ਪਰਥ— ਸਪਾਟ ਫਿਕਸਿੰਗ ਦੇ ਦੋਸ਼ਾਂ ਨਾਲ ਸ਼ੁਰੂ ਹੋਏ ਤੀਜੇ ਕ੍ਰਿਕਟ ਟੈਸਟ ਵਿਚ ਡੇਵਿਡ ਮਲਾਨ ਤੇ ਜਾਨੀ ਬੇਅਰਸਟ੍ਰਾ ਵਿਚਾਲੇ 5ਵੀਂ ਵਿਕਟ ਲਈ 174 ਦੌੜਾਂ ਦੀ ਅਜੇਤੂ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਇੰਗਲੈਂਡ ਨੇ ਆਸਟ੍ਰੇਲੀਆ ਵਿਰੁੱਧ ਵੀਰਵਾਰ ਨੂੰ ਪਹਿਲੀ ਪਾਰੀ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਲਈ।
ਇੰਗਲੈਂਡ ਨੇ ਆਪਣੇ 'ਕਰੋ ਜਾਂ ਮਰੋ' ਦੇ ਇਸ ਮੁਕਾਬਲੇ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਦਿਨ ਦੀ ਖੇਡ ਖਤਮ ਹੋਣ ਤਕ 89 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 305 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ। ਸਟੰਪਸ ਦੇ ਸਮੇਂ ਤਕ ਮਲਾਨ 110 ਦੌੜਾਂ ਤੇ ਵਿਕਟਕੀਪਰ ਬੱਲੇਬਾਜ਼ ਬੇਅਰਸਟ੍ਰਾ 75 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਸਨ ਤੇ ਟੀਮ ਦੀਆਂ ਅਜੇ ਛੇ ਵਿਕਟਾਂ ਸੁਰੱਖਿਅਤ ਹਨ। ਮਲਾਨ ਦਾ ਇਹ ਸੈਂਕੜਾ ਮੌਜੂਦਾ ਏਸ਼ੇਜ਼ ਸੀਰੀਜ਼ ਵਿਚ ਇੰਗਲੈਂਡ ਵਲੋਂ ਵੀ ਪਹਿਲਾ ਸੈਂਕੜਾ ਹੈ।
ਹਾਲਾਂਕਿ ਇਸ ਵਾਰ ਵੀ ਇੰਗਲੈਂਡ ਦੇ ਸਾਬਕਾ ਕਪਤਾਨ ਤੇ ਤਜਰਬੇਕਾਰ ਸਲਾਮੀ ਬੱਲੇਬਾਜ਼ ਐਲਿਸਟੀਅਰ ਕੁਕ ਨੇ ਨਿਰਾਸ਼ ਕੀਤਾ। ਆਪਣਾ 150ਵਾਂ ਟੈਸਟ ਖੇਡਣ ਉਤਰਿਆ ਕੁੱਕ ਸਿਰਫ 7 ਦੌੜਾਂ ਬਣਾ ਕੇ ਆਊਟ ਹੋ ਗਿਆ ਤੇ ਲਗਾਤਾਰ ਤੀਜੇ ਟੈਸਟ ਦੀ ਪੰਜਵੀਂ ਪਾਰੀ ਵਿਚ ਫਲਾਪ ਰਿਹਾ ਪਰ ਫਿਰ ਮੱਧਕ੍ਰਮ ਦੇ ਬੱਲੇਬਾਜ਼ਾਂ ਮਲਾਨ ਤੇ ਬੇਅਰਸਟ੍ਰਾ ਨੇ 5ਵੀਂ ਵਿਕਟ ਲਈ 174 ਦੌੜਾਂ ਦੀ ਅਜੇਤੂ ਸਾਂਝੇਦਾਰੀ ਨਾਲ ਦਿਨ ਦੇ ਆਖਿਰ ਤਕ ਇੰਗਲੈਂਡ ਨੂੰ ਬਿਹਤਰ ਸਥਿਤੀ ਵਿਚ ਪਹੁੰਚਾ ਦਿੱਤਾ।
ਇੰਗਲਿਸ਼ ਕਪਤਾਨ ਜੋ ਰੂਟ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਹਾਲਾਂਕਿ ਉਸਦੇ ਬਾਕੀ ਖਿਡਾਰੀਆਂ ਨੇ ਗਲਤ ਨਹੀਂ ਹੋਣ ਦਿੱਤਾ ਤੇ ਓਪਨਿੰਗ ਬੱਲੇਬਾਜ਼ ਮਾਰਕ ਸਟੋਨਮੈਨ ਨੇ ਕੁਕ ਦੇ ਫੇਲ ਹੋਣ ਤੋਂ ਬਾਅਦ ਦੂਜੇ ਪਾਸੇ ਟਿਕ ਕੇ ਖੇਡਦੇ ਹੋਏ ਅਰਧ ਸੈਂਕੜਾ ਬਣਾਇਆ। ਉਸ ਨੇ 110 ਗੇਂਦਾਂ ਦੀ ਪਾਰੀ ਵਿਚ 10 ਚੌਕੇ ਲਗਾ ਕੇ 56 ਦੌੜਾਂ ਬਣਾਈਆਂ ਤੇ ਜੇਮਸ ਵਿੰਸ ਨਾਲ ਦੂਜੀ ਵਿਕਟ ਲਈ 63 ਦੌੜਾਂ ਜੋੜੀਆਂ। ਵਿੰਸ ਨੇ 63 ਗੇਂਦਾਂ ਦੀ ਪਾਰੀ ਵਿਚ 25 ਦੌੜਾਂ ਜੋੜੀਆਂ।
