ਖਰੜ (ਰਣਬੀਰ) : ਇੱਥੇ ਰਿਹਾਇਸ਼ੀ ਸੁਸਾਇਟੀ ਰਾਜਧਾਨੀ ਇਨਕਲੇਵ ਦੇ ਵਿਆਹੁਤਾ ਨੌਜਵਾਨ ਨੇ ਫ਼ਾਹਾ ਲੈ ਖ਼ੁਦਕੁਸ਼ੀ ਕਰ ਲਈ। ਥਾਣਾ ਸਿਟੀ ਪੁਲਸ ਨੇ ਮ੍ਰਿਤਕ ਦੀ ਮਾਤਾ ਸੂਮਨ ਦੇ ਬਿਆਨਾਂ ’ਤੇ ਧਾਰਾ-194 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ 7:30 ਵਜੇ ਨੂੰਹ ਪ੍ਰਿਆ ਨੇ ਫੋਨ ਕਰਕੇ ਦੱਸਿਆ ਕਿ ਉਸਦਾ ਕਮਰਾ ਬਾਹਰੋਂ ਬੰਦ ਹੈ ਅਤੇ ਪਤੀ ਮਹੀਨ ਕੁਮਾਰ ਦਾ ਮੋਬਾਇਲ ਵੀ ਬੰਦ ਹੈ। ਇਸ ’ਤੇ ਸੂਮਨ ਧੀ ਹਿਮਾਂਸ਼ੀ ਨਾਲ ਪੁੱਤਰ ਦੇ ਘਰ ਪਹੁੰਚੀ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਹੋਣ ਕਰਕੇ ਪ੍ਰਿਆ ਦੇ ਭਰਾ ਚੇਤਨ ਨੂੰ ਬੁਲਾਇਆ। ਦਰਵਾਜ਼ਾ ਜ਼ਬਰਦਸਤੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਖੁੱਲ੍ਹਿਆ। ਬਾਅਦ ’ਚ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ ਤਾਂ ਦੇਖਿਆ ਕਿ ਮਹੀਨ ਫ਼ਾਹੇ ਨਾਲ ਲਟਕ ਰਿਹਾ ਸੀ। ਉਸ ਨੂੰ ਤੁਰੰਤ ਹੇਠਾਂ ਉਤਾਰ ਜਾਂਚ ਕੀਤੀ ਪਰ ਉਸਦੀ ਮੌਤ ਹੋ ਚੁੱਕੀ ਸੀ।
ਅੱਖਾਂ ਦੇ ਨਿੱਜੀ ਹਸਪਤਾਲ ’ਚ ਬਤੌਰ ਕੌਂਸਲਰ ਕਰਦਾ ਸੀ ਨੌਕਰੀ
ਮਹੀਨ ਕੁਮਾਰ ਅੱਖਾਂ ਦੇ ਨਿੱਜੀ ਹਸਪਤਾਲ ’ਚ ਬਤੌਰ ਕੌਂਸਲਰ ਨੌਕਰੀ ਕਰਦਾ ਸੀ। ਉਸ ਦਾ ਅਜੇ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਸਦੀ ਪਤਨੀ ਸਕੂਲ ’ਚ ਅਧਿਆਪਕਾ ਹੈ, ਜੋ ਸ਼ਨੀਵਾਰ ਰੋਜ਼ਾਨਾ ਵਾਂਗ ਸਵੇਰੇ 7 ਵਜੇ ਸਕੂਲ ਡਿਊਟੀ ਗਈ ਸੀ ਜਦੋਂਕਿ ਮਹੀਨ ਦਾ ਖ਼ੁਦ ਕੰਮ ’ਤੇ ਜਾਣ ਦਾ ਸਵੇਰੇ 8 ਵਜੇ ਦਾ ਸਮਾਂ ਹੁੰਦਾ ਹੈ। ਸ਼ਨੀਵਾਰ ਸ਼ਾਮ ਨੂੰ ਛੁੱਟੀ ਪਿਛੋਂ ਉਹ ਡੱਡੂਮਾਜਰਾ ਵਿਖੇ ਮਾਮੇ ਦੇ ਮੁੰਡੇ ਦੇ ਜਨਮ ਦਿਨ ਦੀ ਪਾਰਟੀ ’ਤੇ ਗਿਆ ਸੀ। ਅੱਧੀ ਰਾਤ ਪਿਛੋਂ ਘਰ ਆ ਕੇ ਉਸ ਨੇ ਫ਼ਾਹਾ ਲੈ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਖਰੜ ਦੀ ਪੁਲਸ ਮੌਕੇ ’ਤੇ ਪਹੁੰਚੀ। ਏ. ਐੱਸ. ਆਈ. ਹਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਖਰੜ ਭੇਜਿਆ ਗਿਆ ਹੈ, ਜਿੱਥੇ ਪੋਸਟਮਾਰਟਮ ਕਰਵਾਇਆ ਜਾਵੇਗਾ।
ਪੰਜਾਬ 'ਚ ਵੱਡਾ ਹਾਦਸਾ! ਚਾਵਾਂ ਨਾਲ ਛੁੱਟੀ ਕੱਟਣ ਘਰ ਜਾ ਰਹੇ ਫ਼ੌਜ ਦੇ ਦੋ ਜਵਾਨਾਂ ਦੀ ਦਰਦਨਾਕ ਮੌਤ
NEXT STORY