ਮੈਕੇ (ਆਸਟ੍ਰੇਲੀਆ) (ਭਾਸ਼ਾ)– ਪ੍ਰੇਮਾ ਰਾਵਤ ਤੇ ਰਾਧਾ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਸ਼ੈਫਾਲੀ ਵਰਮਾ (25 ਗੇਂਦਾਂ ’ਚ 41 ਦੌੜਾਂ) ਦੀ ਤਾਬੜਤੋੜ ਬੱਲੇਬਾਜ਼ੀ ਦੇ ਬਾਵਜੂਦ ਭਾਰਤ-ਏ ਨੂੰ ਤੀਜੇ ਗੈਰ-ਅਧਿਕਾਰਤ ਟੀ-20 ਮੈਚ ਵਿਚ ਆਸਟ੍ਰੇਲੀਆ-ਏ ਹੱਥੋਂ 4 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲੈੱਗ ਸਪਿਨਰ ਪ੍ਰੇਮਾ (4 ਓਵਰਾਂ ਵਿਚ 24 ਦੌੜਾਂ ’ਤੇ 3 ਵਿਕਟਾਂ) ਤੇ ਖੱਬੇ ਹੱਥ ਦੀ ਸਪਿਨਰ ਰਾਧਾ (4 ਓਵਰਾਂ ਵਿਚ 31 ਦੌੜਾਂ ’ਤੇ 3 ਵਿਕਟਾਂ) ਨੇ ਆਸਟ੍ਰੇਲੀਆ-ਏ ਨੂੰ 8 ਵਿਕਟਾਂ ’ਤੇ 144 ਦੌੜਾਂ ’ਤੇ ਰੋਕ ਦੱਤਾ।
ਭਾਰਤ-ਏ ਕੋਲ ਸੀਰੀਜ਼ ਵਿਚ ਪਹਿਲੀ ਜਿੱਤ ਦਰਜ ਕਰਨ ਦਾ ਸ਼ਾਨਦਾਰ ਮੌਕਾ ਸੀ ਪਰ ਟੀਮ ਸ਼ੈਫਾਲੀ ਦੀ ਸਾਹਸੀ ਪਾਰੀ ਦੇ ਬਾਵਜੂਦ 8 ਵਿਕਟਾਂ ’ਤੇ 140 ਦੌੜਾਂ ਹੀ ਬਣਾ ਸਕੀ। ਸਿਆਨਾ ਜਿੰਜਰ ਨੇ ਚਾਰ ਓਵਰਾਂ ਵਿਚ 18 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਨਾਲ ਆਸਟ੍ਰੇਲੀਆ-ਏ ਨੇ ਤਿੰਨ ਮੈਚਾਂ ਦੀ ਇਸ ਸੀਰੀਜ਼ ਵਿਚ ਲਗਾਤਾਰ ਤੀਜੀ ਜਿੱਤ ਦੇ ਨਾਲ ਸੂਪੜਾ ਸਾਫ ਕੀਤਾ। ਜਿੰਜਰ ਨੇ ਅਹਿਮ ਮੌਕਿਆਂ ’ਤੇ ਸ਼ੈਫਾਲੀ ਤੋਂ ਇਲਾਵਾ ਰਾਘਵੀ ਬਿਸ਼ਟ (25), ਕਪਤਾਨ ਰਾਧਾ (9) ਤੇ ਸੰਜੀਵਨੀ ਸਾਜਨਾ (3) ਦੀਆਂ ਵਿਕਟਾਂ ਦੇ ਨਾਲ ਟੀਮ ਦੀ ਜਿੱਤ ਪੱਕੀ ਕੀਤੀ।
ਭਾਰਤ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਬੱਲੇਬਾਜ਼ੀ ਕ੍ਰਮ ਵਿਚ ਬਦਲਾਅ ਕਰਦੇ ਹੋਏ ਦਿਨੇਸ਼ ਵ੍ਰਿੰਦਾ (ਚਾਰ) ਨੂੰ ਸ਼ੈਫਾਲੀ ਦੇ ਨਾਲ ਪਾਰੀ ਦਾ ਆਗਾਜ਼ ਕਰਨ ਲਈ ਭੇਜਿਆ, ਜਦਕਿ ਓਮਾ ਸ਼ੇਤਰੀ (3) ਤੀਜੇ ਕ੍ਰਮ ’ਤੇ ਕ੍ਰੀਜ਼ ’ਤੇ ਆਈ। ਟੀਮ ਦਾ ਇਹ ਦਾਅ ਸਫਲ ਨਹੀਂ ਰਿਹਾ ਤੇ ਉਸ ਨੇ 16 ਦੌੜਾਂ ਤੱਕ 2 ਵਿਕਟਾਂ ਗੁਆ ਦਿੱਤੀਆਂ। ਸ਼ੈਫਾਲੀ ਤੇ ਰਾਘਵੀ ਨੇ ਇਸ ਤੋਂ ਬਾਅਦ ਤੀਜੀ ਵਿਕਟ ਲਈ 43 ਦੌੜਾਂ ਦੀ ਸਾਂਝੇਦਾਰੀ ਕਰ ਕੇ ਲੜਖੜਾਉਂਦੀ ਪਾਰੀ ਨੂੰ ਸੰਭਾਲਿਆ। ਰਾਘਵੀ ਨੇ ਇਸ ਤੋਂ ਬਾਅਦ ਮੀਨੂ ਮਨੀ (30) ਦੇ ਨਾਲ 48 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਦੇ ਸਕੋਰ ਨੂੰ 100 ਦੌੜਾਂ ਦੇ ਪਾਰ ਪਹੁੰਚਾਇਆ। ਟੀਮ ਦਾ ਸਕੋਰ ਜਦੋਂ 107 ਦੌੜਾਂ ਸੀ ਤਦ ਰਾਘਵੀ ਸਟੰਪ ਆਊਟ ਹੋ ਗਈ। ਇਸ ਦੇ ਕੁਝ ਹੀ ਸਮੇਂ ਬਾਅਦ ਮੀਨੂ ਮਨੀ ਦੇ ਰਨ ਆਊਟ ਹੋਣ ਨਾਲ ਭਾਰਤੀ ਬੱਲੇਬਾਜ਼ ਦਬਾਅ ਵਿਚ ਆ ਗਈਆਂ। ਰਾਧਾ, ਤਨੁਜਾ ਕੰਵਰ (1) ਤੇ ਸਾਜਨਾ ਵਰਗੀਆਂ ਕੌਮਾਂਤਰੀ ਮੈਚਾਂ ਦੇ ਤਜਰਬੇ ਵਾਲੀਆਂ ਖਿਡਾਰਨਾਂ ਵੀ ਜਲਦੀ-ਜਲਦੀ ਪੈਵੇਲੀਅਨ ਪਰਤ ਗਈਆਂ।
ਇਸ ਤੋਂ ਪਹਿਲਾਂ ਸ਼ਾਨਦਾਰ ਲੈਅ ਵਿਚ ਚੱਲ ਰਹੀ ਐਲਿਸਾ ਹੀਲੀ (27) ਨੂੰ ਸਾਜਨਾ ਨੇ ਖਤਰਨਾਕ ਹੋਣ ਤੋਂ ਪਹਿਲਾਂ ਹੀ ਚੱਲਦਾ ਕਰ ਦਿੱਤਾ। ਇਸ ਤੋਂ ਬਾਅਦ ਰਾਧਾ ਤੇ ਪ੍ਰੇਮਾ ਨੇ ਮੱਧਕ੍ਰਮ ਦੇ ਬੱਲੇਬਾਜ਼ਾਂ ’ਤੇ ਸ਼ਿਕੰਜਾ ਕੱਸਿਆ ਪਰ ਅਨਿਕਾ ਲਿਆਰਾਯਡ (22) ਤੇ ਮੈਡਲਿਨ ਪੇਨਾ (39) ਦੀਆਂ ਕੋਸ਼ਿਸ਼ਾਂ ਨਾਲ ਟੀਮ ਮੁਕਾਬਲੇਬਾਜ਼ੀ ਸਕੋਰ ਖੜ੍ਹਾ ਕਰਨ ਵਿਚ ਸਫਲ ਰਹੀ। ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਗੈਰ-ਅਧਿਕਾਰਤ ਵਨ ਡੇ ਲੜੀ ਬੁੱਧਵਾਰ ਤੋਂ ਬ੍ਰਿਸਬੇਨ ਵਿਚ ਸ਼ੁਰੂ ਹੋਵੇਗੀ।
ਇੰਗਲੈਂਡ 'ਚ ਯੂਥ ਬ੍ਰਿਗੇਡ ਦੇ ਧਮਾਕੇਦਾਰ ਪ੍ਰਦਰਸ਼ਨ ਨਾਲ ਕੋਹਲੀ ਤੇ ਰੋਹਿਤ ਦੀ ਰਾਹ ਮੁਸ਼ਕਿਲ
NEXT STORY