ਕੋਲੰਬੋ–ਗੌਤਮ ਗੰਭੀਰ ਦੀ ਅਗਵਾਈ ਵਾਲੀ ਭਾਰਤੀ ਟੀਮ ਮੈਨੇਜਮੈਂਟ ਕੋਲ ਸ਼੍ਰੀਲੰਕਾ ਵਿਰੁੱਧ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਵਨ ਡੇ ਕੌਮਾਂਤਰੀ ਕ੍ਰਿਕਟ ਲੜੀ ਵਿਚ ਇਹ ਫੈਸਲਾ ਕਰਨ ਦਾ ਮੌਕਾ ਹੋਵੇਗਾ ਕਿ ਕੇ. ਐੱਲ. ਰਾਹੁਲ ਤੇ ਰਿਸ਼ਭ ਪੰਤ ਵਿਚੋਂ ਕਿਹੜਾ ਵਨ ਡੇ ਕ੍ਰਿਕਟ ਵਿਚ ਭਾਰਤ ਦਾ ਲੰਬੇ ਸਮੇਂ ਤਕ ਵਿਕਟਕੀਪਰ-ਬੱਲੇਬਾਜ਼ ਹੋਵੇਗਾ।
ਇਸ ਲੜੀ ਵਿਚ ਕਪਤਾਨ ਰੋਹਿਤ ਸ਼ਰਮਾ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ’ਤੇ ਵੀ ਨਜ਼ਰਾਂ ਟਿਕੀਆਂ ਰਹਿਣਗੀਆਂ ਜਿਹੜੇ ਟੀ-20 ਵਿਸ਼ਵ ਕੱਪ ਵਿਚ ਜਿੱਤ ਤੋਂ ਬਾਅਦ ਪਹਿਲੀ ਵਾਰ ਕੋਈ ਮੈਚ ਖੇਡਣਗੇ। ਭਾਰਤੀ ਮੈਨੇਜਮੈਂਟ ਬਾਹਰ ਚੱਲ ਰਹੀਆਂ ਚਰਚਾਵਾਂ ’ਤੇ ਧਿਆਨ ਦਿੱਤੇ ਬਿਨਾਂ ਸਹੀ ਟੀਮ ਸੁਮੇਲ ਤਿਆਰ ਕਰਨ ’ਤੇ ਧਿਆਨ ਕੇਂਦ੍ਰਿਤ ਕਰੇਗੀ ਕਿਉਂਕਿ ਇਸ ਸੈਸ਼ਨ ਵਿਚ ਚੈਂਪੀਅਨਸ ਟਰਾਫੀ ਸਮੇਤ ਕੁਝ ਮਹੱਤਵਪੂਰਨ ਵਨ ਡੇ ਪ੍ਰਤੀਯੋਗਿਤਾਵਾਂ ਹੋਣੀਆਂ ਹਨ।
ਇਸ ਸਬੰਧ ਵਿਚ ਰਾਹਲ ਬਨਾਮ ਰਿਸ਼ਭ ਦਾ ਮਸਲਾ ਨਿਸ਼ਚਿਤ ਤੌਰ ’ਤੇ ਪਹਿਲਕਦਮੀ ਵਿਚ ਹੋਵੇਗਾ। ਪੰਤ ਦੇ ਸੱਟ ਤੋਂ ਉੱਭਰ ਕੇ ਵਾਪਸੀ ਕਰਨ ਤੋਂ ਪਹਿਲਾਂ ਰਾਹੁਲ ਨੇ ਵਿਕਟਕੀਪਰ-ਬੱਲੇਬਾਜ਼ ਦੀ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾਈ ਸੀ। ਉਸ ਨੇ ਵਿਕਟਾਂ ਦੇ ਅੱਗੇ ਤੇ ਵਿਕਟਾਂ ਦੇ ਪਿੱਛੇ ਚੰਗਾ ਪ੍ਰਦਰਸ਼ਨ ਕੀਤਾ ਸੀ। ਰਾਹੁਲ ਦ੍ਰਾਵਿੜ ਦੀ ਅਗਵਾਈ ਵਾਲੀ ਪਿਛਲੀ ਟੀਮ ਮੈਨੇਜਮੈਂਟ ਨੇ ਉਸ ’ਤੇ ਭਰੋਸਾ ਦਿਖਾਇਆ ਸੀ ਪਰ ਹੁਣ ਜਦਕਿ ਪੰਤ ਦੀ ਵਾਪਸੀ ਹੋ ਗਈ ਹੈ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਗੰਭੀਰ ਖੱਬੇ ਹੱਥ ਦੇ ਇਸ ਬੱਲੇਬਾਜ਼ ਨੂੰ ਪਹਿਲ ਦਿੰਦਾ ਹੈ ਜਾਂ ਪਿਛਲੀ ਟੀਮ ਮੈਨੇਜਮੈਂਟ ਦੀ ਤਰ੍ਹਾਂ ਰਾਹੁਲ ’ਤੇ ਹੀ ਭਰੋਸਾ ਬਰਕਰਾਰ ਰੱਖਦਾ ਹੈ। ਜੇਕਰ ਗੰਭੀਰ ਤੇ ਕਪਤਾਨ ਰੋਹਿਤ ਸ਼ਰਮਾ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੂੰ ਆਖਰੀ-11 ਵਿਚ ਬਣਾਈ ਰੱਖਣ ਦਾ ਫੈਸਲਾ ਕਰਦੇ ਹਨ ਤਾਂ ਤਦ ਉਨ੍ਹਾਂ ਨੂੰ ਇਸ ’ਤੇ ਵਿਚਾਰ ਕਰਨਾ ਪਵੇਗਾ ਕਿ ਸ਼੍ਰੇਯਸ ਅਈਅਰ ਨੂੰ ਕਿਵੇਂ ਟੀਮ ਵਿਚ ਫਿੱਟ ਕੀਤਾ ਜਾਵੇ ਜਿਹੜਾ 50 ਓਵਰਾਂ ਦੀ ਕ੍ਰਿਕਟ ਵਿਚ ਚੰਗਾ ਪ੍ਰਦਰਸ਼ਨ ਕਰਦਾ ਰਿਹਾ ਹੈ। ਇਸ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਭਾਰਤੀ ਬੱਲੇਬਾਜ਼ੀ ਕ੍ਰਮ ਵਿਚ ਦੋ ਸਥਾਨਾਂ ਲਈ ਰਾਹੁਲ, ਪੰਤ ਤੇ ਅਈਅਰ ਵਿਚਾਲੇ ਮੁਕਾਬਲਾ ਹੈ। ਜੇਕਰ ਭਾਰਤ ਇਨ੍ਹਾਂ ਤਿੰਨਾਂ ਨੂੰ ਟੀਮ ਵਿਚ ਰੱਖਦਾ ਹੈ ਤਾਂ ਫਿਰ ਉਸ ਨੂੰ 5 ਗੇਂਦਬਾਜ਼ਾਂ ਨਾਲ ਉਤਰਨਾ ਪਵੇਗਾ।
ਭਾਰਤ ਹਾਲਾਂਕਿ ਇਸ ਤਰ੍ਹਾਂ ਦਾ ਜ਼ੋਖ਼ਿਮ ਨਹੀਂ ਚੁੱਕਣਾ ਚਾਹੇਗਾ ਕਿਉਂਕਿ ਹਾਰਦਿਕ ਪੰਡਯਾ ਨਿੱਜੀ ਕਾਰਨਾਂ ਕਾਰਨ ਇਸ ਲੜੀ ਵਿਚ ਨਹੀਂ ਖੇਡ ਰਿਹਾ ਹੈ। ਭਾਰਤ ਨੰਬਰ 6 ਬੱਲੇਬਾਜ਼ ਦੇ ਰੂਪ ਵਿਚ ਸ਼ਿਵਮ ਦੂਬੇ ਜਾਂ ਰਿਆਨ ਪ੍ਰਾਗ ਵਿਚੋਂ ਕਿਸੇ ਇਕ ਨੂੰ ਮੌਕਾ ਦੇ ਸਕਦਾ ਹੈ। ਇਸ ਵਿਚ ਪ੍ਰਾਗ ਦਾ ਪੱਲੜਾ ਭਾਰੀ ਲੱਗ ਰਿਹਾ ਹੈ ਕਿਉਂਕਿ ਉਸ ਨੇ ਸ਼੍ਰੀਲੰਕਾ ਵਿਰੁੱਧ ਹਾਲ ਹੀ ਵਿਚ ਖਤਮ ਹੋਈ ਟੀ-20 ਲੜੀ ਵਿਚ ਗੇਂਦਬਾਜ਼ ਦੀ ਭੂਮਿਕਾ ਨਿਭਾਈ ਸੀ। ਅਸਾਮ ਦੇ ਇਸ ਖਿਡਾਰੀ ਨੇ 50 ਓਵਰਾਂ ਦੀ ਘਰੇਲੂ ਪ੍ਰਤੀਯੋਗਿਤਾ ਦੇਵਧਰ ਟਰਾਫੀ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ।
ਦੂਜੇ ਪਾਸੇ 5 ਸਾਲ ਪਹਿਲਾਂ ਵਨ ਡੇ ਮੈਚ ਖੇਡਣ ਵਾਲੇ ਦੂਬੇ ਨੇ ਸ਼੍ਰੀਲੰਕਾ ਵਿਰੁੱਧ ਟੀ-20 ਲੜੀ ਵਿਚ ਸਿਰਫ ਇਕ ਮੈਚ ਖੇਡਿਆ ਤੇ ਇਸ ਵਿਚ ਵੀ ਉਸ ਨੇ ਗੇਂਦਬਾਜ਼ੀ ਨਹੀਂ ਕੀਤੀ।
ਗੰਭੀਰ ਇਸ ਤੋਂ ਇਲਾਵਾ ਰੋਹਿਤ ਤੇ ਕੋਹਲੀ ਦੇ ਪ੍ਰਦਰਸ਼ਨ ’ਤੇ ਵੀ ਨਜ਼ਰਾਂ ਰੱਖੇਗਾ ਕਿਉਂਕਿ ਉਸ ਨੇ 2027 ਵਿਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਲਈ ਟੀਮ ਤਿਆਰ ਕਰਨੀ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਪਿਛਲੇ ਸਾਲ ਆਸਟ੍ਰੇਲੀਆ ਵਿਰੁੱਧ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਕੋਈ ਵਨ ਡੇ ਮੈਚ ਨਹੀਂ ਖੇਡਿਆ ਹੈ ਤੇ ਉਹ 50 ਓਵਰਾਂ ਦੇ ਸਵਰੂਪ ਵਿਚ ਸ਼ਾਨਦਾਰ ਵਾਪਸੀ ਕਰਨ ਲਈ ਬੇਤਾਬ ਹੋਣਗੇ।
