ਦੁਬਈ : ਅਫਗਾਨਿਸਤਾਨ ਦੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਵਿਰੁੱਧ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ 38 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਦੇ ਨਾਲ ਹੀ ਅਫਗਾਨਿਸਤਾਨ ਨੇ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ।
ਰਿਕਾਰਡ ਸਾਂਝੇਦਾਰੀ ਨੇ ਮੈਚ ਦਾ ਪਾਸਾ ਪਲਟਿਆ
ਅਫਗਾਨਿਸਤਾਨ ਦੀ ਇਸ ਜਿੱਤ ਦੇ ਮੁੱਖ ਹੀਰੋ ਇਬਰਾਹਿਮ ਜਾਦਰਾਨ ਅਤੇ ਦਰਵੇਸ਼ ਰਸੂਲੀ ਰਹੇ। ਦੋਵਾਂ ਬੱਲੇਬਾਜ਼ਾਂ ਨੇ ਤੀਜੇ ਵਿਕਟ ਲਈ 162 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ, ਜੋ ਕਿ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਅਫਗਾਨਿਸਤਾਨ ਲਈ ਤੀਜੇ ਵਿਕਟ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਭਾਗੀਦਾਰੀ ਹੈ। ਇਬਰਾਹਿਮ ਜਾਦਰਾਨ ਨੇ 56 ਗੇਂਦਾਂ 'ਤੇ ਨਾਬਾਦ 87 ਦੌੜਾਂ ਬਣਾਈਆਂ ਜਦਕਿ ਦਰਵੇਸ਼ ਰਸੂਲੀ ਨੇ 59 ਗੇਂਦਾਂ 'ਤੇ 84 ਦੌੜਾਂ ਬਣਾਈਆਂ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ 181 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ।
ਵੈਸਟਇੰਡੀਜ਼ ਦੀ ਬੱਲੇਬਾਜ਼ੀ ਰਹੀ ਫਲਾਪ
182 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ 9 ਵਿਕਟਾਂ ਗੁਆ ਕੇ ਸਿਰਫ਼ 143 ਦੌੜਾਂ ਹੀ ਬਣਾ ਸਕੀ। ਕਵਿੰਟਿਨ ਸੈਂਪਸਨ (30) ਅਤੇ ਗੁਡਾਕੇਸ਼ ਮੋਤੀ (28) ਨੇ ਕੁਝ ਸੰਘਰਸ਼ ਜ਼ਰੂਰ ਕੀਤਾ, ਪਰ ਉਹ ਟੀਮ ਨੂੰ ਜਿੱਤ ਦੇ ਨੇੜੇ ਨਹੀਂ ਲੈ ਜਾ ਸਕੇ। ਅਫਗਾਨਿਸਤਾਨ ਵੱਲੋਂ ਕਪਤਾਨ ਰਾਸ਼ਿਦ ਖਾਨ ਨੇ 19 ਦੌੜਾਂ ਦੇ ਕੇ 2 ਵਿਕਟਾਂ ਅਤੇ ਮੁਜੀਬ ਉਰ ਰਹਿਮਾਨ ਨੇ 29 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ
ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਨੇ ਜਿੱਤ ਤੋਂ ਬਾਅਦ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਟੀਮ ਪੂਰੀ ਤਰ੍ਹਾਂ ਫਿੱਟ ਹੈ ਅਤੇ ਅਗਲੇ ਮਹੀਨੇ ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਚੰਗੇ ਪ੍ਰਦਰਸ਼ਨ ਲਈ ਤਿਆਰ ਹੈ।
ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੂੰ ਲੱਗ ਸਕਦੈ ਝਟਕਾ! ਵੱਡਾ ਕਦਮ ਚੁੱਕਣ ਜਾ ਰਿਹਾ BCCI
NEXT STORY