ਭਵਾਨੀਗੜ੍ਹ (ਕਾਂਸਲ): ਪਤਾਸਿਆਂ ਵਾਲੀ ਗਲੀ ਵਿਖੇ ਐਡਵਾਂਸ ਦਿੱਤੇ ਕਰੀਬ 80 ਹਜ਼ਾਰ ਰੁਪਏ ਵਾਪਸ ਮੰਗਣ ਗਏ ਪਿੰਡ ਕਾਕੜਾ ਦੇ ਇਕ ਦੋਧੀ ’ਤੇ ਕਥਿਤ ਤੌਰ ’ਤੇ ਲੋਹੇ ਦੇ ਪਾਈਪ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਜ਼ਖ਼ਮੀ ਦੀ ਪਛਾਣ ਕੁਲਦੀਪ ਸਿੰਘ ਵਾਸੀ ਕਾਕੜਾ ਵਜੋਂ ਹੋਈ ਹੈ, ਜਿਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਰੈਫ਼ਰ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਦੇ ਵੱਡੇ ਭਰਾ ਸ਼ਮਸ਼ੇਰ ਸਿੰਘ ਪੁੱਤਰ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਕੁਲਦੀਪ ਸਿੰਘ ਪਿੰਡ ਕਾਕੜਾ ਵਿਖੇ ਦੁੱਧ ਦੀ ਡੇਅਰੀ ਦਾ ਕੰਮ ਕਰਦਾ ਹੈ। ਉਨ੍ਹਾਂ ਦੇ ਪਿੰਡ ਦਾ ਹੀ ਇੱਕ ਵਿਅਕਤੀ ਉਸ ਦੀ ਡੇਅਰੀ ਵਿੱਚ ਦੁੱਧ ਪਾਉਂਦਾ ਸੀ ਅਤੇ ਸਮੇਂ-ਸਮੇਂ ’ਤੇ ਐਡਵਾਂਸ ਰਕਮ ਵੀ ਲੈ ਜਾਂਦਾ ਸੀ। ਇਸ ਤਰ੍ਹਾਂ ਉਕਤ ਵਿਅਕਤੀ ਵੱਲ ਕਰੀਬ 80 ਹਜ਼ਾਰ ਰੁਪਏ ਬਕਾਇਆ ਹੋ ਗਏ ਸਨ।
ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਉਕਤ ਵਿਅਕਤੀ ਨੇ ਕੁਲਦੀਪ ਸਿੰਘ ਦੀ ਡੇਅਰੀ ਵਿੱਚ ਦੁੱਧ ਪਾਉਣਾ ਬੰਦ ਕਰ ਦਿੱਤਾ ਅਤੇ ਕਿਸੇ ਹੋਰ ਡੇਅਰੀ ਵਿੱਚ ਦੁੱਧ ਪਾਉਣ ਲੱਗ ਪਿਆ। ਜਦੋਂ ਕੁਲਦੀਪ ਸਿੰਘ ਆਪਣੇ ਦਿੱਤੇ ਹੋਏ ਪੈਸੇ ਵਾਪਸ ਮੰਗਦਾ ਸੀ ਤਾਂ ਕਥਿਤ ਤੌਰ ’ਤੇ ਉਸ ਨੂੰ ਟਾਲ-ਮਟੋਲ ਕਰਨ ਦੇ ਨਾਲ-ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ।
ਸ਼ਮਸ਼ੇਰ ਸਿੰਘ ਅਨੁਸਾਰ ਜਦੋਂ ਉਸ ਦਾ ਭਰਾ ਕੁਲਦੀਪ ਸਿੰਘ ਆਪਣੇ ਪੈਸੇ ਵਾਪਸ ਲੈਣ ਲਈ ਭਵਾਨੀਗੜ੍ਹ ਦੀ ਪਤਾਸਿਆਂ ਵਾਲੀ ਗਲੀ ਸਥਿਤ ਉਕਤ ਵਿਅਕਤੀ ਦੀ ਦੁਕਾਨ ’ਤੇ ਗਿਆ ਤਾਂ ਉਸ ’ਤੇ ਕਥਿਤ ਤੌਰ ’ਤੇ ਲੋਹੇ ਦੇ ਪਾਈਪ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਲੋਕਾਂ ਵੱਲੋਂ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਰੈਫ਼ਰ ਕਰ ਦਿੱਤਾ।
ਇਸ ਸਬੰਧੀ ਥਾਣਾ ਭਵਾਨੀਗੜ੍ਹ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦੇ ਬਿਆਨ ਦਰਜ ਕਰਨ ਉਪਰੰਤ ਮਾਮਲੇ ਵਿੱਚ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਰਾਲੀ ਸਾੜਨ ਕਾਰਨ ਧੂੰਏਂ ਦੀ ਲਪੇਟ ’ਚ ਆਇਆ ਇਲਾਕਾ, ਲੋਕਾਂ ਦਾ ਸਾਹ ਲੈਣਾ ਹੋਇਆ ਮੁਸ਼ਕਲ
NEXT STORY