ਦੂਜੇ ਪਾਸੇ ਸ਼੍ਰੀਲੰਕਾ ਦੀ ਟੀਮ ਵਿਚ ਤਜਰਬੇ ਤੇ ਨੌਜਵਾਨ ਜੋਸ਼ ਦਾ ਮਿਸ਼ਰਣ ਹੈ। ਜੇਕਰ ਉਸ ਨੇ ਭਾਰਤ ਸਾਹਮਣੇ ਚੁਣੌਤੀ ਪੇਸ਼ ਕਰਨੀ ਹੈ ਤਾਂ ਉਸਦੇ ਬੱਲੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਟੀ-20 ਲੜੀ ਵਿਚ ਉਸਦੇ ਮੱਧਕ੍ਰਮ ਦੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਸ਼੍ਰੀਲੰਕਾ ਦੀ ਟੀਮ ਇਸ ਤੋਂ ਇਲਾਵਾ ਖਿਡਾਰੀਆਂ ਦੇ ਜ਼ਖ਼ਮੀ ਹੋਣ ਦੀ ਸਮੱਸਿਆ ਨਾਲ ਵੀ ਜੂਝ ਰਹੀ ਹੈ। ਉਸ ਨੂੰ ਤੇਜ਼ ਗੇਂਦਬਾਜ਼ ਮਥੀਸ਼ਾ ਪਥਿਰਾਨਾ ਤੇ ਦਿਲਸ਼ਾਨ ਮਧੂਸ਼ਨਾਕਾ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ, ਜਿਹੜੇ ਸੱਟ ਕਾਰਨ ਲੜੀ ਵਿਚੋਂ ਬਾਹਰ ਹੋ ਗਏ ਹਨ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਕੇ. ਐੱਲ. ਰਾਹੁਲ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਯਸ ਅਈਅਰ, ਸ਼ਿਵਮ ਦੂਬੇ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਰਿਆਨ ਪ੍ਰਾਗ, ਅਕਸ਼ਰ ਪਟੇਲ, ਖਲੀਲ ਅਹਿਮਦ, ਹਰਸ਼ਿਤ ਰਾਣਾ।
ਸ਼੍ਰੀਲੰਕਾ : ਚਰਿਥਾ ਅਸਾਲੰਕਾ (ਕਪਤਾਨ), ਪਾਥੁਮ ਨਿਸ਼ਾਂਕਾ, ਅਵਿਸ਼ਕਾ ਫਰਨਾਂਡੋ, ਕੁਸ਼ਲ ਮੈਂਡਿਸ, ਸਦੀਰਾ ਸਮਰਵਿਕ੍ਰਮਾ, ਕਾਮਿੰਦੂ ਮੈਂਡਿਸ, ਜੇਨਿਥ ਲਿਆਨਗੇ, ਨਿਸ਼ਾਨ ਮਧੂਸ਼ਨਾਕਾ, ਵਾਨਿੰਦੂ ਹਸਰੰਗਾ, ਦੁਨਿਥ ਵੇਲਾਲਾਗੇ, ਚਮਿਕਾ ਕਰੁਣਾਰਤਨੇ, ਮਹੀਸ਼ਾ ਤੀਕਸ਼ਣਾ, ਅਕਿਲਾ ਧਨੰਜਯ, ਅਹਿਸਾਨ ਮਲਿੰਗਾ, ਮੁਹੰਮਦ ਸ਼ਿਰਾਜ, ਅਸਿਥਾ ਫਰਨਾਂਡੋ। ਸਟੈਂਡਬਾਏ : ਕੁਸ਼ਲ ਜੈਨਿਤ, ਪ੍ਰਮੋਦ ਮਧੂਸਨ, ਜੈਫਰੀ ਵੇਂਡਰਸੇ।
ਪੈਰਿਸ ਓਲੰਪਿਕ ਤੋਂ ਬਾਹਰ ਹੋਈ ਪੀ.ਵੀ. ਸਿੰਧੂ, ਪ੍ਰੀ ਕੁਆਰਟਰ ਫਾਈਨਲ 'ਚ ਹਾਰ ਕਾਰਨ ਟੁੱਟਿਆ ਸੁਪਨਾ
NEXT STORY