ਲੰਡਨ (ਏ. ਪੀ.)– ਕਪਤਾਨ ਬੇਨ ਸਟੋਕਸ ਦੀ 155 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੇ ਬਾਵਜੂਦ ਇੰਗਲੈਂਡ ਨੂੰ ਏਸ਼ੇਜ਼ ਲੜੀ ਦੇ ਦੂਜੇ ਟੈਸਟ ਮੈਚ ਦੇ 5ਵੇਂ ਤੇ ਆਖਰੀ ਦਿਨ ਇੱਥੇ 43 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਦੇ ਨਾਲ ਹੀ ਆਸਟਰੇਲੀਆ ਨੇ 5 ਮੈਚਾਂ ਦੀ ਲੜੀ ’ਚ 2-0 ਦੀ ਬੜ੍ਹਤ ਬਣਾ ਲਈ। ਸਟੋਕਸ ਨੇ ਆਪਣੀ ਪਾਰੀ ਦੌਰਾਨ 2019 ਦੇ ਹੇਡਿੰਗਲੇ ਟੈਸਟ ਦੀਆਂ ਯਾਦਾਂ ਨੂੰ ਤਾਜਾ ਕਰ ਦਿੱਤਾ ਜਦੋਂ ਉਸ ਨੇ ਅਜਿਹੇ ਹੀ ਹਾਲਾਤ ਵਿਚ ਯਾਦਗਾਰ ਸੈਂਕੜਾ ਲਾ ਕੇ ਟੀਮ ਨੂੰ ਇਕ ਵਿਕਟ ਨਾਲ ਜਿੱਤ ਦਿਵਾਈ ਸੀ। ਜਿੱਤ ਲਈ 371 ਦੌੜਾਂ ਦੇ ਰਿਕਾਰਡ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਦੂਜੀ ਪਾਰੀ 327 ਦੌੜਾਂ ’ਤੇ ਸਿਮਟ ਗਈ। ਸਟੋਕਸ ਨੇ 214 ਗੇਂਦਾਂ ਵਿਚ 155 ਦੌੜਾਂ ਦੀ ਪਾਰੀ ਦੌਰਾਨ 9 ਛੱਕੇ ਤੇ 9 ਹੀ ਚੌਕੇ ਲਾਏ। ਉਹ ਜੋਸ਼ ਹੇਜ਼ਲਵੁਡ ਦੀ ਸ਼ਾਟ ਗੇਂਦ ’ਤੇ ਵਿਕਟਕੀਪਰ ਐਲਕਸ ਕੈਰੀ ਨੂੰ ਕੈਚ ਦੇ ਕੇ ਆਊਟ ਹੋਇਆ। ਉਸਦੇ ਆਊਟ ਹੁੰਦੇ ਹੀ ਸਟੇਡੀਅਮ ਵਿਚ ਸੰਨਾਟਾ ਪਸਰ ਗਿਆ। ਸਟੋਕਸ ਜਦੋਂ ਪੈਵੇਲੀਅਨ ਵੱਲ ਪਰਤ ਰਿਹਾ ਸੀ ਤਦ ਲਾਰਡਸ ਵਿਚ ਖਚਾਖਚ ਭਰੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਸਦੇ ਸਨਮਾਨ ਵਿਚ ਤਾਲੀਆਂ ਵਜਾਈਆਂ। ਉਹ ਟੀਮ ਦੇ 7ਵੇਂ ਬੱਲੇਬਾਜ਼ ਦੇ ਤੌਰ ’ਤੇ ਆਊਟ ਹੋਇਅਾ ਤੇ ਉਸਦੇ ਪੈਵੇਲੀਅਨ ਜਾਂਦੇ ਹੀ ਆਸਟਰੇਲੀਆ ਦੀ ਜਿੱਤ ’ਤੇ ਲਗਭਗ ਮੋਹਰ ਲੱਗ ਗਈ ਸੀ। ਟੀਮ ਨੂੰ ਹਾਾਲਾਂਕਿ ਅਗਲੀਆਂ 3 ਵਿਕਟਾਂ ਲੈਣ ਵਿਚ ਇਕ ਘੰਟੇ ਦਾ ਸਮਾਂ ਲੱਗ ਗਿਆ।
ਇਹ ਵੀ ਪੜ੍ਹੋ: PCB ਨੇ ਪਾਕਿਸਤਾਨ ਦੇ PM ਨੂੰ ਲਿਖਿਆ ਪੱਤਰ, ਵਿਸ਼ਵ ਕੱਪ ਲਈ ਭਾਰਤ ਯਾਤਰਾ ਦੀ ਮੰਗੀ ਇਜਾਜ਼ਤ
