ਸਪੋਰਟਸ ਡੈਸਕ : ਏਸ਼ੀਆ ਕੱਪ 2022 'ਚ ਸੁਪਰ-4 ਦੇ ਰੋਮਾਂਚਕ ਮੈਚ 'ਚ ਭਾਰਤ ਪਾਕਿਸਤਾਨ ਤੋਂ ਹਾਰ ਗਿਆ। ਇਸ ਦੌਰਾਨ ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਨੇ 18ਵੇਂ ਓਵਰ 'ਚ ਇਕ ਕੈਚ ਛੱਡ ਗਿਆ, ਜਿਸ ਤੋਂ ਬਾਅਦ ਕੁਝ ਲੋਕਾਂ ਨੇ ਉਸ ਨੂੰ ਖਾਲਿਸਤਾਨੀ ਕਹਿਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਵੱਡੀ ਗਿਣਤੀ 'ਚ ਲੋਕਾਂ ਨੇ ਸਮਰਥਨ ਵੀ ਕੀਤਾ। ਇਹ ਮਾਮਲਾ ਉਦੋਂ ਹੋਰ ਗਰਮਾ ਗਿਆ ਜਦੋਂ ਅਰਸ਼ਦੀਪ ਸਿੰਘ ਦੇ ਵਿਕੀਪੀਡੀਆ ਪੇਜ ਨੂੰ ਐਡਿਟ ਕਰਕੇ ‘ਖਾਲਿਸਤਾਨ’ ਨਾਲ ਜੋੜ ਦਿੱਤਾ ਗਿਆ। ਹੁਣ ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ 'ਤੇ ਐਕਸ਼ਨ ਲਿਆ ਹੈ।
ਏਸ਼ੀਆ ਕੱਪ 2022 ਦੇ ਸੁਪਰ-4 ਮੈਚ 'ਚ ਪਾਕਿਸਤਾਨੀ ਖਿਡਾਰੀ ਆਸਿਫ ਅਲੀ ਦਾ ਕੈਚ ਛੱਡਣ ਲਈ ਅਰਸ਼ਦੀਪ ਸਿੰਘ ਦੀ ਆਲੋਚਨਾ ਹੋਈ ਸੀ। ਇਸ ਤੋਂ ਬਾਅਦ ਅਰਸ਼ਦੀਪ ਦੇ ਵਿਕੀਪੀਡੀਆ ਪੇਜ 'ਤੇ ਉਸ ਦੇ ਖਾਲਿਸਤਾਨ ਨਾਲ ਜੁੜੇ ਹੋਣ ਦਾ ਜ਼ਿਕਰ ਕੀਤਾ ਗਿਆ ਸੀ। ਉਸ ਦੇ ਵਿਕੀਪੀਡੀਆ ਪੇਜ 'ਤੇ ਦੇਖਿਆ ਗਿਆ ਕਿ 'ਅਰਸ਼ਦੀਪ ਨੇ 2018 ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਖਾਲਿਸਤਾਨ ਟੀਮ ਲਈ ਡੈਬਿਊ ਕੀਤਾ ਸੀ। ਜੁਲਾਈ 2022 ਵਿੱਚ, ਉਹ ਖਾਲਿਸਤਾਨ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਇਆ। ਅਗਸਤ 2022 ਵਿੱਚ, ਉਸਦਾ ਨਾਮ ਖਾਲਿਸਤਾਨ ਏਸ਼ੀਆ ਕੱਪ ਟੀਮ ਵਿੱਚ ਆਇਆ।'
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੇ ਭਾਰਤੀ ਖਿਡਾਰੀ ਅਰਸ਼ਦੀਪ ਦੇ ਸਮਰਥਨ 'ਚ ਅੱਗੇ ਆਏ ਕਈ ਖਿਡਾਰੀ
ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਨੇ ਇਸ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਭਾਰਤ ਵਿਚ ਵਿਕੀਪੀਡੀਆ ਦੇ ਅਧਿਕਾਰੀਆਂ ਨੂੰ ਅਰਸ਼ਦੀਪ ਦੇ ਪੇਜ ਨੂੰ ਖਾਲਿਸਤਾਨ ਨਾਲ ਲਿੰਕ ਕਰਨ ਅਤੇ ਉਸ ਸਮੱਗਰੀ ਨੂੰ ਜਨਤਕ ਤੌਰ 'ਤੇ ਪ੍ਰਦਰਸ਼ਿਤ ਕਰਨ ਲਈ ਸੰਮਨ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਮੰਤਰਾਲੇ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ 'ਚ ਉਨ੍ਹਾਂ ਕੋਲ ਆ ਕੇ ਸਪੱਸ਼ਟੀਕਰਨ ਦੇਣ ਅਤੇ ਇਸ ਦਾ ਕਾਰਨ ਦੱਸਣ।

ਮੈਚ ਦੀ ਗੱਲ ਕਰੀਏ ਤਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਵਿਰਾਟ ਕੋਹਲੀ ਦੇ ਅਰਧ ਸੈਂਕੜੇ (60) ਦੀ ਬਦੌਲਤ 181 ਦੌੜਾਂ ਬਣਾਈਆਂ। ਕੋਹਲੀ ਤੋਂ ਇਲਾਵਾ ਕੋਈ ਵੀ ਖਿਡਾਰੀ ਪ੍ਰਭਾਵਸ਼ਾਲੀ ਸਾਬਤ ਨਹੀਂ ਹੋਇਆ। ਇਸ ਤੋਂ ਬਾਅਦ ਪਾਕਿਸਤਾਨ ਨੇ ਸੰਜਮ ਭਰਪੂਰ ਸ਼ੁਰੂਆਤ ਕੀਤੀ। ਹਾਲਾਂਕਿ, ਭਾਰਤ ਦੀ ਗੇਂਦਬਾਜ਼ੀ 'ਚ ਵੀ ਕਮੀ ਨਜ਼ਕ ਆਈ ਸੀ ਜਿਸਦਾ ਪਾਕਿਸਤਾਨ ਨੂੰ ਫਾਇਦਾ ਹੋਇਆ ਅਤੇ ਮੁਹੰਮਦ ਰਿਜ਼ਵਾਨ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਮੁਹੰਮਦ ਨਵਾਜ਼ ਦੇ ਇੱਕ ਕੈਮਿਓ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਜਿੱਤਾਉਣ ਵਿੱਚ ਮਦਦ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੇ ਅਰਸ਼ਦੀਪ ਸਿੰਘ ਦੇ ਸਮਰਥਨ 'ਚ ਆਏ ਕੋਹਲੀ ਸਣੇ ਕਈ ਦਿੱਗਜ ਖਿਡਾਰੀ
NEXT STORY