ਮਾਛੀਵਾੜਾ ਸਾਹਿਬ : ਸ਼ਹਿਰ ਨੇੜਲੇ ਪਿੰਡ ਮੁਬਾਰਕਪੁਰ ਦੇ ਇੱਕ ਨੌਜਵਾਨ ਵਲੋਂ ਆਪਣੀ ਪਤਨੀ ਤੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਤਨਾਮ ਸਿੰਘ (22) ਨੇ ਆਪਣੀ ਪਤਨੀ ਤੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੂੰ ਮ੍ਰਿਤਕ ਦੇ ਪਿਤਾ ਜੱਜ ਸਿੰਘ ਵਾਸੀ ਮੁਬਾਰਕਪੁਰ ਨੇ ਬਿਆਨ ਦਰਜ਼ ਕਰਵਾਏ ਕਿ ਉਸ ਦੇ ਦੋ ਪੁੱਤਰ ਸਤਨਾਮ ਸਿੰਘ ਤੇ ਸਤਪਾਲ ਸਿੰਘ ਤੇ ਇਕ ਲੜਕੀ ਹੈ ਤੇ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਉਸ ਦੇ ਦੋਵੇਂ ਪੁੱਤਰ ਉਸ ਦਾ ਖੇਤੀਬਾੜੀ 'ਚ ਹੱਥ ਵਟਾਉਂਦੇ ਸਨ। ਜੱਜ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਵੱਡੇ ਲੜਕੇ ਦਾ ਵਿਆਹ ਫਰਵਰੀ 2019 'ਚ ਪਿੰਡ ਦੀ ਹੀ ਲੜਕੀ ਮਨਜੋਤ ਕੌਰ ਨਾਲ ਕਰ ਦਿੱਤਾ ਪਰ ਵਿਆਹ ਤੋਂ ਕਰੀਬ 1 ਮਹੀਨਾ ਬਾਅਦ ਉਸ ਦੇ ਲੜਕੇ ਦੀ ਪਤਨੀ ਮਨਜੋਤ ਕੌਰ, ਸੱਸ ਅਮਰਜੀਤ ਕੌਰ ਉਰਫ਼ ਰਿੰਪੀ ਤੇ ਸਹੁਰਾ ਸਵਿੰਦਰ ਸਿੰਘ ਉਰਫ਼ ਭਿੰਦਾ ਉਸ ਦੇ ਘਰ ਦੇ ਕੰਮਾਂ 'ਚ ਦਖ਼ਲ ਅੰਦਾਜ਼ੀ ਕਰਨ ਲੱਗੇ ਤੇ ਉਸ ਦੇ ਲੜਕੇ ਨੂੰ ਤਾਹਨੇ ਮਾਰਨ ਲੱਗੇ ਕਿ ਉਹ ਉਨ੍ਹਾਂ ਦੀ ਲੜਕੀ ਦੇ ਕਾਬਲ ਨਹੀਂ, ਜਿਸ ਕਾਰਨ ਉਸ ਦੇ ਕੋਈ ਬੱਚਾ ਨਹੀਂ ਹੋ ਰਿਹਾ।
ਕੁੱਝ ਦਿਨ ਪਹਿਲਾਂ ਹੀ ਸਤਨਾਮ ਸਿੰਘ ਤੇ ਉਸ ਦੀ ਪਤਨੀ ਮਨਜੋਤ ਕੌਰ ਨੇੜੇ ਹੀ ਕਿਸੇ ਧਾਰਮਿਕ ਅਸਥਾਨ 'ਤੇ ਸਹੁਰੇ ਪਰਿਵਾਰ ਵਲੋਂ ਦਿੱਤੀ ਕਾਰ 'ਚ ਮੱਥਾ ਟੇਕਣ ਗਏ। ਉਸ ਧਾਰਮਿਕ ਅਸਥਾਨ 'ਤੇ ਉਸ ਦਾ ਸਹੁਰਾ ਤੇ ਸੱਸ ਵੀ ਉਥੇ ਪਹੁੰਚ ਗਏ ਤੇ ਜੋ ਕਾਰ ਉਨ੍ਹਾਂ ਦਿੱਤੀ ਸੀ। ਉਸ ਦੀ ਚਾਬੀ ਖੋਹ ਕੇ ਗੱਡੀ ਆਪਣੇ ਨਾਲ ਲੈ ਕੇ ਤੇ ਸਤਨਾਮ ਸਿੰਘ ਨੂੰ ਤਾਹਨੇ ਮਾਰ ਕੇ ਚਲੇ ਗਏ। ਜਿਸ ਸਬੰਧੀ ਉਸ ਦੇ ਬੇਟੇ ਨੇ ਉਸ ਨੂੰ ਦੱਸਿਆ। ਕਰੀਬ 5-6 ਦਿਨ ਪਹਿਲਾਂ ਉਹ ਆਪਣੀ ਪਤਨੀ ਨੂੰ ਪੇਕੇ ਛੱਡ ਆਇਆ ਤੇ ਸ਼ੁੱਕਰਵਾਰ ਕਰੀਬ ਦੁਪਹਿਰ 2 ਵਜੇ ਸਤਨਾਮ ਸਿੰਘ ਤੇ ਉਸ ਦਾ ਭਰਾ ਸਤਪਾਲ ਸਿੰਘ ਖੇਤਾਂ ਵਿਚ ਕੰਮ ਕਰਨ ਚਲੇ ਗਏ, ਜਿੱਥੇ ਸਤਨਾਮ ਸਿੰਘ ਨੇ ਕੋਈ ਜ਼ਹਿਰੀਲੀ ਕੀਟਨਾਸ਼ਕ ਦਵਾਈ ਪੀ ਲਈ ਤੇ ਬੇਹੋਸ਼ ਹੋ ਗਿਆ। ਇਸ ਸਬੰਧੀ ਸਤਪਾਲ ਸਿੰਘ ਨੇ ਉਸ ਨੂੰ ਆ ਕੇ ਦੱਸਿਆ। ਜਿਸ 'ਤੇ ਤੁਰੰਤ ਸਤਨਾਮ ਸਿੰਘ ਨੂੰ ਲੁਧਿਆਣਾ ਹਸਪਤਾਲ ਲਿਆਂਦਾ ਗਿਆ ਪਰ ਰਾਤ ਨੂੰ ਸਤਨਾਮ ਸਿੰਘ ਦਮ ਤੋੜ ਗਿਆ। ਪੁਲਸ ਵਲੋਂ ਮ੍ਰਿਤਕ ਸਤਨਾਮ ਸਿੰਘ ਦੇ ਪਿਤਾ ਜੱਜ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਉਸ ਦੀ ਪਤਨੀ ਮਨਜੋਤ ਕੌਰ, ਸੱਸ ਅਮਰਜੀਤ ਕੌਰ ਉਰਫ਼ ਰਿੰਪੀ ਅਤੇ ਸਹੁਰੇ ਸਵਿੰਦਰ ਸਿੰਘ ਉਰਫ਼ ਭਿੰਦਾ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਤੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।
ਔਰਤਾਂ ਨੂੰ ਵਿਦੇਸ਼ਾਂ 'ਚ ਗੁਲਾਮ ਬਣਾਉਣ ਵਾਲੇ ਟ੍ਰੈਵਲ ਏਜੰਟਾਂ ਖਿਲਾਫ ਹੋਵੇ ਸਖ਼ਤ ਕਾਰਵਾਈ : ਸੁਖਬੀਰ
NEXT STORY