ਪਟਿਆਲਾ (ਬਲਜਿੰਦਰ) - ਕੇਂਦਰੀ ਜੇਲ ਵਿਚ ਸ਼ਰਾਬ ਸਮੱਗਲਿੰਗ ਦੇ ਦੋਸ਼ 'ਚ ਥਾਣਾ ਜੁਲਕਾਂ ਦੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਅਮਰੀਕ ਸਿੰਘ ਦੀ ਅੱਜ ਸਵੇਰੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਮੌਤ ਹੋ ਗਈ। ਪਰਿਵਾਰ ਇਸ ਲਈ ਪੁਲਸ ਦੀ ਕੁੱਟਮਾਰ ਨੂੰ ਜ਼ਿੰਮੇਵਾਰ ਮੰਨ ਰਿਹਾ ਹੈ। ਦੂਜੇ ਪਾਸੇ ਪੁਲਸ ਇਸ ਤੋਂ ਸਾਫ ਇਨਕਾਰ ਕਰ ਰਹੀ ਹੈ ਕਿ ਉਸ 'ਤੇ ਕਿਸੇ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ ਹੈ। ਫਿਲਹਾਲ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਹੈ। ਉਸ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਆਖਰ ਅਮਰੀਕ ਦੀ ਮੌਤ ਦੇ ਪਿੱਛੇ ਕਾਰਨ ਕੀ ਸੀ? ਅਮਰੀਕ ਨੂੰ 25 ਨਵੰਬਰ ਨੂੰ ਥਾਣਾ ਜੁਲਕਾਂ ਦੀ ਪੁਲਸ ਨੇ ਹਰਿਆਣਾ ਦੀ ਸ਼ਰਾਬ ਸਮੱਗਲਿੰਗ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ। ਉਸ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਕੇ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਕੀਤੀਆਂ ਗਈਆਂ।
26 ਨਵੰਬਰ ਨੂੰ ਕੇਂਦਰੀ ਜੇਲ ਪਟਿਆਲਾ ਭੇਜਿਆ ਗਿਆ। 27 ਨੂੰ ਉਸ ਦੀ ਤਬੀਅਤ ਖਰਾਬ ਹੋ ਗਈ। ਉਸ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਇਲਾਜ ਲਈ ਲਿਜਾਇਆ ਗਿਆ, ਜਿੱਥੇ ਉਹ ਜ਼ੇਰੇ-ਇਲਾਜ ਸੀ। ਅੱਜ ਸਵੇਰੇ ਉਹ ਦਮ ਤੋੜ ਗਿਆ। ਪੁਲਸ ਵਿਰੁੱਧ ਕਾਰਵਾਈ ਦੇ ਭਰੋਸੇ ਤੋਂ ਬਾਅਦ ਪਰਿਵਾਰ ਨੇ ਕੀਤਾ ਅੰਤਿਮ ਸੰਸਕਾਰ
ਅਮਰੀਕ ਦੀ ਪਤਨੀ ਸੀਤਾ, ਉਸ ਦੇ ਭਰਾ ਕ੍ਰਿਸ਼ਨ, ਹੋਰ ਰਿਸ਼ਤੇਦਾਰਾਂ ਤੇ ਪਿੰਡ ਦੇ ਸਰਪੰਚ ਨੇ ਅਮਰੀਕ ਦੀ ਮੌਤ ਦਾ ਕਾਰਨ ਪੁਲਸ ਦੀ ਜ਼ਿਆਦਾ ਕੁੱਟਮਾਰ ਦੱਸਿਆ। ਇਸ ਨੂੰ ਲੈ ਕੇ ਪਹਿਲਾਂ ਉਨ੍ਹਾਂ ਲਾਸ਼ ਚੁੱਕਣ ਤੋਂ ਇਨਕਾਰ ਕਰ ਦਿੱਤਾ। ਪੁਲਸ ਖਿਲਾਫ ਕਾਰਵਾਈ 'ਤੇ ਅੜ ਗਏ। ਬਾਅਦ ਵਿਚ ਜਦੋਂ ਥਾਣਾ ਤ੍ਰਿਪੜੀ ਦੀ ਪੁਲਸ ਨੇ ਭਰੋਸਾ ਦਿੱਤਾ ਕਿ ਪੋਸਟਮਾਰਟਮ ਦੀ ਰਿਪੋਰਟ ਵਿਚ ਜੇਕਰ ਅਮਰੀਕ ਦੀ ਮੌਤ ਦਾ ਕਾਰਨ ਜ਼ਿਆਦਾ ਕੁੱਟਮਾਰ ਆਈ ਤਾਂ ਉਹ ਬਣਦੀ ਕਾਰਵਾਈ ਅਵੱਸ਼ ਕਰਨਗੇ। ਪੁਲਸ ਦੇ ਭਰੋਸੇ ਤੋਂ ਬਾਅਦ ਪਰਿਵਾਰ ਨੇ ਪੋਸਟਮਾਰਟਮ ਕਰਵਾ ਕੇ ਅਮਰੀਕ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਡਾਕਟਰਾਂ ਦੀ ਰਿਪੋਰਟ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ : ਜੇਲ ਸੁਪਰਡੈਂਟ
