ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਕੋਠੀ ਨੇੜੇ ਰੋਸ ਪ੍ਰਦਰਸ਼ਨ ਕਰ ਰਹੇ 8736 ਕੱਚੇ ਅਧਿਆਪਕਾਂ ਤੇ ਪੁਲਸ ਵਿਚਕਾਰ ਧੱਕਾ-ਮੁੱਕੀ ਹੋਣ ਤੋਂ ਬਾਅਦ ਪੁਲਸ ਵੱਲੋਂ ਲਾਠੀਚਾਰਜ ਕੀਤਾ ਗਿਆ, ਜਿਸ ਦੌਰਾਨ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਲੱਥ ਗਈਆਂ ਤੇ ਪੁਲਸ ਵੱਲੋਂ ਦਰਜਨਾਂ ਅਧਿਆਪਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਅਤੇ ਅਧਿਆਪਕਾਂ ’ਚ ਕਈ ਵਾਰ ਧੱਕਾ-ਮੁੱਕੀ, ਝੜਪਾਂ ਤੇ ਖਿੱਚ-ਧੂਹ ਹੋਈ। ਜ਼ਿਕਰਯੋਗ ਹੈ ਕਿ 8736 ਅਧਿਅਪਕ ਪਿੰਡ ਖੁਰਾਣਾ ਦੀ ਪਾਣੀ ਟੈਂਕੀ ’ਤੇ ਪਾਲਿਸੀ ਤਹਿਤ ਰੈਗੂਲਰ ਆਰਡਰ ਕਰਵਾਉਣ ਲਈ ਪਿਛਲੇ 19 ਦਿਨਾਂ ਤੋਂ ਡਟੇ ਹੋਏ ਹਨ। ਧਰਨਾਕਾਰੀ ਅਧਿਆਪਕ ਇੰਦਰਜੀਤ ਸਿੰਘ ਮਾਨਸਾ ਟੈਂਕੀ ’ਤੇ ਪ੍ਰਦਰਸ਼ਨ ਕਰ ਰਿਹਾ ਹੈ, ਜਦਕਿ ਬਾਕੀ ਸਾਥੀਆਂ ਵੱਲੋਂ ਹੇਠਾਂ ਮੋਰਚਾ ਲਗਾਇਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਵੱਡਾ ਕਦਮ ਚੁੱਕਣ ਦੀ ਤਿਆਰੀ ’ਚ, ਪੰਚਾਇਤਾਂ ਲਈ ਲਾਜ਼ਮੀ ਹੋਇਆ ਇਹ ਕੰਮ, ਪੜ੍ਹੋ Top 10
ਅੱਜ ਅਧਿਆਪਕਾਂ ਵੱਲੋਂ ਸੂਬਾ ਪੱਧਰੀ ਐਕਸ਼ਨ ਰੈਲੀ ਦਾ ਸੱਦਾ ਦਿੱਤਾ ਗਿਆ ਸੀ, ਜਿਸ ’ਚ ਅਧਿਆਪਕਾਂ ਤੋਂ ਇਲਾਵਾ ਹੋਰ ਭਰਾਤਰੀ ਤੇ ਕਿਸਾਨ ਜਥੇਬੰਦੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸੇ ਦੌਰਾਨ ਅਧਿਆਪਕਾਂ ਵੱਲੋਂ ਖੁਰਾਣਾ ਟੈਂਕੀ ਤੋਂ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਦਿੱਤਾ ਗਿਆ ਤਾਂ ਪੁਲਸ ਵੱਲੋਂ ਇਨ੍ਹਾਂ ਨੂੰ ਬੈਰੀਕੇਡ ਲਗਾ ਕੇ ਰੋਕਿਆ ਗਿਆ, ਜਦਕਿ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨ ’ਤੇ ਅੜੇ ਹੋਏ ਸਨ ਅਤੇ ਪ੍ਰਦਰਸ਼ਨਕਾਰੀ ਅਧਿਆਪਕਾਂ ਤੇ ਪੁਲਸ ਵਿਚਾਲੇ ਜ਼ੋਰਦਾਰ ਧੱਕਾ-ਮੁੱਕੀ ਤੇ ਝੜਪਾਂ ਸ਼ੁਰੂ ਹੋ ਗਈਆਂ ਤੇ ਪੁਲਸ ਵੱਲੋਂ ਧਰਨਕਾਰੀਆਂ ’ਤੇ ਕਾਬੂ ਪਾਉਣ ਲਈ ਲਾਠੀਚਾਰਜ ਤੇ ਦਰਜਨਾਂ ਅਧਿਆਪਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਨੇੜਲੇ ਖੇਤਾਂ ’ਚੋਂ ਦੀ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਸ ਵੱਲੋਂ ਉੱਥੇ ਵੀ ਉਨ੍ਹਾਂ ਨੂੰ ਰੋਕਿਆ ਗਿਆ ਤੇ ਜਿਸ ਦੌਰਾਨ ਮੁੜ ਫਿਰ ਪ੍ਰਦਰਸ਼ਨਕਾਰੀ ਅਧਿਆਪਕਾਂ ਤੇ ਪੁਲਸ ਵਿਚਾਲੇ ਧੱਕਾ-ਮੁੱਕੀ ਤੇ ਖਿੱਚ-ਧੂਹ ਹੋਈ। ਪ੍ਰਦਰਸ਼ਨਕਾਰੀਆਂ ਅਧਿਆਪਕਾਂ ਨੇ ਪੁਲਸ ’ਤੇ ਨਾਜਾਇਜ਼ ਲਾਠੀਚਾਰਜ ਅਤੇ ਬਦਸਲੂਕੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਖਿੱਚ-ਧੂਹ ਕਾਰਨ ਕਈ ਮਹਿਲਾ ਤੇ ਪੁਰਸ਼ ਅਧਿਆਪਕਾਂ ਦੇ ਕੱਪੜੇ ਫਟ ਗਏ ਅਤੇ ਉਨ੍ਹਾਂ ਦੀਆਂ ਚੁੰਨੀਆਂ ਅਤੇ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਲੱਥ ਗਈਆਂ।
ਇਹ ਖ਼ਬਰ ਵੀ ਪੜ੍ਹੋ : ASI ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਹੋਈ ਦਰਦਨਾਕ ਮੌਤ
ਕੁਝ ਮਹਿਲਾ ਅਧਿਅਪਕਾ ਦੀਆਂ ਚੁੰਨੀਆਂ ਤੱਕ ਫਟ ਗਈਆਂ। ਉਨ੍ਹਾਂ ਕਿਹਾ ਕਿ ਲਾਠੀਚਾਰਜ ਤੇ ਖਿੱਚ-ਧੂਹ ਕਾਰਨ ਕਈ ਮਹਿਲਾ ਅਧਿਆਪਕ ਜ਼ਖ਼ਮੀ ਤੇ ਬੇਹੋਸ਼ ਹੋ ਗਈਆਂ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਦੱਸਿਆ ਕਿ ਇਹ ਰੈਗੂਲਰ ਹੋਣ ਸਬੰਧੀ ਪਿਛਲੇ 19 ਦਿਨਾਂ ਤੋਂ ਪਾਣੀ ਦੀ ਟੈਂਕੀ ’ਤੇ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਪਾਲਿਸੀ ਤਹਿਤ ਰੈਗੂਲਰ ਕਰਨ ਅਤੇ ਭੱਤਿਆਂ ਸਮੇਤ ਤਨਖਾਹਾਂ ’ਚ ਵਾਧੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਤੇ ਮੰਗਾਂ ਦੀ ਪੂਰਤੀ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਰਮਦੇਵ ਡੀ. ਟੀ. ਐੱਫ., ਰਾਜੀਵ ਬਰਨਾਲਾ ਡੀ. ਟੀ. ਐੱਫ., ਮਨਪ੍ਰੀਤ ਸਿੰਘ ਮੋਹਾਲੀ, ਗੁਰਪ੍ਰੀਤ, ਜੋਗਾ ਸਿੰਘ, ਦਿਗਵਿਜੇ ਪਾਲ ਸ਼ਰਮਾ, ਰਘਵੀਰ ਭਵਾਨੀਗੜ੍ਹ, ਸੁਖਵਿੰਦਰ ਸੁੱਖੀ, ਕਰਮਜੀਤ ਸਿੰਘ, ਲਖਵੀਰ ਸਿੰਘ , ਮਨਜੀਤ ਘਰਾਚੋਂ ਸੀਨੀਅਰ ਮੀਤ ਪ੍ਰਧਾਨਾ ਭਾਰਤੀ ਕਿਸਾਨ ਯੂਨੀਅਨ ਏਕਤ ਉਗਰਾਹਾਂ, ਜੁਝਾਰ ਲੌਂਗੋਵਾਲ, ਮਨਪ੍ਰੀਤ ਸਿੰਘ ਮੋਗਾ ਪੰਜਾਬ ਪ੍ਰਧਾਨ, ਗੁਰਵਿੰਦਰ ਸਿੰਘ ਮੀਤ ਪ੍ਰਧਾਨ, ਗੁਰਮੀਤ ਸਿੰਘ ਪੱਡਾ ਜਨਰਲ ਸੈਕਟਰੀ, ਰੇਸ਼ਮ ਸਿੰਘ ਸੰਗਰੂਰ, ਗੁਰਲਾਲ ਸਿੰਘ ਆਦਿ ਮੌਜੂਦ ਸਨ।
ਬਿਨਾਂ ਦੱਸੇ ਖ਼ਪਤਕਾਰ ਦੇ ਖ਼ਾਤੇ ’ਚੋਂ 94 ਹਜ਼ਾਰ ਰੁਪਏ ਕੱਟੇ
NEXT STORY