ਨਵੀਂ ਦਿੱਲੀ : ਭਾਰਤ ਵਿਰੁੱਧ ਤਿੰਨ ਵਨਡੇ ਮੈਚਾਂ ਦੀ ਲੜੀ ਦੇ ਦੂਜੇ ਮੈਚ ਤੋਂ ਪਹਿਲਾਂ ਵੈਸਟਇੰਡੀਜ਼ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਤਿਰੂਵਨੰਤਪੁਰਮ ਵਿਖੇ ਖੇਡੇ ਗਏ ਪਹਿਲੇ ਵਨਡੇ ਵਿੱਚ ਸ਼ਾਨਦਾਰ ਸੈਂਕੜਾ ਜੜਨ ਵਾਲੇ ਸਲਾਮੀ ਬੱਲੇਬਾਜ਼ ਜਸਟਿਨ ਗ੍ਰੀਵਜ਼ ਪਿੰਨੀ ਦੀ ਸੱਟ ਕਾਰਨ ਦੂਜੇ ਵਨਡੇ ਮੈਚ ਤੋਂ ਬਾਹਰ ਹੋ ਗਏ ਹਨ। ਕ੍ਰਿਕਟ ਵੈਸਟਇੰਡੀਜ਼ ਨੇ ਪੁਸ਼ਟੀ ਕੀਤੀ ਹੈ ਕਿ ਗ੍ਰੀਵਜ਼ ਨੂੰ ਪਹਿਲੇ ਮੈਚ ਵਿੱਚ ਬੱਲੇਬਾਜ਼ੀ ਦੌਰਾਨ ਹੀ ਇਹ ਸੱਟ ਲੱਗੀ ਸੀ। ਪਹਿਲੇ 10 ਓਵਰਾਂ ਦੌਰਾਨ ਪਿੰਨੀ ਵਿੱਚ ਖਿੱਚ ਪੈਣ ਦੇ ਬਾਵਜੂਦ ਉਨ੍ਹਾਂ ਨੇ ਫਿਜ਼ੀਓ ਦੀ ਮਦਦ ਨਾਲ ਬੱਲੇਬਾਜ਼ੀ ਜਾਰੀ ਰੱਖੀ ਅਤੇ 108 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਜੌਨ ਕੈਂਪਬੈਲ ਨਾਲ ਮਿਲ ਕੇ ਪਹਿਲੀਆਂ 20 ਓਵਰਾਂ ਵਿੱਚ 135 ਦੌੜਾਂ ਦੀ ਓਪਨਿੰਗ ਭਾਈਵਾਲੀ ਕੀਤੀ ਸੀ।
ਗ੍ਰੀਵਜ਼ ਨੂੰ 36ਵੇਂ ਓਵਰ ਵਿੱਚ ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਆਊਟ ਕੀਤਾ, ਜਿਸ ਤੋਂ ਬਾਅਦ ਵੈਸਟਇੰਡੀਜ਼ ਦੀ ਟੀਮ 50 ਓਵਰਾਂ ਵਿੱਚ 295/7 ਸਕੋਰ ਹੀ ਬਣਾ ਸਕੀ। ਜਵਾਬ ਵਿੱਚ ਭਾਰਤ ਨੇ ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਵਿਚਾਲੇ ਹੋਈ 151 ਦੌੜਾਂ ਦੀ ਭਾਈਵਾਲੀ ਦੀ ਬਦੌਲਤ 41.4 ਓਵਰਾਂ ਵਿੱਚ ਹੀ ਟੀਚਾ ਹਾਸਲ ਕਰ ਕੇ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਸੀ। ਲੜੀ ਦਾ ਦੂਜਾ ਵਨਡੇ ਮੈਚ 30 ਸਤੰਬਰ ਨੂੰ ਗੁਹਾਟੀ ਵਿਖੇ ਖੇਡਿਆ ਜਾਵੇਗਾ, ਜਿੱਥੇ ਗ੍ਰੀਵਜ਼ ਦੀ ਗ਼ੈਰ-ਮੌਜੂਦਗੀ ਵੈਸਟਇੰਡੀਜ਼ ਲਈ ਇੱਕ ਵੱਡੀ ਚੁਣੌਤੀ ਹੋਵੇਗੀ।
ਏਸ਼ੀਆਈ ਖੇਡਾਂ : ਸਾਹਿਲ-ਚਿਕਿਤਾ ਦਾ ਕਮਾਲ; ਤੀਰਅੰਦਾਜ਼ੀ 'ਚ ਭਾਰਤ ਨੂੰ ਮਿਲਿਆ ਗੋਲਡ
NEXT STORY