ਇਸ ਸਬੰਧੀ ਜਦੋਂ ਜੇਲ ਸੁਪਰਡੈਂਟ ਰਾਜਨ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਮਰੀਕ ਸਿੰਘ ਉਨ੍ਹਾਂ ਕੋਲ 26 ਨਵੰਬਰ ਨੂੰ ਆਇਆ ਸੀ। 27 ਨੂੰ ਤਬੀਅਤ ਖਰਾਬ ਹੋਣ ਕਾਰਨ ਰਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ। ਉਥੇ ਅੱਜ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੌਤ ਦਾ ਕੀ ਕਾਰਨ ਹੈ? ਇਸ ਬਾਰੇ ਤਾਂ ਉਹ ਕੁੱਝ ਨਹੀਂ ਕਹਿ ਸਕਦੇ। ਇਹ ਤਾਂ ਡਾਕਟਰਾਂ ਦੀ ਰਿਪੋਰਟ ਹੀ ਇਸ ਬਾਰੇ ਦੱਸੇਗੀ।
ਦੇਖਦੇ ਹੀ ਦੇਖਦੇ ਉੱਜੜ ਗਿਆ ਸੁਖੀ ਪਰਿਵਾਰ : ਪਤਨੀ ਸੀਤਾ
ਅਮਰੀਕ ਪਿੰਡ ਮਹਿਮਦਪੁਰ ਰੁੜਕੀ ਦਾ ਰਹਿਣਾ ਵਾਲਾ ਸੀ ਅਤੇ ਉਹ ਪ੍ਰਚੂਨ ਦੀ ਦੁਕਾਨ ਕਰਦਾ ਸੀ। ਪਤਨੀ ਸੀਤਾ ਨੇ ਵਿਰਲਾਪ ਕਰਦਿਆਂ ਦੱਸਿਆ ਕਿ ਉਸ ਦੇ ਪਤੀ ਨੇ ਕਦੇ ਵੀ ਸ਼ਰਾਬ ਸਮੱਗਲਿੰਗ ਨਹੀਂ ਕੀਤੀ। ਜਬਰਨ ਪੁਲਸ ਨੇ ਉਸ ਨੂੰ ਚੁੱਕਿਆ ਅਤੇ ਥਰਡ ਡਿਗਰੀ ਟਾਰਚਰ ਕੀਤਾ ਗਿਆ। ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਦੇ ਨਿਸ਼ਾਨ ਸਿਰ ਅਤੇ ਅੱਖਾਂ 'ਤੇ ਸਾਫ ਤੌਰ 'ਤੇ ਦੇਖੇ ਜਾ ਸਕਦੇ ਸਨ। ਜ਼ਿਆਦਾ ਕੁੱਟਮਾਰ ਕਾਰਨ ਉਸ ਦੀ ਤਬੀਅਤ ਖਰਾਬ ਹੋ ਗਈ। ਜੇਲ ਵਿਚ ਇਕ ਦਿਨ ਰਹਿਣ ਤੋਂ ਬਾਅਦ ਉਸ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ। ਕਈ ਦਿਨਾਂ ਦੇ ਇਲਾਜ ਤੋਂ ਬਾਅਦ ਉਸ ਦੀ ਮੌਤ ਹੋ ਗਈ। ਸੀਤਾ ਨੇ ਦੱਸਿਆ ਕਿ ਉਸ ਦੇ 4 ਬੱਚੇ ਹਨ। ਦੋ ਬੇਟੀਆਂ ਤੇ ਦੋ ਬੇਟੇ ਹਨ। ਉਨ੍ਹਾਂ ਦਾ ਸੁਖੀ ਪਰਿਵਾਰ ਸੀ। ਅਚਾਨਕ ਉਨ੍ਹਾਂ ਦਾ ਸਭ ਕੁੱਝ ਉੱਜੜ ਗਿਆ। ਇਸੇ ਤਰ੍ਹਾਂ ਉਸ ਦੇ ਭਰਾ ਕ੍ਰਿਸ਼ਨ ਨੇ ਦੱਸਿਆ ਕਿ ਪੁਲਸ ਨੇ ਉਨ੍ਹਾਂ ਨੂੰ ਕੁੱਝ ਨਹੀਂ ਦੱਸਿਆ। ਜਦੋਂ ਉਹ 28 ਤਰੀਕ ਨੂੰ ਜ਼ਮਾਨਤ ਲਈ ਜੇਲ ਗਿਆ ਤਾਂ ਉਥੇ ਹੀ ਉਸ ਨੂੰ ਪਤਾ ਲੱਗਾ ਕਿ ਅਮਰੀਕ ਹੁਣ ਬੀਮਾਰ ਹੈ। ਜਦੋਂ ਜਾ ਕੇ ਉਸ ਨੇ ਹਸਪਤਾਲ ਵਿਚ ਅਮਰੀਕ ਦੀ ਹਾਲਤ ਦੇਖੀ ਤਾਂ ਕਾਫੀ ਖਰਾਬ ਸੀ। ਉਸ ਦੇ ਸਰੀਰ 'ਤੇ ਸੱਟਾਂ ਲੱਗੀਆਂ ਹੋਈਆਂ ਸਨ।
ਪਿੰਛੀ ਕਤਲਕਾਂਡ ਦੇ ਮੁੱਖ ਦੋਸ਼ੀ ਦੀਪੂ ਬਨੂੜ ਨੇ ਗੁਨਾਹ ਕਬੂਲਿਆ
NEXT STORY