ਇੰਗਲੈਂਡ ਨੇ ਦਿਨ ਦੀ ਸ਼ੁਰੂਆਤ 4 ਵਿਕਟਾਂ ’ਤੇ 114 ਦੌੜਾਂ ਤੋਂ ਅੱਗੇ ਕੀਤੀ ਸੀ। ਸਟੋਕਸ ਬੇਨ ਡਕੇਟ (83) ਨਾਲ 5ਵੀਂ ਵਿਕਟ ਲਈ 132 ਦੌੜਾਂ ਦੀ ਸਾਂਝੇਦਾਰੀ ਕਰਕੇ ਮੈਚ ਵਿਚ ਇੰਗਲੈਂਡ ਦੀ ਵਾਪਸੀ ਕਰਵਾਈ ਸੀ। ਆਸਟਰੇਲੀਆ ਨੇ ਦਿਨ ਦੇ ਸ਼ੁਰੂਆਤੀ ਸੈਸ਼ਨ ਵਿਚ ਬੇਨ ਡਕੇਟ ਤੇ ਜਾਨੀ ਬੇਅਰਸਟੋ (10) ਨੂੰ ਚੱਲਦਾ ਕੀਤਾ। ਬੇਅਰਸਟੋ ਵਿਵਾਦਪੂਰਨ ਤਰੀਕੇ ਨਾਲ ਰਨ ਆਊਟ ਹੋਇਆ, ਜਿਸ ਤੋਂ ਬਾਅਦ ਸਟੇਡੀਅਮ ਵਿਚ ਮੌਜੂਦ ਘਰੇਲੂ ਦਰਸ਼ਕਾਂ ਨੇ ਆਸਟਰੇਲੀਆ ਦੇ ਖਿਡਾਰੀਆਂ ’ਤੇ ਬੇਇਮਾਨੀ ਕਰਨ ਦਾ ਦੋਸ਼ ਲਗਾਇਆ। ਲੰਚ ਦੀ ਬ੍ਰੇਕ ਲਈ ਜਦੋਂ ਟੀਮ ਦੇ ਖਿਡਾਰੀ ਪੈਵੇਲੀਅਨ ਵੱਲ ਜਾ ਰਹੇ ਸਨ ਤਦ ਵੀ ਦਰਸ਼ਕਾਂ ‘ਚੀਟਰ-ਚੀਟਰ’ ਦਾ ਨਾਅਰਾ ਲਾ ਰਹੇ ਸਨ। ਡਰੈਸਿੰਗ ਰੂਮ ਦੇ ਰਾਸਤੇ ਵਿਚ ‘ਲਾਂਗ ਰੂਮ’ ਵਿਚ ਇਕ ਦਰਸ਼ਕ ਨੇ ਆਸਟਰੇਲੀਆ ਦੇ ਖਿਡਾਰੀ ਨੂੰ ਗਾਲ੍ਹਾਂ ਵੀ ਕੱਢੀਆਂ। ਮੈਰੀਲਬੋਨ ਕ੍ਰਿਕਟ ਕਲੱਬ (ਐੱਮ. ਸੀ.ਸੀ.) ਨੇ ਬਾਅਦ ਵਿਚ ਆਪਣੇ ਕੁਝ ਮੈਂਬਰਾਂ ਵਲੋਂ ‘ਲਾਂਗ ਰੂਮ’ ਵਿਚ ਕੀਤੇ ਮਾੜੇ ਵਤੀਰੇ ’ਤੇ ਆਸਟਰੇਲੀਆ ਟੀਮ ਤੋਂ ਮੁਆਫੀ ਮੰਗੀ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪਤਨੀ ਨਾਲ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
ਬੇਅਰਸਟੋ ਨੇ ਕੈਮਰਨ ਗ੍ਰੀਨ ਦੀ ਬਾਊਂਸਰ ਗੇਂਦ ਨੂੰ ਵਿਕਟਕੀਪਰ ਦੇ ਹੱਥਾਂ ਵਿਚ ਜਾਣ ਦਿੱਤਾ। ਉਹ ਇਸ ਤੋਂ ਬਾਅਦ ਗੇਂਦ ਨੂੰ ‘ਡੈੱਡ’ ਹੋਣ ਤੋਂ ਪਹਿਲਾਂ ਹੀ ਕ੍ਰੀਜ਼ ਤੋਂ ਨਿਕਲ ਕੇ ਦੂਜੇ ਪਾਸੇ ਖੜ੍ਹੇ ਆਪਣੇ ਸਾਥੀ ਕੋਲ ਜਾਣ ਲੱਗਾ ਸੀ, ਇਸ ਵਿਚਾਲੇ ਵਿਕਟਕੀਪਰ ਐਲਕਸ ਕੈਰੀ ਨੇ ਗੇਂਦ ਨੂੰ ਸਟੰਪ ’ਤੇ ਮਾਰ ਦਿੱਤਾ। ਬੇਅਰਸਟੋ ਇਸ ’ਤੇ ਹੈਰਾਨ ਰਹਿ ਗਿਆ ਤੇ ਮੈਦਾਨੀ ਅੰਪਾਇਰ ਨੇ ਤੀਜੇ ਅੰਪਾਇਰ ਵੱਲ ਇਸ਼ਾਰਾ ਕਰ ਦਿੱਤਾ। ਤੀਜੇ ਅੰਪਾਇਰ ਨੇ ਰੀਪਲੇਅ ਦੇਖਣ ਤੋਂ ਬਾਅਦ ਉਸ ਨੂੰ ਸਟੰਪ ਆਊਟ ਕਰਾਰ ਦਿੱਤਾ। ਬੇਅਰਸਟੋ ਨਿਰਾਸ਼ਾ ਵਿਚ ਆਪਣਾ ਸਿਰ ਹਿਲਾਉਂਦਾ ਹੋਇਆ ਪੈਵੇਲੀਅਨ ਵੱਲ ਚਲਾ ਗਿਆ। ਸਟੋਕਸ ਨੇ ਇਸ ਫੈਸਲੇ ਵਿਰੁੱਧ ਮੈਦਾਨੀ ਅੰਪਾਇਰਾਂ ਦੇ ਸਾਹਮਣੇ ਆਪਣਾ ਗੁੱਸਾ ਜ਼ਾਹਿਰ ਕੀਤਾ। ਇਸ ਵਿਚਾਲੇ ਲਾਰਡਸ ਵਿਚ ਮੌਜੂਦ ਦਰਸ਼ਕ ਆਸਟਰੇਲੀਆਈ ਟੀਮ ਲਈ ‘ਚੀਟਰ-ਚੀਟਰ’ ਦਾ ਨਾਅਰਾ ਲਾਉਣ ਲੱਗੇ। ਇਸ ਸਮੇਂ ਇੰਗਲੈਂਡ ਦਾ ਸਕੋਰ 6 ਵਿਕਟਾਂ ’ਤੇ 193 ਦੌੜਾਂ ਸੀ। ਜਦੋਂ ਟੀਮ ਨੂੰ ਜਿੱਤ ਲਈ 178 ਦੌੜਾਂ ਦੀ ਲੋੜ ਸੀ ਤਦ ਇਸ ਸਮੇਂ 62 ਦੌੜਾਂ ’ਤੇ ਬੱਲੇਬਾਜ਼ੀ ਕਰ ਰਹੇ ਸਟੋਕਸ ਨੇ ਗ੍ਰੀਨ ’ਤੇ ਆਪਣਾ ਗੁੱਸਾ ਕੱਢਦੇ ਹੋਏ ਉਸਦੇ ਓਵਰ ਵਿਚ 3 ਚੌਕੇ ਲਾ ਦਿੱਤੇ। ਉਸ ਨੇ ਇਸ ਗੇਂਦਬਾਜ਼ ਦੇ ਅਗਲੇ ਓਵਰ ’ਚ ਚੌਕਾ ਤੇ ਫਿਰ ਹੈਟ੍ਰਿਕ ਛੱਕਾ ਲਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਇਸ ਓਵਰ ਵਿਚ ਇੰਗਲੈਂਡ ਨੇ 24 ਦੌੜਾਂ ਬਣਾਈਆਂ। ਸਟੋਕਸ ਨੇ 62 ਦੌੜਾਂ ਤੋਂ ਸੈਂਕੜੇ ਤਕ ਪਹੁੰਚਣ ਵਿਚ ਸਿਰਫ 16 ਗੇਂਦਾਂ ਖੇਡੀਆਂ। ਉਸ ਨੇ ਸਟੂਅਰਟ ਬ੍ਰਾਡ (11) ਨਾਲ 7ਵੀਂ ਵਿਕਟ ਲਈ 108 ਦੌੜਾਂ ਦੀ ਸਾਂਝੇਦਾਰੀ ਕਰਕੇ ਜਿੱਤ ਦੀ ਉਮੀਦ ਜਗਾਈ ਪਰ ਉਸਦੇ ਆਊਟ ਹੋਣ ਤੋਂ ਬਾਅਦ ਮੈਚ ਦਾ ਪਾਸਾ ਆਸਟਰੇਲੀਆ ਵੱਲ ਮੁੜ ਗਿਆ।
ਇਹ ਵੀ ਪੜ੍ਹੋ: ਮੁੱਖ ਮੰਤਰੀ ਦਾ ਕੈਪਟਨ ਨੂੰ ਕਰਾਰਾ ਜਵਾਬ ‘ਤੁਹਾਡੀ ‘ਸਿਆਣਪ’ ਨੇ ਪੰਜਾਬ ਨੂੰ ਕੀਤਾ ਬਰਬਾਦ’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
PCB ਨੇ ਪਾਕਿਸਤਾਨ ਦੇ PM ਨੂੰ ਲਿਖਿਆ ਪੱਤਰ, ਵਿਸ਼ਵ ਕੱਪ ਲਈ ਭਾਰਤ ਯਾਤਰਾ ਦੀ ਮੰਗੀ ਇਜਾਜ਼ਤ
NEXT STORY