ਲੁਧਿਆਣਾ (ਰਾਜ) - ਨਸ਼ਾ ਇੰਨਾ ਨਾਸੂਰ ਬਣਦਾ ਜਾ ਰਿਹਾ ਹੈ ਕਿ ਨੌਜਵਾਨ ਆਪਣਾ ਆਪ ਗੁਆ ਬੈਠਦੇ ਹਨ। ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਨੌਜਵਾਨ ਨੂੰ ਨਸ਼ਾ ਖਰੀਦਣ ਲਈ ਮਾਂ ਨੇ ਪੈਸੇ ਨਾ ਦਿੱਤੇ ਤਾਂ ਨੌਜਵਾਨ ਨੇ ਗੁੱਸੇ ’ਚ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਵਿਨੇ ਕੁਮਾਰ (20) ਹੈ, ਜੋ ਗਾਂਧੀ ਨਗਰ ਇਲਾਕੇ ’ਚ ਰਹਿੰਦਾ ਸੀ। ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ, ਜਿਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐੱਸ. ਆਈ. ਸੋਮਨਾਥ ਨੇ ਦੱਸਿਆ ਕਿ ਵਿਨੇ ਕੁਮਾਰ ਕੋਈ ਕੰਮ ਨਹੀਂ ਕਰਦਾ ਸੀ ਅਤੇ ਉਹ ਨਸ਼ਾ ਕਰਨ ਦਾ ਆਦੀ ਬਣ ਗਿਆ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਨਸ਼ਾ ਛੱਡਣ ਲਈ ਕਈ ਵਾਰ ਕਿਹਾ ਪਰ ਉਹ ਕਿਸੇ ਦੀ ਗੱਲ ਨਹੀਂ ਮੰਨਦਾ ਸੀ।
ਉਹ ਕਈ ਵਾਰ ਆਪਣੀ ਮਾਂ ਤੋਂ ਪੈਸੇ ਲੈ ਕੇ ਨਸ਼ਾ ਕਰ ਕੇ ਆ ਜਾਂਦਾ ਸੀ, ਜਿਸ ਕਾਰਨ ਉਸ ਦੀ ਮਾਂ ਕਾਫੀ ਪ੍ਰੇਸ਼ਾਨ ਹੋ ਗਈ ਸੀ। ਉਹ ਆਮ ਕਰ ਕੇ ਉਸ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕਹਿੰਦੀ ਸੀ ਅਤੇ ਕਹਿੰਦੀ ਸੀ ਕਿ ਉਸ ਦੇ ਹਾਲਾਤ ਠੀਕ ਨਹੀਂ ਹਨ। ਉਹ ਪੈਸੇ ਨਹੀਂ ਦੇ ਸਕਦੇ। ਬੁੱਧਵਾਰ ਦੀ ਸਵੇਰ ਵੀ ਵਿਨੇ ਨੇ ਆਪਣੀ ਮਾਂ ਤੋਂ ਪੈਸੇ ਦੀ ਮੰਗ ਕੀਤੀ ਸੀ, ਤਾਂ ਕਿ ਉਹ ਨਸ਼ਾ ਕਰ ਸਕੇ।
ਮਾਂ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਹ ਕਮਰੇ ’ਚ ਗਿਆ ਅਤੇ ਖੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਜਲਦ ਉਸ ਨੂੰ ਥੱਲੇ ਉਤਾਰਿਆ ਅਤੇ ਸਿਵਲ ਹਸਪਤਾਲ ਲੈ ਕੇ ਗਏ ਪਰ ਉਥੇ ਡਾਕਟਰਾਂ ਨੇ ਉਸ ਨੂੰ ਮਰਿਆ ਹੋਇਆ ਐਲਾਨ ਦਿੱਤਾ।
ਵੱਡੀ ਘਟਨਾ: ਰੇਲਵੇ ਸਟੇਸ਼ਨ ਦੇ ਬਾਹਰ ਚੱਲੀਆਂ ਗੋਲੀਆਂ, ਜਾਣੋ ਕੀ ਹੈ ਮਾਮਲਾ
NEXT STORY