ਦਿੱਲੀ (ਭਾਸ਼ਾ)-ਤਿੰਨ ਵਾਰ ਦੇ ਇੰਡੀਅਨ ਪ੍ਰੀਮੀਅਰ ਲੀਗ ਚੈਂਪੀਅਨ (ਆਈ. ਪੀ. ਐੱਲ.) ਚੇਨਈ ਸੁਪਰ ਕਿੰਗਜ਼ ਨੇ ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਉਨ੍ਹਾਂ ਦੀ ਇਤਿਹਾਸਕ ਪ੍ਰਾਪਤੀ ਲਈ ਐਤਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ। ਓਲੰਪਿਕ ਚੈਂਪੀਅਨ ਭਾਲਾ ਸੁੱਟ ਖਿਡਾਰੀ ਚੋਪੜਾ ਨੂੰ ਚੇਨਈ ਸੁਪਰ ਕਿੰਗਜ਼ ਕ੍ਰਿਕਟ ਲਿਮਟਿਡ ਵੱਲੋਂ ਇਥੇ ਇਕ ਕਰੋੜ ਰੁਪਏ ਦਾ ਚੈੱਕ ਦਿੱਤਾ। ਇਥੇ ਜਾਰੀ ਇਕ ਬਿਆਨ ਦੇ ਅਨੁਸਾਰ ਸੀ. ਐੱਸ. ਕੇ. ਨੇ ਚੋਪੜਾ ਦੇ ਸਨਮਾਨ ’ਚ ਉਨ੍ਹਾਂ ਨੂੰ 8758 ਨੰਬਰ (ਟੋਕੀਓ ’ਚ 87.58 ਮੀਟਰ ਦੇ ਸੋਨ ਤਮਗੇ ਦੀ ਕੋਸ਼ਿਸ਼ ਦੇ ਆਧਾਰ ’ਤੇ) ਦੀ ਜਰਸੀ ਵੀ ਦਿੱਤੀ। ਚੋਪੜਾ ਅਭਿਨਵ ਬਿੰਦਰਾ ਤੋਂ ਬਾਅਦ ਭਾਰਤ ਦੇ ਸਿਰਫ ਦੂਜੇ ਵਿਅਕਤੀਗਤ ਓਲੰਪਿਕ ਸੋਨ ਤਮਗਾ ਜੇਤੂ ਹਨ। ਸੀ. ਐੱਸ. ਕੇ. ਦੇ ਸੀ. ਈ. ਓ. ਕੇ. ਐੱਸ. ਵਿਸ਼ਵਨਾਥਨ ਨੇ ਕਿਹਾ ਕਿ ਸ਼ਾਨਦਾਰ ਪ੍ਰਾਪਤੀ ਲਈ ਪੂਰੇ ਦੇਸ਼ ਨੂੰ ਨੀਰਜ ’ਤੇ ਮਾਣ ਹੈ। ਟ੍ਰੈਕ ਐਂਡ ਫੀਲਡ ’ਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਕੇ ਉਨ੍ਹਾਂ ਨੇ ਮਾਪਦੰਡ ਸਥਾਪਿਤ ਕੀਤੇ ਹਨ।
ਉਨ੍ਹਾਂ ਕਿਹਾ ਕਿ ਉਹ ਅਗਲੀ ਪੀੜ੍ਹੀ ਦੇ ਲਈ ਪ੍ਰੇਰਣਾ ਹਨ। 87.58 ਦਾ ਅੰਕੜਾ ਹਮੇਸ਼ਾ ਭਾਰਤੀ ਖੇਡਾਂ ਦੇ ਇਤਿਹਾਸ ’ਚ ਦਰਜ ਹੋ ਗਿਆ ਹੈ ਤੇ ਨੀਰਜ ਨੂੰ ਇਹ ਵਿਸ਼ੇਸ਼ ਜਰਸੀ ਸੌਂਪਣਾ ਸਾਡੇ ਲਈ ਸਨਮਾਨ ਦੀ ਗੱਲ ਹੈ। ਪੁਰਸਕਾਰ ਤੇ ਵਿਸ਼ੇਸ਼ ਜਰਸੀ ਲੈਣ ਤੋਂ ਬਾਅਦ 23 ਸਾਲ ਦੇ ਚੋਪੜਾ ਨੇ ਕਿਹਾ ਕਿ ਪਿਛਲੇ ਦੋ ਮਹੀਨੇ ਉਨ੍ਹਾਂ ਲਈ ਨਵੀਆਂ ਚੀਜ਼ਾਂ ਦਾ ਅਨੁਭਵ ਕਰਨ ਦਾ ਮੌਕਾ ਰਹੇ। ਉਨ੍ਹਾਂ ਨੇ ਸੀ. ਐੱਸ. ਕੇ. ਪ੍ਰਬੰਧਕ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਤੁਹਾਡੇ ਸਮਰਥਨ ਤੇ ਪੁਰਸਕਾਰ ਲਈ ਧੰਨਵਾਦ। ਕਾਫ਼ੀ ਵਧੀਆ ਲੱਗ ਰਿਹਾ ਹੈ। ਮੈਂ ਕਦੀ ਸੋਚਿਆ ਨਹੀਂ ਸੀ ਕਿ ਸੋਨ ਤਮਗਾ ਜਿੱਤਣ ਤੋਂ ਬਾਅਦ ਮੈਨੂੰ ਇੰਨਾ ਪਿਆਰ ਮਿਲੇਗਾ। ਇਸ ਦੀ ਉਮੀਦ ਨਹੀਂ ਸੀ ਤੇ ਕਾਫ਼ੀ ਵਧੀਆ ਮਹਿਸੂਸ ਕਰ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਮੈਂ ਹੋਰ ਸਖ਼ਤ ਮਿਹਨਤ ਕਰਾਂਗਾ ਤੇ ਵਧੀਆ ਨਤੀਜੇ ਹਾਸਲ ਕਰਾਂਗਾ। ਟੋਕੀਓ ’ਚ 7 ਅਗਸਤ ਨੂੰ 87.58 ਮੀਟਰ ਦੀ ਦੂਰੀ ਤਕ ਭਾਲਾ ਸੁੱਟ ਕੇ ਚੋਪੜਾ ਓਲੰਪਿਕ ਖੇਡਾਂ ਦੇ ਐਥਲੈਟਿਕਸ ਮੁਕਾਬਲੇ ’ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਸਨ।
ਖਿਡਾਰੀਆਂ ਦੀ ਨਿਲਾਮੀ ’ਚ 90 ਕਰੋੜ ਰੁਪਏ ਖਰਚ ਕਰ ਸਕਣਗੀਆਂ ਆਈ. ਪੀ. ਐੱਲ. ਟੀਮਾਂ
NEXT STORY