ਗੁਹਾਟੀ : ਭਾਰਤੀ ਕ੍ਰਿਕਟ ਟੀਮ ਆਪਣੇ ਨਵੇਂ ਸਾਲ ਦੀ ਮੁਹਿੰਮ ਦੀ ਸ਼ੁਰੂਆਤ ਸ਼੍ਰੀਲੰਕਾ ਵਿਰੁੱਧ ਕਰਨ ਜਾ ਰਹੀ ਹੈ ਤੇ ਐਤਵਾਰ ਨੂੰ ਗੁਹਾਟੀ ਵਿਚ ਸੀਰੀਜ਼ ਦੇ ਪਹਿਲੇ ਟੀ-20 ਕੌਮਾਂਤਰੀ ਮੁਕਾਬਲੇ ਵਿਚ ਉਤਰੇਗੀ, ਜਿੱਥੇ ਉਸ ਦੀਆਂ ਨਜ਼ਰਾਂ ਆਗਾਮੀ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਨੌਜਵਾਨ ਬ੍ਰਿਗੇਡ ਦੇ ਪ੍ਰਦਰਸ਼ਨ 'ਤੇ ਲੱਗੀਆਂ ਹੋਣਗੀਆਂ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਇਸ ਸਾਲ ਆਸਟਰੇਲੀਆ ਵਿਚ ਹੋਣ ਵਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਵਿਚ ਖਿਤਾਬ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਟੀਮ ਲਈ ਆਪਣੇ ਸਰਵਸ੍ਰੇਸ਼ਠ ਸੰਯੋਜਨ ਨੂੰ ਲੱਭਣਾ ਵੱਡੀ ਚੁਣੌਤੀ ਹੈ। ਭਾਰਤ ਨੇ ਹਾਲ ਹੀ ਵਿਚ ਆਪਣੇ ਮੈਦਾਨ 'ਤੇ ਬੰਗਲਾਦੇਸ਼ ਤੇ ਵੈਸਟਇੰਡੀਜ਼ ਤੋਂ ਟੀ-20 ਸੀਰੀਜ਼ ਵਿਚ ਕਾਫੀ ਚੁਣੌਤੀਆਂ ਝੱਲੀਆਂ ਹਨ ਤੇ ਦੋਵਾਂ ਹੀ ਲੜੀਆਂ ਵਿਚ ਉਹ 2-1 ਦੇ ਫਰਕ ਨਾਲ ਜਿੱਤਣ ਵਿਚ ਸਫਲ ਹੋਇਆ। ਹਾਲਾਂਕਿ ਭਾਰਤੀ ਟੀਮ ਨੂੰ ਇਨ੍ਹਾਂ ਦੋਵਾਂ ਹੀ ਲੜੀਆਂ ਵਿਚ ਫੀਲਡਿੰਗ, ਗੇਂਦਬਾਜ਼ੀ ਤੇ ਬੱਲੇਬਾਜ਼ੀ ਸਾਰੇ ਵਿਭਾਗਾਂ ਵਿਚ ਵਿਰੋਧੀਆਂ ਤੋਂ ਸਖਤ ਚੁਣੌਤੀ ਝੱਲਣੀ ਪਈ, ਜਿਹੜੀ ਉਸ ਦੇ ਲਈ ਵੱਡਾ ਸਬਕ ਸਾਬਤ ਹੋਈ ਹੈ। ਹੁਣ ਦੇਖਣਾ ਹੋਵੇਗਾ ਕਿ ਸ਼੍ਰੀਲੰਕਾ ਵਿਰੁੱਧ ਟੀਮ ਇੰਡੀਆ ਦੇ ਖਿਡਾਰੀ ਕਿਹੜੇ-ਕਿਹੜੇ ਵਿਭਾਗਾਂ ਵਿਚ ਕਿੰਨੇ ਸੁਧਾਰ ਨਾਲ ਉਤਰਦੇ ਹਨ। ਮੌਜੂਦਾ ਸੀਰੀਜ਼ ਵਿਚ ਸਟਾਰ ਓਪਨਰ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ ਹੈ ਪਰ ਟੀਮ ਦੇ ਪ੍ਰਤਿਭਾਸ਼ਾਲੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਅਹਿਮ ਮੰਨੀ ਜਾ ਰਹੀ ਹੈ। ਵੱਕਾਰੀ ਵਿਜ਼ਡਨ ਦੀ ਦਹਾਕੇ ਦੀ ਸਰਵਸ੍ਰੇਸ਼ਠ ਟੀ-20 ਕੌਮਾਂਤਰੀ ਟੀਮ ਵਿਚ ਵਿਰਾਟ ਦੇ ਨਾਲ ਹੋਰ ਭਾਰਤੀ ਦੇ ਰੂਪ ਵਿਚ ਸਥਾਨ ਬਣਾਉਣ ਵਾਲਾ ਬੁਮਰਾਹ ਮੌਜੂਦਾ ਸਮੇਂ ਵਿਚ ਭਾਰਤੀ ਟੀਮ ਦੇ ਬਿਹਤਰੀਨ ਤੇਜ਼ ਗੇਂਦਬਾਜ਼ਾਂ ਵਿਚ ਗਿਣਿਆ ਜਾਂਦਾ ਹੈ, ਜਿਸਦਾ ਲੋਹਾ ਸਭ ਤੋਂ ਵੱਧ ਡੈੱਥ ਓਵਰਾਂ ਵਿਚ ਮੰਨਿਆ ਜਾਂਦਾ ਹੈ।

26 ਸਾਲਾ ਬੁਮਰਾਹ ਅਕਤੂਬਰ 2019 ਵਿਚ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਦੀ ਸ਼ੁਰੂਆਤ ਤੋਂ ਹੀ ਟੀਮ 'ਚੋਂ ਬਾਹਰ ਹੈ। ਉਸ ਨੇ ਪਿਛਲੇ ਕਾਫੀ ਸਮੇਂ ਤੋਂ ਟੀ-20 ਕ੍ਰਿਕਟ ਨਹੀਂ ਖੇਡੀ ਹੈ ਪਰ ਸ਼੍ਰੀਲੰਕਾ ਵਿਰੁੱਧ ਸੀਰੀਜ਼ ਤੋਂ ਪਹਿਲਾਂ ਨੈੱਟ 'ਤੇ ਜੰਮ ਕੇ ਅਭਿਆਸ ਕੀਤਾ ਹੈ ਤੇ ਉਸਦੇ ਪ੍ਰਦਰਸ਼ਨ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਬੁਮਰਾਹ ਦੀ ਵਾਪਸੀ ਜਿੱਥੇ ਟੀਮ ਲਈ ਸੁਖਦਾਇਕ ਹੈ, ਉਥੇ ਹੀ ਭੁਵਨੇਸ਼ਵਰ ਕੁਮਾਰ ਤੇ ਦੀਪਕ ਚਾਹਰ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹਨ ਤੇ ਉਨ੍ਹਾਂ ਦੀ ਵਾਪਸੀ ਦੀ ਸਮਾਂ-ਸੀਮਾ ਤੈਅ ਨਹੀਂ ਹੈ। ਅਜਿਹੇ ਵਿਚ ਨਵਦੀਪ ਸੈਣੀ ਤੇ ਸ਼ਾਰਦੁਲ ਠਾਕੁਰ ਕੋਲ ਖੁਦ ਨੂੰ ਸਾਬਤ ਕਰਨ ਲਈ ਟੀਮ ਦੇ ਨਾਲ ਵੱਧ ਸਮਾਂ ਹੋਵੇਗਾ। ਵੈਸਟਇੰਡੀਜ਼ ਵਿਰੁੱਧ ਕਟਕ ਵਿਚ ਸੈਣੀ ਨੇ ਵਨ ਡੇ ਸੀਰੀਜ਼ ਦੇ ਫੈਸਲਾਕੁੰਨ ਮੈਚ ਵਿਚ ਸਪਾਟ ਪਿੱਚ 'ਤੇ ਵੀ ਵਧੀਆ ਗੇਂਦਬਾਜ਼ੀ ਕੀਤੀ ਸੀ, ਜਦਕਿ ਠਾਕੁਰ ਦਾ ਪ੍ਰਦਰਸ਼ਨ ਸਬਰਯੋਗ ਸੀ। ਤੇਜ਼ ਗੇਂਦਬਾਜ਼ਾਂ ਤੋਂ ਇਲਾਵਾ ਟੀਮ ਕੋਲ ਲੈਫਟ ਆਰਾਮ ਸਪਿਨਰ ਰਵਿੰਦਰ ਜਡੇਜਾ ਦੇ ਰੂਪ ਵਿਚ ਤਜਰਬੇਕਾਰ ਖਿਡਾਰੀ ਰਹੇਗਾ ਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਵਰਗੇ ਚੰਗੇ ਸਪਿਨ ਬਦਲਾਂ ਦੀ ਮੌਜੂਦਗੀ ਨਾਲ ਭਾਰਤ ਦਾ ਗੇਂਦਬਾਜ਼ੀ ਵਿਭਾਗ ਕਿਸੇ ਵੀ ਵਿਰੋਧੀ ਲਈ ਚੁਣੌਤੀਪੂਰਨ ਹੋਵੇਗਾ।

ਰੋਹਿਤ ਦੀ ਗੈਰ-ਹਾਜ਼ਰੀ ਵਿਚ ਭਾਰਤ ਕੋਲ ਫਿੱਟ ਹੋ ਕੇ ਪਰਤ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ, ਚੰਗੀ ਫਾਰਮ ਵਿਚ ਖੇਡ ਰਹੇ ਲੋਕੇਸ਼ ਰਾਹੁਲ, ਖੁਦ ਕਪਤਾਨ ਵਿਰਾਟ ਕੋਹਲੀ ਦੀ ਮਜ਼ੂਬਤ ਓਪਨਿੰਗ ਕ੍ਰਮ ਦੀ ਤਿਕੜੀ ਹੈ। ਧਵਨ ਸੱਟ ਤੋਂ ਬਾਅਦ ਵਾਪਸੀ ਕਰ ਰਿਹਾ ਹੈ ਤੇ ਉਸ 'ਤੇ ਜਲਦ ਹੀ ਫਾਰਮ ਵਿਚ ਵਾਪਸੀ ਕਰਨ ਦਾ ਦਬਾਅ ਹੋਵੇਗਾ। ਸਾਲ 2018 ਵਿਚ ਉਹ 17 ਪਾਰੀਆਂ ਵਿਚ 40.52 ਦੀ ਔਸਤ ਨਾਲ 689 ਦੌੜਾਂ ਬਣਾ ਕੇ ਟਾਪ ਸਕੋਰਰ ਰਿਹਾ ਸੀ ਪਰ ਫਿਰ ਸੱਟ ਕਾਰਣ ਪਿਛਲੇ ਸਾਲ ਉਸਦੀ ਫਾਰਮ ਪ੍ਰਭਾਵਿਤ ਹੋਈ ਸੀ। ਆਈ. ਪੀ. ਐੱਲ. ਦੇ ਪਿਛਲੇ ਸੈਸ਼ਨ ਵਿਚ ਉਹ ਦਿੱਲੀ ਕੈਪੀਟਲਸ ਦਾ ਟਾਪ ਸਕੋਰਰ ਰਿਹਾ ਸੀ ਤੇ 16 ਪਾਰੀਆਂ ਵਿਚ ਉਸ ਨੇ 521 ਦੌੜਾਂ ਬਣਾਈਆਂ ਸਨ, ਜਿਸ ਫਾਰਮ ਦੀ ਉਸ ਤੋਂ ਹੁਣ ਉਮੀਦ ਕੌਮਾਂਤਰੀ ਟੀ-20 ਵਿਚ ਵੀ ਹੈ। ਦੂਜੇ ਪਾਸੇ ਸ਼੍ਰੀਲੰਕਾਈ ਟੀਮ ਨੇ ਆਪਣੀ 16 ਮੈਂਬਰੀ ਟੀਮ ਵਿਚ ਸਾਬਕਾ ਕਪਤਾਨ ਐਂਜੇਲੋ ਮੈਥਿਊਜ਼ ਨੂੰ ਵਾਪਸ ਬੁਲਾਇਆ ਹੈ, ਜਿਹੜਾ 16 ਮਹੀਨਿਆਂ ਬਾਅਦ ਵਾਪਸੀ ਕਰ ਰਿਹਾ ਹੈ। ਮੈਥਿਊਜ਼ ਨੇ ਦੱਖਣੀ ਅਫਰੀਕਾ ਵਿਰੁੱਧ ਅਗਸਤ 2018 ਵਿਚ ਆਖਰੀ ਟੀ-20 ਖੇਡਿਆ ਸੀ, ਜਿਸ ਵਿਚ ਸ਼੍ਰੀਲੰਕਾਈ ਟੀਮ ਨੇ 3 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਪਾਕਿਸਤਾਨ ਵਿਚ ਵੀ ਸ਼੍ਰੀਲੰਕਾਈ ਟੀਮ ਨੇ 3-0 ਨਾਲ ਜਿੱਤ ਦਰਜ ਕੀਤੀ ਸੀ ਪਰ ਆਸਟਰੇਲੀਆ ਹੱਥੋਂ ਉਸ ਨੂੰ 0-3 ਨਾਲ ਹਾਰ ਝੱਲਣੀ ਪਈ ਸੀ ਤੇ ਵਿਸ਼ਵ ਕੱਪ ਤੋਂ ਪਹਿਲਾਂ ਉਸ ਨੂੰ ਵੀ ਆਪਣੇ ਸੰਯੋਜਨ 'ਤੇ ਧਿਆਨ ਦੇਣਾ ਪਵੇਗਾ ਤੇ ਤਿਆਰੀਆਂ ਦੇ ਲਿਹਾਜ਼ ਨਾਲ ਭਾਰਤ ਦੌਰਾ ਉਸਦੇ ਲਈ ਸਭ ਤੋਂ ਮਹੱਤਵਪੂਰਨ ਹੋਵੇਗਾ।
ਟੀਮਾਂ ਇਸ ਤਰ੍ਹਾਂ ਹਨ
ਭਾਰਤ : ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਸੰਜੂ ਸੈਮਸਨ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੂਬੇ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ ਤੇ ਵਾਸ਼ਿੰਗਟਨ ਸੁੰਦਰ।
ਸ਼੍ਰੀਲੰਕਾ : ਲਸਿਥ ਮਲਿੰਗਾ (ਕਪਤਾਨ), ਧਨੁਸ਼ਕਾ ਗੁਣਾਥਿਲਕਾ, ਅਵਿਸ਼ਕਾ ਫਰਨਾਂਡੋ, ਐਂਜੇਲੋ ਮੈਥਿਊਜ਼, ਦਾਸੁਨ ਸ਼ਨਾਕਾ, ਕੁਸ਼ਲ ਪਰੇਰਾ, ਨਿਰੋਸ਼ਨ ਡਿਕਵੇਲਾ, ਧਨੰਜਯ ਡਿਸਲਵਾ, ਇਸਰੂ ਉਡਾਨਾ, ਭਾਨੁਕਾ ਰਾਜਪਕਸ਼ੇ, ਓਸ਼ਦਾ ਫਰਨਾਂਡੋ, ਵਾਨਿੰਦੁ ਹਸਰੰਗਾ, ਲਾਹਿਰੂ ਕੁਮਾਰਾ, ਕੁਸ਼ਲ ਮੈਂਡਿਸ, ਲਕਸ਼ਣ ਮੰਦਾਕਨ ਤੇ ਕੁਸਨ ਰਾਜਿਤਾ।
ਸਾਕਸ਼ੀ ਤੋਂ ਬਾਅਦ ਪੂਜਾ ਨੂੰ ਵੀ ਟ੍ਰਾਇਲ ਵਿਚ ਮਿਲੀ ਹਾਰ
NEXT STORY