ਕਰਾਚੀ : ਪਾਕਿਸਤਾਨ ਸੁਪਰ ਲੀਗ (PSL) ਅਜੇ ਸ਼ੁਰੂ ਹੋਈ ਨੂੰ ਕੁਝ ਹੀ ਦਿਨ ਹੋਏ ਹਨ ਕਿ ਇਹ ਟੂਰਨਾਮੈਂਟ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਹੈ। ਲਾਹੌਰ ਕਲੰਦਰਜ਼ ਅਤੇ ਕਰਾਚੀ ਕਿੰਗਜ਼ ਵਿਚਾਲੇ ਖੇਡੇ ਗਏ ਮੁਕਾਬਲੇ ਦੌਰਾਨ 'ਬਾਲ ਟੈਂਪਰਿੰਗ' (ਗੇਂਦ ਨਾਲ ਛੇੜਛਾੜ) ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਕ੍ਰਿਕਟ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ। ਪਾਕਿਸਤਾਨੀ ਗੇਂਦਬਾਜ਼ਾਂ ਦੀ ਗੇਂਦ ਨਾਲ ਛੇੜਛਾੜ ਕਰਨ ਦੀ ਪੁਰਾਣੀ ਆਦਤ ਇੱਕ ਵਾਰ ਫਿਰ ਜਗ-ਜ਼ਾਹਿਰ ਹੁੰਦੀ ਨਜ਼ਰ ਆ ਰਹੀ ਹੈ।
ਕਿਵੇਂ ਖੁੱਲ੍ਹੀ ਪੋਲ?
ਮੈਚ ਦੇ ਦੌਰਾਨ ਜਦੋਂ ਕਰਾਚੀ ਕਿੰਗਜ਼ ਦੀ ਪਾਰੀ ਦਾ ਆਖਰੀ ਓਵਰ ਸ਼ੁਰੂ ਹੋਣ ਵਾਲਾ ਸੀ, ਤਾਂ ਪੂਰਾ ਮਾਮਲਾ ਉਦੋਂ ਭਖ ਗਿਆ ਜਦੋਂ ਕਪਤਾਨ ਸ਼ਾਹੀਨ ਸ਼ਾਹ ਅਫਰੀਦੀ, ਤੇਜ਼ ਗੇਂਦਬਾਜ਼ ਹਾਰਿਸ ਰਾਊਫ ਅਤੇ ਫਖਰ ਜ਼ਮਾਨ ਇਕੱਠੇ ਖੜ੍ਹੇ ਹੋ ਕੇ ਗੇਂਦ ਬਾਰੇ ਚਰਚਾ ਕਰ ਰਹੇ ਸਨ। ਇਸ ਦੌਰਾਨ ਗੇਂਦ ਤਿੰਨਾਂ ਦੇ ਹੱਥਾਂ ਵਿੱਚੋਂ ਘੁੰਮਦੀ ਰਹੀ। ਮੈਚ ਦੇ ਅੰਪਾਇਰ ਫੈਸਲ ਅਫਰੀਦੀ ਦੀ ਨਜ਼ਰ ਇਸ ਪੂਰੀ ਹਰਕਤ 'ਤੇ ਸੀ।
ਅੰਪਾਇਰ ਨੇ ਤੁਰੰਤ ਲਿਆ ਐਕਸ਼ਨ
ਜਦੋਂ ਅੰਪਾਇਰ ਨੇ ਗੇਂਦ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਗੇਂਦ ਦੀ ਹਾਲਤ (Condition) ਨਾਲ ਜਾਣਬੁੱਝ ਕੇ ਛੇੜਛਾੜ ਕੀਤੀ ਗਈ ਸੀ। ਦੂਜੇ ਅੰਪਾਇਰ ਸ਼ਰਫੁਦੌਲਾ ਨਾਲ ਲੰਬੀ ਗੱਲਬਾਤ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਨਿਯਮਾਂ ਦੀ ਉਲੰਘਣਾ ਹੋਈ ਹੈ।
5 ਦੌੜਾਂ ਦੀ ਪੈਨਲਟੀ : ਅੰਪਾਇਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਲਾਹੌਰ ਕਲੰਦਰਜ਼ 'ਤੇ 5 ਦੌੜਾਂ ਦੀ ਪੈਨਲਟੀ ਲਗਾ ਦਿੱਤੀ।
ਫੀਲਡਿੰਗ 'ਤੇ ਪਾਬੰਦੀ : ਸਮਾਂ ਖਰਾਬ ਕਰਨ ਅਤੇ ਇਸ ਵਿਵਾਦ ਕਾਰਨ ਲਾਹੌਰ ਦੀ ਟੀਮ ਨੂੰ ਆਖਰੀ ਓਵਰ ਵਿੱਚ 30 ਗਜ਼ ਦੇ ਘੇਰੇ ਤੋਂ ਬਾਹਰ ਸਿਰਫ 4 ਫੀਲਡਰ ਰੱਖਣ ਦੀ ਇਜਾਜ਼ਤ ਮਿਲੀ।
ਸ਼ਾਹੀਨ ਅਫਰੀਦੀ ਨੇ ਪੱਲਾ ਝਾੜਿਆ
ਹੈਰਾਨੀ ਦੀ ਗੱਲ ਇਹ ਰਹੀ ਕਿ ਮੈਚ ਤੋਂ ਬਾਅਦ ਜਦੋਂ ਕਪਤਾਨ ਸ਼ਾਹੀਨ ਅਫਰੀਦੀ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਅਣਜਾਣ ਬਣਦਿਆਂ ਕਿਹਾ, "ਮੈਨੂੰ ਬਾਲ ਟੈਂਪਰਿੰਗ ਬਾਰੇ ਕੁਝ ਨਹੀਂ ਪਤਾ। ਮੈਂ ਦੇਖਾਂਗਾ ਕਿ ਕੈਮਰੇ ਵਿੱਚ ਕੀ ਰਿਕਾਰਡ ਹੋਇਆ ਹੈ। ਸਾਨੂੰ ਪੈਨਲਟੀ ਕਿਉਂ ਲੱਗੀ, ਇਸ ਬਾਰੇ ਵੀ ਮੈਨੂੰ ਜਾਣਕਾਰੀ ਨਹੀਂ ਹੈ।"
ਦੱਸ ਦੇਈਏ ਕਿ ਕਰਾਚੀ ਕਿੰਗਜ਼ ਨੇ ਇਸ ਡਰਾਮੇ ਦੇ ਵਿਚਕਾਰ ਆਖਰੀ ਓਵਰ ਵਿੱਚ ਲੋੜੀਂਦੀਆਂ ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਹੁਣ ਦੇਖਣਾ ਇਹ ਹੋਵੇਗਾ ਕਿ ਪੀ.ਐੱਸ.ਐੱਲ. ਪ੍ਰਬੰਧਕ ਇਸ ਗੰਭੀਰ ਮਾਮਲੇ 'ਤੇ ਕੀ ਸਖ਼ਤ ਕਾਰਵਾਈ ਕਰਦੇ ਹਨ ਜਾਂ ਫਿਰ ਇਸ ਨੂੰ ਦਬਾ ਦਿੱਤਾ ਜਾਵੇਗਾ।
CSK vs RR: ਜਾਣੋ ਹੈੱਡ ਟੂ ਹੈੱਡ, ਮੌਸਮ-ਪਿੱਚ ਰਿਪੋਰਟ ਤੇ ਸੰਭਾਵਿਤ 11 ਬਾਰੇ
NEXT STORY