ਕੁਕ ਨੂੰ ਮਿਸ਼ੇਲ ਸਟਾਰਕ ਨੇ ਐੱਲ. ਬੀ. ਡਬਲਯੂ. ਕਰ ਕੇ ਪਹਿਲੀ ਵਿਕਟ ਪੰਜਵੇਂ ਹੀ ਓਵਰ ਵਿਚ ਕੱਢ ਲਈ ਸੀ ਪਰ ਫਿਰ 26ਵੇਂ ਓਵਰ ਵਿਚ ਜਾ ਕੇ ਆਸਟ੍ਰੇਲੀਆ ਨੂੰ ਉਸਦੀ ਦੂਜੀ ਸਫਲਤਾ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਨੇ ਦਿਵਾਈ। ਹੇਜ਼ਲਵੁਡ ਨੇ ਵਿੰਸ ਨੂੰ ਟਿਮ ਪੇਨ ਹੱਥੋਂ ਕੈਚ ਕਰਾਇਆ। ਇਸ ਤੋਂ ਬਾਅਦ ਕਪਤਾਨ ਰੂਟ ਵੀ ਦੇਰ ਤਕ ਨਹੀਂ ਟਿਕਿਆ ਤੇ ਪੈਟ ਕਮਿੰਸ ਨੇ ਵਿਕਟਕੀਪਰ ਪੇਨ ਹੱਥੋਂ ਹੀ ਉਸ ਨੂੰ ਕੈਚ ਕਰਾਇਆ। ਰੂਟ ਨੇ 23 ਗੇਂਦਾਂ ਵਿਚ ਚਾਰ ਚੌਕੇ ਲਗਾ ਕੇ 20 ਦੌੜਾਂ ਜੋੜੀਆਂ।
ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ਾਂ ਨੇ ਲਗਾਤਾਰ ਫਰਕ 'ਤੇ ਵਿਕਟਾਂ ਕੱਢੀਆਂ ਤੇ ਸਟੋਨਮੈਨ ਨੂੰ ਸਟਾਰਕ ਨੇ ਪੇਨ ਹੱਥੋਂ ਹੀ ਕੈਚ ਕਰਾ ਕੇ ਇੰਗਲੈਂਡ ਨੂੰ 131 ਦੌੜਾਂ ਦੇ ਸਕੋਰ 'ਤੇ ਚੌਥਾ ਝਟਕਾ ਦਿੱਤਾ। ਸਟੰਪਸ ਦੇ ਪਿੱਛੇ ਪੇਨ ਨੇ ਪਹਿਲੇ ਦਿਨ ਵਧੀਆ ਖੇਡ ਦਿਖਾਉਂਦਿਆਂ ਤਿੰਨ ਸ਼ਿਕਾਰ ਕੀਤੇ। ਹਾਲਾਂਕਿ ਆਸਟ੍ਰੇਲੀਆਈ ਫੀਲਡਰਾਂ ਨੂੰ ਤਿੰਨ ਕੈਚ ਛੱਡਣ ਦਾ ਵੀ ਖਮਿਆਜ਼ਾ ਭੁਗਤਣਾ ਪਿਆ ਤੇ ਇੰਗਲੈਂਡ ਨੇ ਇਸ ਤੋਂ ਬਾਅਦ ਦਿਨ ਦੀ ਸਮਾਪਤੀ ਤਕ ਹੋਰ ਕੋਈ ਵਿਕਟ ਨਹੀਂ ਗੁਆਈ ਤੇ ਸਕੋਰ ਨੂੰ 300 ਦੇ ਪਾਰ ਪਹੁੰਚਾਇਆ।
ਮਲਾਨ ਨੇ ਫਿਰ ਬੇਅਰਸਟ੍ਰਾ ਨਾਲ ਮੈਦਾਨ ਸੰਭਾਲਿਆ । ਮਲਾਨ ਨੇ 174 ਗੇਂਦਾਂ ਵਿਚ 15 ਚੌਕੇ ਤੇ ਇਕ ਛੱਕਾ ਲਗਾ ਕੇ 110 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਜਦਕਿ ਬੇਅਰਸਟ੍ਰਾ ਨੇ 149 ਗੇਂਦਾਂ ਵਿਚ 10 ਚੌਕੇ ਲਗਾ ਕੇ 75 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਦੋਵੇਂ ਖਿਡਾਰੀ ਕ੍ਰੀਜ਼ 'ਤੇ ਟਿਕੇ ਹੋਏ ਹਨ। ਮਲਾਨ ਨੇ ਨਾ ਸਿਰਫ ਆਪਣਾ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਬਣਾਇਆ ਸਗੋਂ 0-2 ਨਾਲ ਪਿਛੜ ਗਈ ਇੰਗਲੈਂਡ ਲਈ ਵੀ ਮੌਜੂਦਾ ਏਸ਼ੇਜ਼ ਸੀਰੀਜ਼ ਵਿਚ ਵੀ ਪਹਿਲੀ ਸੈਂਕੜੇ ਵਾਲੀ ਪਾਰੀ ਖੇਡੀ।
ਪਿਤਾ ਦੀ ਅਚਾਨਕ ਮੌਤ 'ਤੇ ਵਨ ਡੇ ਸੀਰੀਜ਼ ਤੋਂ ਬਾਹਰ ਹੋਏ ਇਹ ਦਿੱਗਜ ਖਿਡਾਰੀ
NEXT STORY