ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 'ਚ ਅੱਜ ਭਾਰਤੀ ਟੀਮ ਨੇ ਆਪਣਾ ਦੁਜਾ ਮੈਚ ਨੀਦਰਲੈਂਡ ਖ਼ਿਲਾਫ਼ ਸਿਡਨੀ 'ਚ ਖੇਡਿਆ। ਵਿਸ਼ਵ ਕੱਪ ਸੀਰੀਜ਼ ਵਿੱਚ ਹੁਣ ਤੱਕ ਇਨ੍ਹਾਂ ਦੋਵਾਂ ਟੀਮਾਂ ਨੇ ਇੱਕ-ਇੱਕ ਮੈਚ ਖੇਡਿਆ ਹੈ। ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਦੇ ਖਿਲਾਫ਼ ਸੀ, ਜਿਸ ਵਿੱਚ ਭਾਰਤ ਨੇ ਜਿੱਤ ਹਾਸਿਲ ਕੀਤੀ ਸੀ ਜਦਕਿ ਨੀਦਰਲੈਂਡ ਆਪਣਾ ਪਹਿਲਾ ਮੈਚ ਹਾਰ ਚੁੱਕਾ ਹੈ।
ਨੀਦਰਲੈਂਡ ਦੀ ਟੀਮ ਵੱਲੋਂ ਭਾਰਤੀ ਪੰਜਾਬ ਦਾ ਇਕ ਖਿਡਾਰੀ ਵੀ ਇਸ ਮੈਚ ਵਿੱਚ ਖੇਡਿਆ ਜਿਸ ਦਾ ਨਾਂ ਹੈ ਵਿਕਰਮਜੀਤ ਸਿੰਘ ਹੈ। ਹਾਲਾਂਕਿ ਉਹ ਨੀਦਰਲੈਂਡ ਵਲੋਂ ਬੱਲੇਬਾਜ਼ੀ ਕਰਦੇ ਹੋਏ 1 ਦੌੜ ਬਣਾ ਭੁਵਨੇਸ਼ਵਰ ਕੁਮਾਰ ਵਲੋਂ ਆਊਟ ਹੋਏ। 19 ਸਾਲਾ ਵਿਕਰਮਜੀਤ ਸਿੰਘ ਖੱਬੇ ਹੱਥ ਦਾ ਬੱਲੇਬਾਜ਼ ਹੈ ਅਤੇ ਉਸ ਨੇ ਹੁਣ ਤੱਕ 12 ਵਨਡੇ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਵਿੱਚ ਹੁਣ ਤੱਕ ਉਸ ਨੇ ਕੁੱਲ 367 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਸ ਦੇ ਖਾਤੇ 7 ਟੀ20 ਮੈਚ ਵੀ ਦਰਜ ਹਨ। ਉਸ ਨੇ ਵਨਡੇ ਮੈਚਾਂ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਨਿਊਜ਼ੀਲੈਂਡ ਦੇ ਖ਼ਿਲਾਫ਼ ਮੈਚ ਖੇਡ ਕੇ ਕੀਤੀ ਸੀ।ਇਹ ਪਹਿਲਾ ਮੌਕਾ ਹੈ ਜਦੋਂ ਵਿਕਰਮਜੀਤ ਸਿੰਘ ਨੀਦਰਲੈਂਡ ਦੀ ਟੀਮ 'ਚ ਰਹਿੰਦੇ ਹੋਏ ਭਾਰਤ ਦੇ ਖ਼ਿਲਾਫ਼ ਖੇਡਿਆ ਹੈ। ਦਿਲਚਸਪ ਹੈ ਕਿ ਵਿਕਰਮਜੀਤ ਸਿੰਘ ਨੇ ਉਸੇ ਮੁਲਕ ਭਾਰਤ ਖਿਲਾਫ਼ ਮੈਦਾਨ ਵਿੱਚ ਉਤਰੇ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ ਅਤੇ ਜਿੱਥੇ ਉਨ੍ਹਾਂ ਕ੍ਰਿਕਟ ਦੀ ਸਿਖਲਾਈ ਵੀ ਲਈ ਹੈ।
