ਮਹਿਲ ਕਲਾਂ (ਹਮੀਦੀ)– ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਨੇ ਪਿੰਡ ਚੰਨਣਵਾਲ ਵਿਖੇ ਪੰਚਾਇਤੀ ਜ਼ਮੀਨ ਵਿੱਚ ਸਥਾਪਿਤ ਪਰਾਲੀ ਦੇ ਡੰਪ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਬੇਲਰ ਮਾਲਕ ਵੱਲੋਂ ਚਲਾਏ ਜਾ ਰਹੇ ਬੇਲਰਾਂ ਦਾ ਜਾਇਜ਼ਾ ਲਿਆ ਤੇ ਪਿੰਡ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋ ਗਈ ਹੈ ਤੇ ਬਰਨਾਲਾ ਪ੍ਰਸ਼ਾਸਨ ਪਰਾਲੀ ਦੇ ਯੋਗ ਪ੍ਰਬੰਧਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪਿੰਡਾਂ ਦੀਆਂ ਪੰਚਾਇਤਾਂ, ਨੰਬਰਦਾਰਾਂ ਅਤੇ ਕਿਸਾਨਾਂ ਨਾਲ ਮਿਲ ਕੇ ਵੱਖ-ਵੱਖ ਥਾਵਾਂ ’ਤੇ ਪਰਾਲੀ ਦੇ ਡੰਪ ਸਥਾਪਿਤ ਕੀਤੇ ਗਏ ਹਨ ਜਿਥੇ ਬੇਲਰ ਮਸ਼ੀਨਾਂ ਅਤੇ ਐਗਰੀਗੇਟਰ ਕੰਪਨੀਆਂ ਪਰਾਲੀ ਇਕੱਠੀ ਕਰ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭੀਖ ਮੰਗਦੇ ਬੱਚਿਆਂ ਦੇ DNA ਟੈਸਟ ਤੋਂ ਵੱਡੇ ਖ਼ੁਲਾਸੇ
ਉਨ੍ਹਾਂ ਦੱਸਿਆ ਕਿ ਪਿੰਡ ਚੰਨਣਵਾਲ ਵਿਖੇ ਸਥਾਪਿਤ ਡੰਪ ‘ਚ ਨਿਊ ਬਰਨਾਲਾ ਗਰੁੱਪ ਦੇ ਲਗਭਗ 7 ਬੇਲਰ ਕੰਮ ਕਰ ਰਹੇ ਹਨ, ਜੋ ਪਿੰਡ ਚੰਨਣਵਾਲ, ਗਹਿਲ, ਰਾਏਸਰ ਆਦਿ ਇਲਾਕਿਆਂ ਵਿੱਚ ਪਰਾਲੀ ਇਕੱਠੀ ਕਰ ਰਹੇ ਹਨ। ਡੰਪ ਇੰਚਾਰਜ ਕੁਲਦੀਪ ਸਿੰਘ ਵੱਲੋਂ ਇਕੱਠੀ ਕੀਤੀ ਪਰਾਲੀ ਨੂੰ ਹੁਸ਼ਿਆਰਪੁਰ ਤੇ ਮੋਗਾ ਵਿਖੇ ਸਪਲਾਈ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਾਲ ਪਿੰਡ ਚੰਨਣਵਾਲ ਨੂੰ ਜ਼ੀਰੋ ਬਰਨਿੰਗ ਪਿੰਡ ਬਣਾਇਆ ਜਾਵੇਗਾ, ਜਦਕਿ ਅਗਲੇ ਸਾਲ ਹੋਰ 5–6 ਪਿੰਡਾਂ ਵਿੱਚ ਬੇਲਰਾਂ ਰਾਹੀਂ ਪਰਾਲੀ ਸੰਭਾਲ ਦਾ ਮਾਡਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਸ੍ਰੀਮਤੀ ਕੁਲਵਿੰਦਰ ਕੌਰ, ਨੰਬਰਦਾਰ ਤੇ ਸਮਾਜ ਸੇਵੀ ਗੁਰਜੰਟ ਸਿੰਘ ਧਾਲੀਵਾਲ, ਕੁਲਵੀਰ ਸਿੰਘ ਗਿੱਲ, ਬਲਵਿੰਦਰ ਸਿੰਘ ਫੌਜੀ ਆਦਿ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਉਹ ਆਪਣੇ ਪਿੰਡ ਨੂੰ ਪੂਰੀ ਤਰ੍ਹਾਂ ਜ਼ੀਰੋ ਬਰਨਿੰਗ ਪਿੰਡ ਬਣਾਉਣਗੇ ਅਤੇ ਕਿਸੇ ਵੀ ਖੇਤ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਣ ਦੇਣਗੇ। ਇਸ ਮੌਕੇ ਡਾ. ਧਰਮਵੀਰ ਸਿੰਘ ਕੰਬੋਜ (ਖੇਤੀਬਾੜੀ ਅਫ਼ਸਰ), ਬੇਅੰਤ ਸਿੰਘ (ਇੰਜੀਨੀਅਰ ਗਰੇਡ–1), ਸੁਨੀਤਾ ਰਾਣੀ (ਨੋਡਲ ਅਫਸਰ ਪਰਾਲੀ), ਸਾਬਕਾ ਸਰਪੰਚ ਗੁਰਜੰਟ ਸਿੰਘ ਧਾਲੀਵਾਲ, ਪੰਚ ਬਲਵਿੰਦਰ ਸਿੰਘ ਫੌਜੀ ਸਮੇਤ ਕਈ ਨੁਮਾਇੰਦੇ ਮੌਜੂਦ ਸਨ।
ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਭਿਆਨਕ ਹਾਦਸਾ! ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
NEXT STORY