ਆਇਲ ਆਫ ਮੈਨ (ਨਿਕਲੇਸ਼ ਜੈਨ)— ਵਿਸ਼ਵ ਦੇ ਸਭ ਤੋਂ ਵੱਕਾਰੀ ਓਪਨ ਟੂਰਨਾਮੈਂਟਾਂ ਵਿਚੋਂ ਇਕ ਆਇਲ ਆਫ ਮੈਨ ਸ਼ਤਰੰਜ ਚੈਂਪੀਅਨਸ਼ਿਪ ਦੀ ਸਮਾਪਤੀ ਪੋਲੈਂਡ ਦੇ ਗ੍ਰੈਂਡ ਮਾਸਟਰ ਰਾਡੋਸਲਾਵ ਵੋਇਟਾਚੈੱਕ ਦੇ ਜੇਤੂ ਬਣਨ ਨਾਲ ਹੋ ਗਈ। 9ਵੇਂ ਰਾਊਂਡ ਵਿਚ ਉਸ ਨੇ ਅਜਰਬੈਜਾਨ ਦੇ ਅਕਾਰਡੀ ਨਾਈਡਿਸ਼ ਨਾਲ ਡਰਾਅ ਖੇਡਿਆ ਪਰ ਬਿਹਤਰ ਟਾਈਬ੍ਰੇਕ ਤੇ ਆਖਰੀ ਰਾਊਂਡ ਵਿਚ ਉਸ ਦੇ ਨੇੜਲੇ 6 ਅੰਕਾਂ 'ਤੇ ਖੇਡ ਰਹੇ ਅਮਰੀਕਾ ਦੇ ਜੇਫ੍ਰੀ ਜਿਆਂਗ, ਫਰਾਂਸ ਦੇ ਮੈਕਸਿਮ ਲਾਗ੍ਰੇਵ, ਚੀਨ ਦੇ ਵਾਂਗ ਹਾਓ ਤੇ ਇੰਗਲੈਂਡ ਦੇ ਗਾਵਿਨ ਜੋਨਸ ਦਾ ਜਿੱਤ ਦਰਜ ਨਾ ਕਰ ਸਕਣਾ ਵੀ ਉਸ ਦੇ ਜਿੱਤ ਦੇ ਪਿੱਛੇ ਇਕ ਕਾਰਨ ਰਿਹਾ।
ਉਸ ਦੀ ਜੀਵਨਸਾਥੀ ਅਲਿਨਾ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾ ਵਰਗ ਦਾ ਪਹਿਲਾ ਪੁਰਸਕਾਰ ਆਪਣੇ ਨਾਂ ਕੀਤਾ। ਅਕਾਰਡੀ 7 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ। ਤੀਜੇ ਸਥਾਨ 'ਤੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਰੂਸ ਦਾ ਵਲਾਦੀਮਿਰ ਕ੍ਰਾਮਨਿਕ ਰਿਹਾ। ਇੰਝ ਉਸ ਦੇ ਨਾਲ ਭਾਰਤ ਦਾ ਅਧਿਬਨ ਭਾਸਕਰ 6 ਹੋਰ ਖਿਡਾਰੀਆਂ ਨਾਲ 6.5 ਅੰਕਾਂ 'ਤੇ ਸੀ ਪਰ ਅਧਿਬਨ ਨੂੰ 8ਵੇਂ ਸਥਾਨ 'ਤੇ ਸਬਰ ਕਰਨਾ ਪਿਆ। ਆਖਰੀ ਰਾਊਂਡ 'ਚ ਭਾਰਤ ਲਈ ਅਧਿਬਨ ਨੇ ਮੇਜ਼ਬਾਨ ਇੰਗਲੈਂਡ ਦੇ ਧਾਕੜ ਖਿਡਾਰੀ ਮਾਈਕਲ ਐਡਮਸ ਨੂੰ ਹਰਾਉਂਦਿਆਂ ਟਾਪ-10 ਵਿਚ ਜਗ੍ਹਾ ਬਣਾਈ ਤੇ ਭਾਰਤ ਵਲੋਂ ਉਹ ਚੋਟੀ 'ਤੇ ਰਿਹਾ।
ਵਿਸ਼ਵਨਾਥਨ ਆਨੰਦ ਰਿਹਾ ਟਾਪ-25 ਵਿਚ
ਵਿਸ਼ਵਨਾਥਨ ਆਨੰਦ ਨੇ ਚੀਨ ਦੇ ਵਾਂਗ ਹਾਓ ਨਾਲ, ਸੇਥੂਰਮਨ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨਾਲ, ਵਿਦਿਤ ਗੁਜਰਾਤੀ ਨੇ ਅਰਮੀਨੀਆ ਦੇ ਹਰਾਂਤ ਮੇਲਕੁਬਯਨ ਨਾਲ ਡਰਾਅ ਖੇਡਦਿਆਂ ਟਾਪ-25 ਵਿਚ ਆਪਣਾ ਸਥਾਨ ਪੱਕਾ ਕੀਤਾ। ਮਹਿਲਾ ਖਿਡਾਰੀਆਂ ਵਿਚ ਭਾਰਤ ਦੀ ਆਰ. ਵੈਸ਼ਾਲੀ ਨੇ ਆਪਣਾ ਪਹਿਲਾ ਇੰਟਰਨੈਸ਼ਨਲ ਮਾਸਟਰ ਨਾਰਮ ਹਾਸਲ ਕੀਤਾ। ਨੰਨ੍ਹੇ ਖਿਡਾਰੀਆਂ ਵਿਚ ਨਿਹਾਲ ਸਰੀਨ ਨੇ 42ਵਾਂ, ਪ੍ਰਗਿਆਨੰਦਾ ਨੇ 60ਵਾਂ ਤੇ ਗੁਕੇਸ਼ ਡੀ ਨੇ 70ਵਾਂ ਸਥਾਨ ਹਾਸਲ ਕੀਤਾ।
ਨਿਊਜ਼ੀਲੈਂਡ ਦਾ ਸਾਬਕਾ ਕੋਚ ਮਾਈਕ ਹੇਸਨ ਕਿੰਗਜ਼ ਇਲੈਵਨ ਪੰਜਾਬ ਦਾ ਕੋਚ ਬਣਿਆ
NEXT STORY