ਮੋਗਾ (ਅਜ਼ਾਦ) : ਨੈਸਲੇ ਫੈਕਟਰੀ ਵਿਚ ਕੰਮ ਕਰਦੇ ਸੁਰੇਸ਼ ਕੁਮਾਰ ਨਿਵਾਸੀ ਬਾਬਾ ਜੀਵਨ ਸਿੰਘ ਨਗਰ ਮੋਗਾ ’ਤੇ ਕਾਰ ਸਵਾਰ ਚਾਰ ਹਥਿਆਰਬੰਦ ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ ਕਰਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੁਰੇਸ਼ ਕੁਮਾਰ ਨੇ ਕਿਹਾ ਕਿ ਉਹ ਨੈਸਲੇ ਡੇਅਰੀ ਮੋਗਾ ਵਿਚ ਕੰਮ ਕਰਦਾ ਹੈ। ਬੀਤੀ 31 ਦਸੰਬਰ ਦੀ ਦੇਰ ਰਾਤ ਜਦ ਉਹ ਆਪਣੀ ਡਿਊਟੀ ਖ਼ਤਮ ਕਰ ਕੇ ਮੋਟਰ ਸਾਈਕਲ ’ਤੇ ਨਵੀਂ ਦਾਣਾ ਮੰਡੀ ਮੋਗਾ ਵੱਲ ਘਰ ਜਾ ਰਿਹਾ ਸੀ ਤਾਂ ਇਕ ਬਿਨਾਂ ਨੰਬਰੀ ਕਾਰ ’ਤੇ ਸਵਾਰ ਚਾਰ ਅਣਪਛਾਤੇ ਹਥਿਆਰਬੰਦ ਲੜਕਿਆਂ ਨੇ ਉਸਦੇ ਮੋਟਰ ਸਾਈਕਲ ਨੂੰ ਟੱਕਰ ਮਾਰੀ, ਜਿਸ ’ਤੇ ਉਹ ਡਿੱਗ ਗਿਆ।
ਇਸ ਦੌਰਾਨ ਉਕਤ ਨੌਜਵਾਨਾਂ ਨੇ ਉਸ ’ਤੇ ਲੋਹੇ ਦੀ ਪਾਈਪ ਅਤੇ ਬੇਸਬਾਲ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਇਸ ਦੌਰਾਨ ਜਦੋਂ ਉਸ ਨੇ ਰੌਲਾ ਪਾਇਆ ਤਾਂ ਹਮਲਾਵਰ ਉਥੋਂ ਭੱਜ ਗਏ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਨੇ ਸੁਰੇਸ਼ ਕੁਮਾਰ ’ਤੇ ਹਮਲਾ ਕਿਉਂ ਕੀਤਾ। ਉਹ ਅਣਪਛਾਤੇ ਹਮਲਾਵਰਾਂ ਦੀ ਪਛਾਣ ਕਰਨ ਦਾ ਯਤਨ ਕਰ ਰਹੇ ਹਨ ਅਤੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ ਨੂੰ ਖੰਗਾਲ ਰਹੇ ਹਨ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।
ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦੀ ਦਸ਼ਾ ਸੁਧਾਰਨ ਲਈ ਲਗਾਤਾਰ ਯਤਨਸ਼ੀਲ : ਕੁਲਦੀਪ ਸਿੰਘ ਧਾਲੀਵਾਲ
NEXT STORY