀਆਂ ਚੀਜ਼ਾਂ 'ਸੈਟਲ' ਹੋ ਜਾਣ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਸੁਰੇਸ਼ ਅਰੋੜਾ ਨੇ ਡੀ. ਜੀ. ਪੀ. ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਡੀ. ਜੀ. ਪੀ. ਦੇ ਤੌਰ 'ਤੇ ਦਿਨਕਰ ਗੁਪਤਾ ਦੀ ਨਿਯੁਕਤੀ ਹੋ ਗਈ। 4 ਫਰਵਰੀ ਨੂੰ ਯੂ. ਪੀ. ਐੱਸ. ਸੀ. ਵਲੋਂ 3 ਅਧਿਕਾਰੀਆਂ ਦਾ ਪੈਨਲ, ਜਿਸ 'ਚ ਦਿਨਕਰ ਗੁਪਤਾ, ਐੱਮ. ਕੇ. ਤਿਵਾੜੀ ਅਤੇ ਵੀ. ਕੇ. ਭਾਵਰਾ ਦਾ ਨਾਂ ਸ਼ਾਮਲ ਸੀ, ਭੇਜਿਆ ਗਿਆ ਅਤੇ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਵਲੋਂ 7 ਫਰਵਰੀ ਨੂੰ ਹੀ ਡੀ. ਜੀ. ਪੀ. ਦੇ ਆਹੁਦੇ 'ਤੇ ਦਿਨਕਰ ਗੁਪਤਾ ਦੀ ਨਿਯੁਕਤੀ ਕਰ ਦਿੱਤੀ ਗਈ। ਹਾਲਾਂਕਿ ਯੂ. ਪੀ. ਐੱਸ. ਸੀ. ਵਲੋਂ ਨਾਂ 'ਤੇ ਵਿਚਾਰ ਨਾ ਕਰਨ ਕਾਰਣ 1985 ਬੈਚ ਦੇ ਆਈ. ਪੀ. ਐੱਸ. ਮੁਹੰਮਦ ਮੁਸਤਫਾ ਅਤੇ 1986 ਬੈਚ ਦੇ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਕੇਂਦਰੀ ਐਡਮਨਿਸਟ੍ਰੇਟਿਵ ਟ੍ਰਿਬਿਊਨਲ (ਕੈਟ) 'ਚ ਚਲੇ ਗਏ।
ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਪੁੱਜਣ ਦੇ ਮਾਮਲੇ ਨੇ ਕੀਤਾ ਹੈਰਾਨ
ਸਤੰਬਰ ਮਹੀਨੇ ਦੌਰਾਨ ਪੰਜਾਬ ਪੁਲਸ ਨੇ ਇਕ ਅਜਿਹੇ ਮਾਮਲੇ ਦਾ ਖੁਲਾਸਾ ਕੀਤਾ, ਜਿਸ ਨਾਲ ਦੇਸ਼ ਭਰ ਦੀਆਂ ਸੁਰੱਖਿਆ ਏਜੰਸੀਆਂ ਜ਼ਮੀਨ ਦੀ ਬਜਾਏ ਅਸਮਾਨੀ ਇਲਾਕੇ 'ਚ ਕੰਮ 'ਤੇ ਲੱਗ ਗਈਆਂ। ਪੰਜਾਬ ਪੁਲਸ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚਾਰ ਮੈਂਬਰਾਂ ਨੂੰ ਅੱਤਵਾਦੀ ਗਤੀਵਿਧੀਆਂ ਕਾਰਣ ਗ੍ਰਿਫਤਾਰ ਕੀਤਾ। ਇਨ੍ਹਾਂ ਦੇ ਕੋਲੋਂ ਏ. ਕੇ. 47 ਰਾਈਫਲਾਂ, ਹੈਂਡ ਗ੍ਰਨੇਡ, 4 ਚਾਈਨੀਜ਼ ਪਿਸਤੌਲ, 5 ਸੈਟੇਲਾਈਟ ਫੋਨ ਅਤੇ ਵਾਇਰਲੈੱਸ ਸੈੱਟ ਬਰਾਮਦ ਹੋਏ। ਦੋਸ਼ੀਆਂ ਕੋਲ ਇਹ ਸਾਰਾ ਸਾਮਾਨ ਪਾਕਿਸਤਾਨ 'ਚ ਬੈਠੇ ਉਨ੍ਹਾਂ ਦੇ ਆਕਾਵਾਂ ਵਲੋਂ ਡਰੋਨਜ਼ ਦੇ ਜ਼ਰੀਏ ਭੇਜੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ। ਪੰਜਾਬ ਪੁਲਸ ਨੇ ਉਨ੍ਹਾਂ ਵਲੋਂ ਲੁਕੋਇਆ ਗਿਆ ਇਕ ਡਰੋਨ ਬਰਾਮਦ ਵੀ ਕੀਤਾ ਅਤੇ ਦੂਜੇ ਡਰੋਨ ਦੇ ਕੁੱਝ ਪੁਰਜ਼ੇ ਵੀ ਮਿਲੇ। ਬੇਹੱਦ ਸੰਵੇਦਨਸ਼ੀਲ ਅਤੇ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੋਣ ਕਾਰਣ ਦੇਸ਼ ਭਰ ਦੀ ਸੁਰੱਖਿਆ ਏਜੰਸੀਆਂ ਨੇ ਇਸ ਮਾਮਲੇ ਲਈ ਪੰਜਾਬ ਪੁਲਸ ਦਾ ਰੁਖ਼ ਕੀਤਾ ਅਤੇ ਅਖੀਰ ਡਰੋਨਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਪੱਧਰ 'ਤੇ ਪਾਲਿਸੀ ਦਾ ਨਿਰਮਾਣ ਹੋ ਸਕਿਆ। ਪੰਜਾਬ ਦੇ ਬਾਰਡਰ 'ਤੇ ਹੋਈਆਂ ਇਨ੍ਹਾਂ ਗਤੀਵਿਧੀਆਂ ਕਾਰਣ ਜੰਮੂ-ਕਸ਼ਮੀਰ 'ਚ ਪੈਂਦੇ ਪਾਕਿਸਤਾਨ ਬਾਰਡਰ 'ਤੇ ਵੀ ਚੌਕਸੀ ਵਧਾਉਣੀ ਪਈ।
ਪ੍ਰੀਖਿਆ ਕੇਂਦਰਾਂ 'ਚ ਨਕਲ ਰੋਕਣ ਲਈ ਲਾਏ ਜਾਣਗੇ 'ਜੈਮਰ'
NEXT STORY