ਸਿਡਨੀ : ਗੇਂਦ ਨਾਲ ਛੇੜਛਾੜ ਵਿਵਾਦ ਤੋਂ ਬਾਅਦ ਹੋਈ ਬੇਇੱਜ਼ਤੀ ਦੀ ਸ਼ਰਮਿੰਦਗੀ ਝੱਲ ਰਹੇ ਆਸਟਰੇਲੀਆਈ ਕ੍ਰਿਕਟਰਾਂ ਦਾ ਸਿਰ ਏਸ਼ੇਜ਼ ਵਿਚ ਮਿਲੀ ਜਿੱਤ ਤੋਂ ਬਾਅਦ ਇਕ ਵਾਰ ਫਿਰ ਮਾਣ ਨਾਲ ਉੱਚਾ ਹੋ ਗਿਆ ਅਤੇ ਦੇਸ਼ ਦੇ ਮੀਡੀਆ ਨੇ ਟੀਮ ਦੀ ਰੱਜ ਕੇ ਸ਼ਲਾਘਾ ਕੀਤੀ ਹੈ। 18 ਮਹੀਨੇ ਪਹਿਲਾਂ ਆਸਟਰੇਲੀਆਈ ਕ੍ਰਿਕਟ ਵਿਵਾਦਾਂ ਨਾਲ ਘਿਰਿਆ ਸੀ, ਜਦੋਂ ਉਸ ਸਮੇਂ ਦੇ ਕਪਤਾਨ ਸਟੀਵ ਸਮਿਥ, ਉਪ ਕਪਤਾਨ ਡੇਵਿਡ ਵਾਰਨਰ ਅਤੇ ਸਲਾਮੀ ਬੱਲੇਬਾਜ਼ ਕੈਮਰਾਨ ਬੈਨਕ੍ਰਾਫਟ 'ਤੇ ਗੇਂਦ ਨਾਲ ਛੇੜਛਾੜ ਦੇ ਦੋਸ਼ ਲੱਗੇ ਸੀ। ਇਸ ਦੇ ਨਾਲ ਹੀ ਆਸਟਰੇਲੀਆਈ ਕ੍ਰਿਕਟ 'ਤੇ ਉਂਗਲ ਉੱਠੀ ਅਤੇ ਖੇਡ ਭਾਵਨਾ 'ਤੇ ਬਹਿਸ ਛਿੜ ਗਈ। ਤਿਨਾ ਕ੍ਰਿਕਟਰਾਂ 'ਤੇ ਪਾਬੰਦੀ ਲਗਾਈ ਗਈ ਅਤੇ ਉਸ ਸਮੇਂ ਦੇ ਕੋਚ ਡੇਰੇਨ ਲੀਹਮੈਨ ਨੂੰ ਅਹੁਦਾ ਛੱਡਣਾ ਪਿਆ ਸੀ। ਉਸ ਤੋਂ ਬਾਅਦ ਜਸਟਿਨ ਲੈਂਗਰ ਨੂੰ ਕੋਚ ਬਣਾਇਆ ਗਿਆ ਅਤੇ ਡ੍ਰੈਸਿੰਗ ਰੂਮ ਦੇ ਮਾਹੌਲ ਵਿਚ ਬਦਲਾਅ ਆ ਗਿਆ। ਅਚਾਨਕ ਕਪਤਾਨ ਬਣੇ ਟਿਮ ਪੇਨ ਦੀ ਅਗਵਾਈ ਵਿਚ ਟੀਮ ਨੇ ਇਨ੍ਹਾਂ ਬਦਲਾਵਾਂ ਨੂੰ ਮੰਨਿਆ ਜਦਕਿ ਮਾਰਗਦਰਸ਼ਨ ਦੀ ਭੂਮਿਕਾ ਵਿਚ ਰਿਕੀ ਪੌਂਟਿੰਗ ਅਤੇ ਸਟੀਵ ਵਾ ਵਰਗੇ ਧਾਕੜ ਨਾਲ ਰਹੇ।