ਇਹ ਵੀ ਪੜ੍ਹੋ : BCCI ਦਾ ਇਤਿਹਾਸਕ ਫੈਸਲਾ, ਹੁਣ ਪੁਰਸ਼ ਕ੍ਰਿਕਟਰਾਂ ਦੇ ਬਰਾਬਰ ਹੋਈ ਮਹਿਲਾ ਖਿਡਾਰੀਆਂ ਦੀ ਮੈਚ ਫੀਸ
ਵਿਕਰਮਜੀਤ ਸਿੰਘ ਦਾ ਜਨਮ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਚੀਮਾ ਖੁਰਦ ਪਿੰਡ ਵਿੱਚ ਹੋਇਆ ਹੈ। ਸਾਲ 1980 ਦੇ ਦਹਾਕੇ ਵਿੱਚ ਪੰਜਾਬ ਤੋਂ ਵਿਕਰਮਜੀਤ ਦੇ ਦਾਦਾ ਖੁਸ਼ੀ ਚੀਮਾ ਨੀਦਰਲੈਂਡ ਚਲੇ ਗਏ ਸਨ।ਉਸ ਵੇਲੇ ਵਿਕਰਮਜੀਤ ਦੇ ਪਿਤਾ ਹਰਪ੍ਰੀਤ ਸਿੰਘ ਸਿਰਫ਼ 5 ਸਾਲ ਦੇ ਸਨ।ਵਿਦੇਸ਼ ਜਾਣ ਤੋਂ ਬਾਅਦ ਵੀ ਵਿਕਰਮਜੀਤ ਦੇ ਪਰਿਵਾਰ ਦਾ ਪੰਜਾਬ ਨਾਲ ਨਾਤਾ ਜੁੜਿਆ ਰਿਹਾ। ਵਿਕਰਮਜੀਤ ਦਾ ਜਨਮ 2003 ਵਿੱਚ ਪੰਜਾਬ ''ਚ ਹੀ ਜਲੰਧਰ ਦੇ ਪਿੰਡ ਚੀਮਾ ਖੁਰਦ ਵਿਖੇ ਹੋਇਆ ਸੀ। ਵਿਕਰਮਜੀਤ ਨੇ ਮੁੱਢਲੀ ਸਿੱਖਿਆ ਜਲੰਧਰ ਦੇ ਇਕ ਪ੍ਰਾਈਵੇਟ ਸਕੂਲ ਤੋਂ ਪ੍ਰਾਪਤ ਕੀਤੀ । 2008 ਵਿੱਚ ਵਿਕਰਮਜੀਤ ਸਿੰਘ ਪੰਜ ਸਾਲ ਦੀ ਉਮਰ ਵਿੱਚ ਨੀਦਰਲੈਂਡ ਚਲਾ ਗਿਆ।ਵਿਕਰਮਜੀਤ ਦੇ ਪਿਤਾ ਵੀ ਕ੍ਰਿਕਟ ਪ੍ਰੇਮੀ ਹਨ ਅਤੇ ਉਨ੍ਹਾਂ ਨੇ ਪੁੱਤਰ ਨੂੰ ਖੇਡ ਪ੍ਰਤੀ ਉਤਸ਼ਾਹਿਤ ਕੀਤਾ।
ਵਿਕਰਮਜੀਤ ਸਿੰਘ ਦੀ ਇਕ ਤਸਵੀਰ
ਬਚਪਨ 'ਚ ਵਿਕਰਮਜੀਤ ਸਿੰਘ ਆਪਣੇ ਸਾਥੀਆਂ ਨਾਲ
