ਭਵਾਨੀਗੜ੍ਹ(ਵਿਕਾਸ) : ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਅਧੀਨ ਆਉਂਦੀ ਸਬ ਡਵੀਜ਼ਨ ਭਵਾਨੀਗੜ੍ਹ ’ਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਸਰਕਾਰੀ ਹਸਪਤਾਲ ਲੋਕਾਂ ਲਈ ਸਫੈਦ ਹਾਥੀ ਸਾਬਿਤ ਹੋ ਰਿਹਾ ਹੈ। ਇਸ ਸਬੰਧੀ ਲੋਕਾਂ ਦਾ ਆਖਣਾ ਹੈ ਕਿ ਹਸਪਤਾਲ ’ਚ ਮਾਹਿਰ ਡਾਕਟਰਾਂ ਤੇ ਹੋਰ ਜ਼ਰੂਰੀ ਟੈਸਟਾਂ ਦੀ ਕਮੀ ਪਹਿਲਾਂ ਹੀ ਇੱਥੇ ਪਹੁੰਚਣ ਵਾਲੇ ਮਰੀਜ਼ਾਂ ਨੂੰ ਖਲਦੀ ਸੀ ਤੇ ਹੁਣ ਹਸਪਤਾਲ ’ਚ ਬਿਜਲੀ ਸਪਲਾਈ ਬੰਦ ਹੋਣ ’ਤੇ ਵੀ ਆਮ ਲੋਕਾਂ ਤੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਬੀਤੀ ਰਾਤ ਵੀ ਹਸਪਤਾਲ ’ਚ ਹਾਜ਼ਰ ਮਰੀਜ਼ਾਂ ਨੂੰ ਬਿਜਲੀ ਦੀ ਅੱਖ ਮਿਚੋਲੀ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਮੁਤਾਬਕ ਬੁੱਧਵਾਰ ਦੇਰ ਸ਼ਾਮ ਸ਼ਹਿਰ ’ਚ ਬਿਜਲੀ ਸਪਲਾਈ ਬੰਦ ਹੋ ਗਈ ਤਾਂ ਇਸ ਦੌਰਾਨ ਸਰਕਾਰੀ ਹਸਪਤਾਲ ਹਨੇਰੇ ’ਚ ਡੁੱਬ ਗਿਆ।
ਇਹ ਵੀ ਪੜ੍ਹੋ- ਭਾਦਸੋਂ ਵਿਖੇ ਸਕੂਲ ਲੱਗਣ ਤੋਂ ਪਹਿਲਾਂ ਹੀ ਖੁੱਲ੍ਹ ਜਾਂਦੇ ਨੇ ਠੇਕੇ, ਮਹਿਕਮਾ ਹੋਇਆ ਸੁਸਤ ਠੇਕੇਦਾਰ ਹੋਏ ਚੁਸਤ
ਲੋਕਾਂ ਨੇ ਦੱਸਿਆ ਕਿ ਬਿਜਲੀ ਨਾ ਆਉਣ ਕਾਰਨ ਜਨਰਲ ਸਮੇਤ ਜੱਚਾ-ਬੱਚਾ ਵਾਰਡ ’ਚ ਦਾਖ਼ਲ ਮਰੀਜ਼ਾਂ ਤੇ ਉਨ੍ਹਾਂ ਨਾਲ ਆਏ ਪਰਿਵਾਰਕ ਮੈਂਬਰ ਨੂੰ ਡੇਢ ਦੋ ਘੰਟੇ ਹਨੇਰੇ ’ਚ ਹੀ ਬੈਠਣਾ ਪਿਆ। ਕਾਫ਼ੀ ਸਮਾਂ ਬਿਜਲੀ ਨਹੀਂ ਆਈ ਤਾਂ ਮਰੀਜ਼ਾਂ ਤੇ ਲੋਕਾਂ ਨੇ ਹਸਪਤਾਲ ਸਟਾਫ ਨੂੰ ਜਨਰੇਟਰ ਚਲਾਉਣ ਦੀ ਗੁਜਾਰਿਸ਼ ਕੀਤਾ ਤਾਂ ਉਨ੍ਹਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਸੈਲਫ ਸਟਾਰਟ ਜੈਨਰੇਟਰ ਦੀ ਬੈਟਰੀ ਡਾਊਨ ਹੋਣ ਕਾਰਨ ਜੈਨਰੇਟਰ ਨਹੀਂ ਚੱਲ ਸਕੇਗਾ। ਬਾਅਦ ’ਚ ਜਦੋਂ ਲੋਕਾਂ ਨੇ ਹਸਪਤਾਲ ’ਚ ਮਰੀਜ਼ਾਂ ਨੂੰ ਆ ਰਹੀ ਇਸ ਪ੍ਰੇਸ਼ਾਨੀ ਬਾਬਤ ਮੀਡੀਆ ਨੂੰ ਜਾਣੂ ਕਰਵਾਇਆ ਤਾਂ ਮੌਕੇ ’ਤੇ ਪਹੁੰਚੇ ਮੀਡੀਆ ਕਰਮੀਆਂ ਨੇ ਦੇਖਿਆ ਕਿ ਹਸਪਤਾਲ ’ਚ ਘੁੱਪ ਹਨੇਰਾ ਛਾਇਆ ਹੋਇਆ ਸੀ।