ਸਿਡਨੀ ਡੇਲੀ ਟੈਲਿਗ੍ਰਾਫ ਨੇ ਕਿਹਾ ਕਿ ਕੋਚ ਜਸਟਿਨ ਲੈਂਗਰ ਅਤੇ ਸਟਾਫ ਦੀ ਰਣਨੀਤੀ ਨਾਲ ਟਿਮ ਪੇਨ ਦੀ ਅਗਵਾਈ ਵਾਲੀ ਆਸਟਰੇਲੀਆਈ ਟੀਮ ਨੇ ਗੁਆਈ ਇੱਜ਼ਤ ਮੁੜ ਹਾਸਲ ਕੀਤੀ ਹੈ। ਉੱਥੇ ਹੀ ਦਿ ਆਸਟਰੇਲੀਅਨ ਨੇ ਲਿਖਿਆ ਕਿ ਇਸ ਜਿੱਤ ਨਾਲ ਸਾਰੇ ਪਾਪ ਧੁੱਲ ਗਏ। ਪਿਛਲੇ 18 ਮਹੀਨੇ ਦੀ ਨਿਰਾਸ਼ਾ ਦੇ ਬਾਅਦ ਆਖਿਰ ਜਸ਼ਨ ਮਨਾਉਣ ਦਾ ਮੌਕਾ ਮਿਲਿਆ।

ਕਪਤਾਨ ਟਿਮ ਪੇਨ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਸ ਟੀਮ 'ਤੇ ਜਿੰਨੇ ਹਮਲੇ ਕੀਤੇ ਗਏ, ਖਿਡਾਰੀਆਂ ਨੇ ਡੱਟ ਕੇ ਉਨ੍ਹਾਂ ਦਾ ਸਾਹਮਣਾ ਕੀਤਾ ਅਤੇ ਮੈਨੂੰ ਆਪਣੀ ਟੀਮ 'ਤੇ ਮਾਣ ਹੈ। ਜਿੱਤ ਤੋਂ ਬਾਅਦ ਆਸਟਰੇਲੀਅਨ ਚੈਨਲ ਨਾਈਨ ਨੇ ਕਿਹਾ ਕਿ ਲੀਡਸ ਦਾ ਭੂਤ ਹੁਣ ਉੱਤਰ ਚੁੱਕਾ ਹੈ। ਇਕ ਸਾਲ ਦੀ ਪਾਬੰਦੀ ਝੱਲ ਕੇ ਵਾਪਸੀ ਕਰਨ ਵਾਲੇ ਸਟੀਵ ਸਮਿਥ ਨੂੰ ਆਸਟਰੇਲੀਆ ਦੀ ਜਿੱਤ ਸਿਹਰਾ ਜਾਂਦਾ ਹੈ। ਸਿਡਨੀ ਮਾਰਨਿੰਗ ਨੇ ਕਿਹਾ ਕਿ ਇਸ ਏਸ਼ੇਜ਼ ਨੂੰ ਸਮਿਥ ਦੀ ਏਸ਼ੇਜ਼ ਦੇ ਰੂਪ 'ਚ ਯਾਦ ਰੱਖਿਆ ਜਾਵੇਗਾ। ਸਮਿਥ ਨੇ ਇਸ ਏਸ਼ੇਜ਼ ਵਿਚ 134 ਦੀ ਔਸਤ ਨਾਲ 3 ਸੈਂਕੜਿਆਂ ਸਮੇਤ 671 ਦੌੜਾਂ ਬਣਾਈਆਂ।
ਨਿਸ਼ੋਪ AITA ਰੈਂਕਿੰਗ ਟੂਰਨਾਮੈਂਟ ਦੇ ਫਾਈਨਲ ’ਚ ਪਿ੍ਰਥਵੀ ਨਾਲ ਭਿੜਨਗੇ
NEXT STORY