ਗੁਰੂਹਰਸਹਾਏ (ਸਿਕਰੀ) : ਲੱਖੋਕੇ ਬਹਿਰਾਮ ਵਿਖੇ ਕੁੜੀ ਨੂੰ ਪ੍ਰੇਮ ਸਬੰਧਾਂ ’ਚ ਫਸਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ, ਧੋਖੇ ਨਾਲ ਹੋਟਲ ’ਚ ਬੁਲਾ ਕੇ ਜ਼ਬਰਦਸਤੀ ਉਸ ਨੂੰ ਗਰਭਪਾਤ ਲਈ ਦਵਾਈ ਖੁਆਉਣ ਅਤੇ ਉਸ ਨੂੰ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ’ਚ ਇਕ ਨੌਜਵਾਨ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਲੱਖੋਕੇ ਬਹਿਰਾਮ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਮਿਲੀ ਜਾਣਕਾਰੀ ਅਨੁਸਾਰ ਪੀੜਤ ਕੁੜੀ ਨੇ ਦੱਸਿਆ ਕਿ ਉਸ ਦੀ ਪਛਾਣ ਮੁਲਜ਼ਮ ਨਾਲ ਜਨਵਰੀ 2024 ’ਚ ਇੰਸਟਾਗ੍ਰਾਮ ਜ਼ਰੀਏ ਹੋਈ ਸੀ ਅਤੇ ਉਨ੍ਹਾਂ ਦੋਹਾਂ ਦੀ ਦੋਸਤੀ ਹੋ ਗਈ। 2024 ’ਚ ਮੁਲਜ਼ਮ ਉਸ ਨੂੰ ਮੋਹਾਲੀ ’ਚ ਕਿਸੇ ਹੋਟਲ ’ਚ ਲੈ ਗਿਆ, ਜਿਥੇ ਉਸ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਉਨ੍ਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ।
ਇਸ ਤੋਂ ਬਾਅਦ ਅਗਸਤ 2024 ’ਚ ਉਹ ਸੁਨਾਮ ਸ਼ਹਿਰ ਜ਼ਿਲ੍ਹਾ ਸੰਗਰੂਰ ’ਚ ਕਰੀਬ ਇਕ ਮਹੀਨਾ ਬਤੌਰ ਪਤੀ-ਪਤਨੀ ਕਿਰਾਏ ਦੇ ਮਕਾਨ ’ਤੇ ਰਹੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਉਹ ਮਕਾਨ ਖ਼ਾਲੀ ਕਰ ਦਿੱਤਾ। ਪੀੜਤਾ ਨੇ ਦੱਸਿਆ ਕਿ ਉਸ ਸਮੇਂ ਉਹ ਗਰਭਵਤੀ ਹੋ ਗਈ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਵਿਆਹ ਕਰਵਾ ਲਿਆ ਅਤੇ ਉਸ ਦੀ ਮੁਲਜ਼ਮ ਨਾਲ ਗੱਲਬਾਤ ਹੋਣੀ ਬੰਦ ਹੋ ਗਈ। ਪੀੜਤਾ ਨੇ ਦੱਸਿਆ ਕਿ 15 ਨਵੰਬਰ 2024 ਨੂੰ ਉਹ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦੇਣ ਲਈ ਥਾਣਾ ਲੱਖੋਕੇ ਬਹਿਰਾਮ ਜਾ ਰਹੀ ਸੀ ਤਾਂ ਰਸਤੇ ’ਚ ਮੁਲਜ਼ਮ ਨੇ ਉਸ ਨੂੰ ਸਮਝਾ ਕੇ ਵਾਪਸ ਅੰਮ੍ਰਿਤਸਰ ਭੇਜ ਦਿੱਤਾ ਅਤੇ 19 ਨਵੰਬਰ 2024 ਨੂੰ ਮੁਲਜ਼ਮ ਨੇ ਉਸ ਨੂੰ ਸੰਗਰੂਰ ਬੁਲਾਇਆ ਅਤੇ ਉਸ ਨੂੰ ਹੋਟਲ ’ਚ ਲਿਜਾ ਕੇ ਉਸ ਦੀ ਮਰਜ਼ੀ ਦੇ ਬਿਨਾਂ ਸਰੀਰਕ ਸਬੰਧ ਬਣਾਏ।
ਪੀੜਤਾ ਨੇ ਦੱਸਿਆ ਕਿ ਉਸ ਦੇ ਅਗਲੇ ਦਿਨ ਮੁਲਜ਼ਮ ਨੇ ਕਿਸੇ ਡਾਕਟਰ ਨੂੰ ਬੁਲਾ ਕੇ ਉਸ ਨੂੰ ਗਰਭਪਾਤ ਲਈ ਦਵਾਈ ਖੁਆਈ ਤਾਂ ਉਸ ਦਾ ਗਰਭਪਾਤ ਹੋ ਗਿਆ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਉਸ ਤੋਂ ਬਾਅਦ ਉਸ ਨੂੰ ਲਗਾਤਾਰ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਥਾਣਾ ਲੱਖੋਕੇ ਬਹਿਰਾਮ ਪੁਲਸ ਨੇ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੋਟਰ ਸਾਈਕਲ 'ਤੇ ਜਾ ਰਹੇ ਨੌਜਵਾਨ ਹੈਰੋਇਨ ਸਣੇ ਗ੍ਰਿਫ਼ਤਾਰ
NEXT STORY