ਅਖੇ ਤੁਸੀਂ ਬੈਟਰੇ ਦਾ ਪ੍ਰਬੰਧ ਕਰ ਦਿਓ, ਬਿਜਲੀ ਚਲਾ ਦੇਆਂਗੇ
ਇਸ ਮੌਕੇ ਹਸਪਤਾਲ ’ਚ ਮੌਜੂਦ ਮਨਦੀਪ ਸਿੰਘ ਤੇ ਉਸਦੇ ਭਰਾ ਰਾਜਨ ਸਿੰਘ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਦੇ ਬੱਚਾ ਹੋਣਾ ਹੈ ਜਿਸਨੂੰ ਲੈ ਕੇ ਉਹ ਹਸਪਤਾਲ ਪਹੁੰਚੇ ਹਨ ਪਰ ਹਸਪਤਾਲ ’ਚ ਬਿਜਲੀ ਨਾ ਹੋਣ ਕਾਰਨ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ ਤੇ ਉਨ੍ਹਾਂ ਨੂੰ ਵੀ ਚਿੰਤਾ ਹੈ ਕਿ ਅਜਿਹੇ ’ਚ ਡਾਕਟਰ ਉਨ੍ਹਾਂ ਦੀ ਭੈਣ ਨੂੰ ਕਿਸ ਤਰ੍ਹਾਂ ਦੇਖਣਗੇ। ਉਕਤ ਨੌਜਵਾਨਾਂ ਨੇ ਦੱਸਿਆ ਕਿ ਕਾਫੀ ਸਮਾਂ ਲਾਇਟ ਨਾ ਆਉਣ ’ਤੇ ਜਦੋਂ ਉਨ੍ਹਾਂ ਸਟਾਫ ਨੂੰ ਜੈਨਰੇਟਰ ਚਲਾਉਣ ਸਬੰਧੀ ਆਖਿਆ ਤਾਂ ਸਟਾਫ ’ਚੋਂ ਕਿਸੇ ਨੇ ਆਖਿਆ ਕਿ ਜੇਕਰ ਤੁਸੀਂ ਬੈਟਰੇ ਦਾ ਪ੍ਰਬੰਧ ਕਰ ਦੇਵੋ ਤਾਂ ਬਿਜਲੀ ਚਲ ਸਕਦੀ ਹੈ ਜਿਸ ਉਪਰੰਤ ਉਹ ਆਪਣੇ ਟਰੱਕ ਦਾ ਬੈਟਰਾ ਖੋਲ੍ਹ ਕੇ ਕਾਰ ’ਚ ਲਿਆਏ ਸਨ ਪਰ ਇਸੇ ਦੌਰਾਨ ਬਿਜਲੀ ਆ ਗਈ। ਇਸ ਦੌਰਾਨ ਹਾਜ਼ਰ ਹੋਰ ਲੋਕਾਂ ਨੇ ਵੀ ਇਸ ’ਤੇ ਹੈਰਾਨੀ ਜਤਾਈ ਤੇ ਕਿਹਾ ਕਿ ਹਸਪਤਾਲ ’ਚ ਬਿਜਲੀ ਜਾਣ ’ਤੇ ਸਟਾਫ ਨੂੰ ਬਿਜਲੀ ਦਾ ਪ੍ਰਬੰਧ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਹੈ।
ਹਸਪਤਾਲ 'ਚ ਸਾਰੇ ਪ੍ਰਬੰਧ ਮੌਜੂਦ : ਡਿਊਟੀ ਡਾਕਟਰ
ਓਧਰ, ਦੂਜੇ ਪਾਸੇ ਅਮਰਜੈਂਸੀ ਡਿਊਟੀ ’ਤੇ ਹਾਜ਼ਰ ਮੈਡੀਕਲ ਅਫਸਰ ਨੇ ਹਸਪਤਾਲ ’ਚ ਬਿਜਲੀ ਬੰਦ ਹੋਣ ਦੀ ਗੱਲ ਨੂੰ ਹੀ ਖਾਰਿਜ ਕਰ ਦਿੱਤਾ ਤੇ ਉਨ੍ਹਾਂ ਕਿਹਾ ਕਿ ਸਟਾਫ ਵੱਲੋਂ ਕਿਸੇ ਵੀ ਮਰੀਜ਼ ਦੇ ਪਰਿਵਾਰ ਨੂੰ ਬੈਟਰਾ ਲਿਆਉਣ ਦੀ ਗੱਲ ਨਹੀਂ ਆਖੀ ਗਈ। ਬਿਜਲੀ ਦਾ ਕੱਟ ਲੱਗਣ ’ਤੇ ਹਸਪਤਾਲ ’ਚ ਜਨਰੇਟਰ ਵਗੈਰਾ ਦਾ ਪੂਰਾ ਪ੍ਰਬੰਧ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਅਮਰਗੜ੍ਹ 'ਚ ਸਟੀਲ ਫੈਕਟਰੀ 'ਚ ਹੋਇਆ ਭਿਆਨਕ ਧਮਾਕਾ, 7 ਮਜ਼ਦੂਰ ਗੰਭੀਰ ਜ਼ਖ਼ਮੀ
NEXT STORY