ਸਪੋਰਟਸ ਡੈਸਕ- ਭਾਰਤ ਤੇ ਬੰਗਲਾਦੇਸ਼ ਵਿਚਾਲੇ 3 ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਗਵਾਲੀਅਰ ਦੇ ਸ਼੍ਰੀਮੰਤ ਮਾਧਵਰਾਓ ਸਿੰਧਆ ਸਟੇਡੀਅਮ 'ਚ ਖੇਡਿਆ ਜਾ ਗਿਆ, ਜਿੱਥੇ ਭਾਰਤ ਨੇ ਇਕਤਰਫ਼ਾ ਅੰਦਾਜ਼ 'ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ।

ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਦੀ ਟੀਮ ਭਾਰਤੀ ਗੇਂਦਬਾਜ਼ੀ ਅੱਗੇ ਢਹਿ-ਢੇਰੀ ਹੋ ਗਈ ਤੇ 19.5 ਓਵਰਾਂ 'ਚ ਹੀ 127 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

128 ਦੌੜਾਂ ਦੇ ਆਸਾਨ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਰਹੀ ਤੇ ਓਪਨਿੰਗ ਕਰਨ ਆਏ ਅਭਿਸ਼ੇਕ ਸ਼ਰਮਾ ਤੇ ਸੰਜੂ ਸੈਮਸਨ ਨੇ ਤਾਬੜਤੋੜ ਬੱਲੇਬਾਜ਼ੀ ਕੀਤੀ। ਦੋਵਾਂ ਨੇ ਪਹਿਲੀ ਵਿਕਟ ਲਈ 2 ਓਵਰਾਂ 'ਚ ਹੀ 25 ਦੌੜਾਂ ਜੋੜ ਲਈਆਂ।

ਅਭਿਸ਼ੇਕ ਸ਼ਰਮਾ 7 ਗੇਂਦਾਂ 'ਚ 16 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ। ਇਸ ਪਿੱਛੋਂ ਸੰਜੂ ਸੈਮਸਨ ਦਾ ਸਾਥ ਦੇਣ ਆਏ ਕਪਤਾਨ ਸੂਰਿਆਕੁਮਾਰ ਯਾਦਵ ਨੇ ਤਾਬੜਤੋੜ ਬੱਲੇਬਾਜ਼ੀ ਕੀਤੀ ਤੇ ਮੈਦਾਨ ਦੇ ਚਾਰੋਂ ਪਾਸੇ ਸ਼ਾਟ ਲਗਾਏ। ਉਸ ਨੇ 14 ਗੇਂਦਾਂ 'ਚ 2 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 29 ਦੌੜਾਂ ਬਣਾਈਆਂ, ਪਰ ਉਹ ਇਸ ਸ਼ੁਰੂਆਤ ਨੂੰ ਵੱਡੇ ਸਕੋਰ 'ਚ ਨਹੀਂ ਬਦਲ ਸਕਿਆ ਤੇ ਮੁਸਤਾਫਿਜ਼ੁਰ ਰਹਿਮਾਨ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ।

ਸੰਜੂ ਸੈਮਸਨ ਨੇ ਵੀ ਕਾਫ਼ੀ ਦੇਰ ਬਾਅਦ ਚੰਗੀ ਲੈਅ ਦਿਖਾਈ ਤੇ 19 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 29 ਦੌੜਾਂ ਬਣਾਈਆਂ। ਉਸ ਨੂੰ ਮਹਿੰਦੀ ਹਸਨ ਮਿਰਾਜ ਨੇ ਪੈਵੇਲੀਅਨ ਦਾ ਰਾਹ ਦਿਖਾਇਆ। ਸੈਮਸਨ ਦੇ ਆਊਟ ਹੋਣ ਪਿੱਛੋਂ ਨਿਤੀਸ਼ ਰੈੱਡੀ ਤੇ ਹਾਰਦਿਕ ਪੰਡਯਾ ਨੇ ਮੋਰਚਾ ਸੰਭਾਲਿਆ ਤੇ ਟੀਮ ਨੂੰ ਜਿੱਤ ਵੱਲ ਵਧਾਇਆ।

ਆਪਣਾ ਪਹਿਲਾ ਅੰਤਰਰਾਸ਼ਟਰੀ ਮੁਕਾਬਲਾ ਖੇਡ ਰਹੇ ਨਿਤੀਸ਼ ਕੁਮਾਰ ਰੈੱਡੀ ਨੇ ਚੰਗੀ ਬੱਲੇਬਾਜ਼ੀ ਕੀਤੀ ਤੇ 15 ਗੇਂਦਾਂ 'ਚ 1 ਛੱਕੇ ਦੀ ਮਦਦ ਨਾਲ 16* ਦੌੜਾਂ ਦੀ ਸੰਜਮ ਭਰੀ ਪਾਰੀ ਖੇਡ ਕੇ ਪੰਡਯਾ ਦਾ ਚੰਗਾ ਸਾਥ ਦਿੱਤਾ।

ਉੱਥੇ ਹੀ ਹਾਰਦਿਕ ਪੰਡਯਾ ਨੇ 16 ਗੇਂਦਾਂ 'ਚ 5 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 39 ਦੌੜਾਂ ਦੀ ਤੇਜ਼ ਪਾਰੀ ਖੇਡੀ ਤੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਇਸ ਤਰ੍ਹਾਂ ਭਾਰਤ ਨੇ 11.5 ਓਵਰਾਂ 'ਚ ਹੀ 132 ਦੌੜਾਂ ਬਣਾ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ।

3 ਮੈਚਾਂ ਦੀ ਲੜੀ 'ਚ ਭਾਰਤ ਹੁਣ 1-0 ਨਾਲ ਅੱਗੇ ਹੋ ਗਈ ਹੈ। ਲੜੀ ਦਾ ਦੂਜਾ ਮੁਕਾਬਲਾ 9 ਅਕਤੂਬਰ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਖੇ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤੀ ਗੇਂਦਬਾਜ਼ੀ ਅੱਗੇ ਢੇਰ ਹੋਏ ਬੰਗਲਾਦੇਸ਼ੀ ਬੱਲੇਬਾਜ਼, ਭਾਰਤ ਨੂੰ ਮਿਲਿਆ 128 ਦੌੜਾਂ ਦਾ ਆਸਾਨ ਟੀਚਾ
NEXT STORY