ਭਵਾਨੀਗੜ੍ਹ (ਵਿਕਾਸ ਮਿੱਤਲ) : ਬਲਾਕ ਦੇ ਪਿੰਡ ਖੇੜੀ ਗਿੱਲਾਂ ਦੇ ਨਰੇਗਾ ਮਜ਼ਦੂਰਾਂ ਨੇ ਸੋਮਵਾਰ ਨੂੰ ਇੱਥੇ ਬਲਾਕ ਵਿਕਾਸ ਪੰਚਾਇਤ (ਬੀ.ਡੀ.ਪੀ.ਓ.) ਦਫ਼ਤਰ ਅੱਗੇ ਧਰਨਾ ਦਿੰਦਿਆਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਨਰੇਗਾ ਮਜ਼ਦੂਰ ਪਿੰਡ ਵਿਚ ਨਵਾਂ ਮੇਟ ਲਗਾਉਣ ਦਾ ਵਿਰੋਧ ਕਰ ਰਹੇ ਸਨ। ਇਸ ਸਬੰਧੀ ਉਨ੍ਹਾਂ ਬੀਡੀਪੀਓ ਨੂੰ ਲਿਖਤੀ ਸ਼ਿਕਾਇਤ ਦੇ ਕੇ ਨਵੇਂ ਮੇਟ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਰੋਸ ਪ੍ਰਦਰਸ਼ਨ ਕਰਦਿਆਂ ਨਰੇਗਾ ਮਜ਼ਦੂਰਾਂ ਜਰਨੈਲ ਕੌਰ, ਲਖਵੀਰ ਕੌਰ, ਸਰਬਜੀਤ ਕੌਰ, ਸਿੰਦਰ ਕੌਰ, ਸਤਪਾਲ ਸਿੰਘ, ਦਾਰਾ ਸਿੰਘ, ਰਾਮਇੰਦਰ ਸਿੰਘ ਆਦਿ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਉਨ੍ਹਾਂ ਦੇ ਪਿੰਡ ਵਿੱਚ ਪਿਛਲੇ ਢਾਈ ਸਾਲਾਂ ਤੋਂ ਨਰੇਗਾ ਦੇ ਮੇਟ ਵਜੋਂ ਕੰਮ ਕਰਦਾ ਆ ਰਿਹਾ ਸੀ ਜਿਸ ਤੋਂ ਸਾਰੇ ਮਜ਼ਦੂਰ ਸੰਤੁਸ਼ਟ ਸਨ ਕਿਉਂਕਿ ਬਿਨਾਂ ਪੱਖਪਾਤ ਤੋਂ ਸਾਰੇ ਮਜ਼ਦੂਰਾਂ ਵਿਚ ਕੰਮ ਨੂੰ ਵੰਡਿਆ ਜਾਂਦਾ ਰਿਹਾ ਸੀ ਪਰੰਤੂ ਇਸ ਵਿਚਾਲੇ ਸਿਆਸੀ ਦਬਾਅ ਦੇ ਚੱਲਦਿਆਂ ਅਚਾਨਕ ਕੁਲਵਿੰਦਰ ਸਿੰਘ ਨੂੰ ਹਟਾ ਕੇ ਉਸਦੀ ਥਾਂ ਨਵੀਂ ਮਹਿਲਾ ਮੇਟ ਨੂੰ ਲਗਾ ਦਿੱਤਾ ਗਿਆ ਜੋ ਮਜ਼ਦੂਰਾਂ ਨੂੰ ਮਨਜ਼ੂਰ ਨਹੀਂ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਨਵੀਂ ਮੇਟ ਸ਼ਰੇਆਮ ਵਿਤਕਰਾ ਕਰਕੇ ਮਜ਼ਦੂਰਾਂ ਨੂੰ ਕੰਮ ਤੋਂ ਵਾਂਝੇ ਰੱਖ ਰਹੀ ਹੈ, ਉੱਥੇ ਹੀ ਆਪਣੇ ਚਹੇਤਿਆਂ ਨੂੰ ਕੰਮ 'ਤੇ ਲਗਾਇਆ ਜਾ ਰਿਹਾ ਹੈ ਅਤੇ ਆਖਦੀ ਹੈ ਕਿ ਜੋ ਉਸਦੇ ਘਰ ਚੱਲ ਕੇ ਆਵੇਗਾ ਉਸਦਾ ਨਾਂ ਹੀ ਲਿਸਟ ਵਿੱਚ ਪਾਇਆ ਜਾਵੇਗਾ। ਇਸ ਸਭ ਤੋਂ ਦੁਖੀ ਹੋ ਕੇ ਹੀ ਅੱਜ ਉਹ ਬੀ.ਡੀ.ਪੀ.ਓ ਦਫ਼ਤਰ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਏ ਹਨ ਤੇ ਉਨ੍ਹਾਂ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੇਟ ਕੁਲਵਿੰਦਰ ਸਿੰਘ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਉਧਰ, ਦੂਜੇ ਪਾਸੇ ਨਰੇਗਾ ਬਲਾਕ ਭਵਾਨੀਗੜ੍ਹ ਦੇ ਵਧੀਕ ਪ੍ਰੋਗਰਾਮ ਅਫ਼ਸਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਸਬੰਧਤ ਪੰਚਾਇਤ ਸਕੱਤਰ ਵੱਲੋਂ ਉਪਰੋਂ ਮਿਲੇ ਹੁਕਮਾਂ ਦੇ ਚੱਲਦਿਆਂ ਨਵੀਂ ਮਹਿਲਾ ਮੇਟ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਮੀਟਿੰਗ ਕਰਕੇ ਮਸਲਾ ਹੱਲ ਕਰ ਲਿਆ ਜਾਵੇਗਾ।
ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ ਵਿਭਾਗ ਦੀ ਵੱਡੀ ਕਾਰਵਾਈ
NEXT STORY