ਵਿਕਰਮਜੀਤ ਸਿੰਘ ਨੇ 11 ਸਾਲ ਦੀ ਉਮਰ ਵਿੱਚ ਅੰਡਰ-12 ਕ੍ਰਿਕਟ ਟੂਰਨਾਮੈਂਟ ਖੇਡਣਾ ਸ਼ੁਰੂ ਕੀਤਾ ਸੀ। ਵਿਕਰਮਜੀਤ ਦੇ ਦਾਦਾ ਖੁਸ਼ੀ ਚੀਮਾ ਦੱਸਦੇ ਹਨ ਕਿ 2016 ਤੋਂ 2018 ਤੱਕ ਵਿਕਰਮਜੀਤ ਨੇ ਚੰਡੀਗੜ੍ਹ ਦੀ ਗੁਰੂ ਸਾਗਰ ਕ੍ਰਿਕਟ ਅਕੈਡਮੀ ਵਿਖੇ ਕ੍ਰਿਕਟ ਸਿੱਖੀ ਅਤੇ ਬਾਅਦ ਵਿੱਚ ਜਲੰਧਰ ਦੇ ਨੇੜੇ ਬਾਜੜਾ ਪਿੰਡ ਵਿਖੇ ਇੱਕ ਕ੍ਰਿਕੇਟ ਅਕੈਡਮੀ ਵਿੱਚ ਟ੍ਰੇਨਿੰਗ ਲਈ। ਵਿਕਰਮਜੀਤ ਸਿੰਘ ਦੇ ਤਾਇਆ ਲਾਲ ਸਿੰਘ ਕਹਿੰਦੇ ਹਨ ਕਿ ਉਸਨੂੰ ਕ੍ਰਿਕਟ ਦਾ ਸ਼ੁਰੂ ਤੋਂ ਹੀ ਸ਼ੌਕ ਸੀ ਅਤੇ ਭਾਰਤ ਜਦੋਂ ਵੀ ਆਉਣ ਉਸਨੇ ਪ੍ਰੈਕਟਿਸ ਵਿੱਚ ਸਮਾਂ ਬਿਤਾਉਣਾ ਹੁੰਦਾ ਸੀ। ਲਾਲ ਸਿੰਘ ਕਹਿੰਦੇ ਹਨ ਕਿ ਪਿਛਲੇ ਸਾਲ ਹੀ ਨੀਦਰਲੈਂਡ ਵਿੱਚ ਵਿਕਰਮਜੀਤ ਸਿੰਘ ਦੀ ਐਂਟਰੀ ਹੋਈ ਹੈ। ਮੈਨੂੰ ਖੁਸ਼ੀ ਹੈ ਕਿ ਇੱਕ ਸਿੱਖ ਨੌਜਵਾਨ ਭਾਰਤ ਤੋਂ ਜਾ ਕੇ ਨੀਦਰਲੈਂਡਸ ਵੱਲੋਂ ਖੇਡ ਰਿਹਾ ਹੈ। ਇਸ ਨਾਲ ਦੋਵਾਂ ਮੁਲਕਾਂ ਦਾ ਨਾਂ ਉੱਚਾ ਹੁੰਦਾ ਹੈ। ਵਿਕਰਮਜੀਤ ਸਿੰਘ ਦੇ ਚਚੇਰੇ ਭਰਾ ਇੰਦਰਵੀਰ ਸਿੰਘ ਕਹਿੰਦੇ ਹਨ ਕਿ ਜਦੋਂ ਕੌਮੀ ਟੀਮ ਵਿੱਚ ਚੋਣ ਹੋਈ ਤਾਂ ਵਿਕਰਮਜੀਤ ਇਹ ਖ਼ਬਰ ਸੁਣਾਉਂਦੇ ਹੋਏ ਭਾਵੁਕ ਹੋ ਗਿਆ ਸੀ। ਵਿਕਰਮਜੀਤ ਭਾਰਤ ਨਾਲ ਮੈਚ ਨੂੰ ਲੈ ਕੇ ਵੀ ਥੋੜਾ ਨਰਵਸ ਸੀ। ਵਿਕਰਮਜੀਤ ਸਿੰਘ ਦਾ ਇੱਕ ਛੋਟਾ ਭਰਾ ਵੀ ਹੈ ਜਿਸਦਾ ਜਨਮ ਨੀਦਰਲੈਂਡਸ ਵਿੱਚ ਹੀ ਹੋਇਆ ਸੀ। ਸਾਰਾ ਪਰਿਵਾਰ ਨੀਦਰਲੈਂਡਸ ਵਿੱਚ ਹੀ ਰਹਿੰਦਾ ਹੈ ਅਤੇ ਪਰਿਵਾਰ ਦਾ ਟਰਾਂਸਪੋਰਟ ਨਾਲ ਸਬੰਧਤ ਕੰਮਕਾਰ ਹੈ।
ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
30 ਅਕਤੂਬਰ ਨੂੰ ਹੋਵੇਗਾ ਵੈਸਟਰਨ ਖਾਲਸਾ ਸਿਡਨੀ ਖੇਡ ਮੇਲਾ
NEXT STORY