ਨਵੀਂ ਦਿੱਲੀ: ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ (AFI) ਨੇ ਸਾਲ 2026 ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਨਵੇਂ ਅਤੇ ਸਖ਼ਤ ਕੁਆਲੀਫਾਈਂਗ ਮਾਪਦੰਡ ਜਾਰੀ ਕੀਤੇ ਹਨ। ਇਹ ਖੇਡਾਂ ਜਾਪਾਨ ਦੇ ਆਈਚੀ-ਨਾਗੋਯਾ ਵਿੱਚ 19 ਸਤੰਬਰ ਤੋਂ 4 ਅਕਤੂਬਰ, 2026 ਤੱਕ ਕਰਵਾਈਆਂ ਜਾਣਗੀਆਂ।
ਨਵੇਂ ਨਿਯਮਾਂ ਅਨੁਸਾਰ, ਕਈ ਪ੍ਰਮੁੱਖ ਖੇਡਾਂ ਵਿੱਚ ਭਾਰਤੀ ਅਥਲੀਟਾਂ ਨੂੰ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ਲਈ ਮੌਜੂਦਾ ਰਾਸ਼ਟਰੀ ਰਿਕਾਰਡਾਂ ਨਾਲੋਂ ਵੀ ਬਿਹਤਰ ਪ੍ਰਦਰਸ਼ਨ ਕਰਕੇ ਦਿਖਾਉਣਾ ਪਵੇਗਾ। ਪੁਰਸ਼ ਵਰਗ ਵਿੱਚ 100 ਮੀਟਰ ਦੌੜ ਲਈ ਕੁਆਲੀਫਾਈਂਗ ਸਮਾਂ 10.16 ਸੈਕਿੰਡ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਵੇਲੇ ਭਾਰਤ ਦਾ ਰਾਸ਼ਟਰੀ ਰਿਕਾਰਡ 10.18 ਸੈਕਿੰਡ ਹੈ, ਜੋ ਅਨੀਮੇਸ਼ ਕੁਜੂਰ ਦੇ ਨਾਮ ਹੈ। 2023 ਦੀਆਂ ਏਸ਼ੀਆਈ ਖੇਡਾਂ ਵਿੱਚ ਇਹ ਮਾਪਦੰਡ 10.19 ਸੈਕਿੰਡ ਸੀ।
ਪੁਰਸ਼ਾਂ ਦੇ ਪੋਲ ਵਾਲਟ ਲਈ ਟੀਚਾ ਵਧਾ ਕੇ 5.45 ਮੀਟਰ ਕਰ ਦਿੱਤਾ ਗਿਆ ਹੈ, ਜਦਕਿ ਮੌਜੂਦਾ ਰਾਸ਼ਟਰੀ ਰਿਕਾਰਡ 5.40 ਮੀਟਰ (ਦੇਵ ਮੀਨਾ) ਹੈ। ਮਹਿਲਾ ਮੈਰਾਥਨ ਲਈ ਐਂਟਰੀ ਮਾਰਕ 2:31:52 ਸੈਕਿੰਡ ਤੈਅ ਕੀਤਾ ਗਿਆ ਹੈ। ਇਹ ਮੌਜੂਦਾ ਰਾਸ਼ਟਰੀ ਰਿਕਾਰਡ (2:34:43 ਸੈਕਿੰਡ), ਜੋ 2015 ਵਿੱਚ ਓ.ਪੀ. ਜੈਸ਼ਾ ਨੇ ਬਣਾਇਆ ਸੀ, ਨਾਲੋਂ ਕਿਤੇ ਜ਼ਿਆਦਾ ਮੁਸ਼ਕਿਲ ਹੈ। ਪੁਰਸ਼ ਵਰਗ ਵਿੱਚ ਭਾਲਾ ਸੁੱਟਣ ਲਈ ਨਵਾਂ ਮਾਪਦੰਡ 77.87 ਮੀਟਰ ਨਿਰਧਾਰਿਤ ਕੀਤਾ ਗਿਆ ਹੈ।
ਪੁਰਸ਼ਾਂ ਦੀ ਚਾਰ ਗੁਣਾ 100 ਮੀਟਰ ਰਿਲੇਅ ਵਿੱਚ ਵੀ ਅਥਲੀਟਾਂ ਨੂੰ ਸਿੱਧੇ ਕੁਆਲੀਫਿਕੇਸ਼ਨ ਲਈ ਰਾਸ਼ਟਰੀ ਰਿਕਾਰਡ ਨੂੰ ਬਿਹਤਰ ਬਣਾਉਣਾ ਹੋਵੇਗਾ। ਐਥਲੈਟਿਕਸ ਫੈਡਰੇਸ਼ਨ ਦੇ ਇਸ ਫੈਸਲੇ ਦਾ ਮਕਸਦ ਭਾਰਤੀ ਅਥਲੀਟਾਂ ਦੇ ਪੱਧਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਉੱਚਾ ਚੁੱਕਣਾ ਹੈ ਤਾਂ ਜੋ ਉਹ ਏਸ਼ੀਆਈ ਖੇਡਾਂ ਵਿੱਚ ਤਗਮੇ ਜਿੱਤਣ ਦੇ ਯੋਗ ਬਣ ਸਕਣ।
ਸੇਨੇਗਲ ਨੇ ਸੂਡਾਨ ਨੂੰ ਹਰਾ ਕੇ ਅਫਰੀਕਾ ਕੱਪ ਆਫ ਨੇਸ਼ਨਜ਼ ਦੇ ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
NEXT STORY