ਰਾਜਗੀਰ (ਬਿਹਾਰ)– ਸਾਬਕਾ ਚੈਂਪੀਅਨ ਭਾਰਤ ਨੇ ਐਤਵਾਰ ਨੂੰ ਇੱਥੇ ਮਹਿਲਾ ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਆਪਣੇ ਆਖਰੀ ਲੀਗ ਮੈਚ ਵਿਚ ਜਾਪਾਨ ਨੂੰ 3-0 ਨਾਲ ਹਰਾ ਕੇ ਜਿੱਤ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ। ਸ਼ਾਨਦਾਰ ਫਾਰਮ ਵਿਚ ਚੱਲ ਰਹੀ ਟੂਰਨਾਮੈਂਟ ਦੀ ਟਾਪ ਸਕੋਰਰ ਦੀਪਿਕਾ (47ਵੇਂ ਤੇ 48ਵੇਂ ਮਿੰਟ) ਨੇ ਆਖਰੀ ਕੁਆਰਟਰ ਵਿਚ ਦੋ ਗੋਲ ਕੀਤੇ ਜਦਕਿ ਉਪ ਕਪਤਾਨ ਨਵਨੀਤ ਕੌਰ ਨੇ 37ਵੇਂ ਮਿੰਟ ਵਿਚ ਗੋਲ ਕਰਕੇ ਭਾਰਤ ਦਾ ਖਾਤਾ ਖੋਲ੍ਹਿਆ ਸੀ।
ਇਸ ਜਿੱਤ ਨਾਲ ਭਾਰਤ 5 ਮੈਚਾਂ ਵਿਚੋਂ 5 ਜਿੱਤਾਂ ਨਾਲ 15 ਅੰਕ ਲੈ ਕੇ ਅੰਕ ਸੂਚੀ ਵਿਚ ਚੋਟੀ ’ਤੇ ਹੈ ਜਦਕਿ ਓਲੰਪਿਕ ਚਾਂਦੀ ਤਮਗਾ ਜੇਤੂ ਚੀਨ (12 ਅੰਕ) ਦੂਜੇ ਸਥਾਨ ’ਤੇ ਹੈ । ਭਾਰਤ ਦਾ ਮੰਗਲਵਾਰ ਨੂੰ ਸੈਮੀਫਾਈਨਲ ਵਿਚ ਚੌਥੇ ਸਥਾਨ ’ਤੇ ਰਹੀ ਜਾਪਾਨ ਨਾਲ ਮੁਕਾਬਲਾ ਹੋਵੇਗਾ ਜਦਕਿ ਚੀਨ ਦਾ ਸਾਹਮਣਾ ਆਖਰੀ-4 ਦੇ ਦੂਜੇ ਮੈਚ ਵਿਚ ਤੀਜੇ ਸਥਾਨ ’ਤੇ ਕਾਬਜ਼ ਮਲੇਸ਼ੀਆ ਨਾਲ ਹੋਵੇਗਾ। ਟੂਰਨਾਮੈਂਟ ਦੀ ਟਾਪ ਗੋਲ ਸਕੋਰਰ ਦੀਪਿਕਾ ਨੇ ਹੁਣ ਤੱਕ 4 ਮੈਦਾਨੀ ਗੋਲ, ਪੈਨਲਟੀ ਕਾਰਨਰ ਨਾਲ 5 ਗੋਲ ਤੇ ਪੈਨਲਟੀ ਸਟ੍ਰੋਕਸ ਨਾਲ ਇਕ ਗੋਲ ਕਰਕੇ ਕੁੱਲ 10 ਗੋਲ ਕੀਤੇ ਹਨ। ਦਿਨ ਦੇ ਹੋਰਨਾਂ ਮੈਚਾਂ ਵਿਚ ਮਲੇਸ਼ੀਆ ਨੇ ਥਾਈਲੈਂਡ ਨੂੰ 2-0 ਨਾਲ ਹਰਾਇਆ ਜਦਕਿ ਚੀਨ ਨੇ ਦੱਖਣੀ ਕੋਰੀਆ ਨੂੰ ਵੀ ਇਸੇ ਫਰਕ ਨਾਲ ਹਰਾਇਆ।
ਨੇਸ਼ਨਜ਼ ਲੀਗ 'ਚ ਸਵੀਡਨ ਨੇ ਜਿੱਤਿਆ, ਨੀਦਰਲੈਂਡ ਨਾਕਆਊਟ 'ਚ
NEXT STORY