ਕੋਲਕਾਤਾ– ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ਵਿਚ ਈਡਨ ਗਾਰਡਨ ਮਹਿੰਦਰ ਸਿੰਘ ਧੋਨੀ ਦੀ ਪੀਲੀ ਜਰਸੀ ਦੇ ਰੰਗ ਵਿਚ ਰੰਗ ਸਕਦਾ ਹੈ ਜਿਹੜਾ ਸੰਭਾਵਿਤ ਇਸ ਇਤਿਹਾਸਕ ਮੈਦਾਨ ’ਤੇ ਆਖਰੀ ਵਾਰ ਖੇਡੇਗਾ।
5 ਵਾਰ ਦੀ ਚੈਂਪੀਅਨ ਚੇਨਈ ਦੀ ਟੀਮ ਪਲੇਅ ਆਫ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ ਪਰ ਧੋਨੀ ਦਾ ਜਲਵਾ ਅਜੇ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ ਤੇ ਸਿਰਫ ਉਸਦੀ ਹਾਜ਼ਰੀ ਨਾਲ ਹੀ ਨਾਈਟ ਰਾਈਡਰਜ਼ ਦਾ ਘਰੇਲੂ ਮੈਦਾਨ ਪੀਲੇ ਰੰਗ ਵਿਚ ਰੰਗ ਸਕਦਾ ਹੈ। ਕੋਲਕਾਤਾ ਅਜਿਹਾ ਸ਼ਹਿਰ ਹੈ, ਜਿਸ ਨਾਲ ਧੋਨੀ ਦਾ ਨੇੜੇ ਦਾ ਵੀ ਸਬੰਧ ਨਹੀਂ ਹੈ। ਉਸਦੇ ਸਹੁਰੇ ਪੱਖ ਦੇ ਲੋਕ ਇਸ ਸ਼ਹਿਰ ਵਿਚ ਰਹਿੰਦੇ ਹਨ ਤੇ ਉਸ ਨੇ ਜੂਨੀਅਰ ਕ੍ਰਿਕਟ ਵਿਚ ਆਪਣਾ ਜ਼ਿਆਦਾਤਰ ਸਮਾਂ ਇਸੇ ਸ਼ਹਿਰ ਵਿਚ ਬਿਤਾਇਆ ਹੈ। ਅਜਿਹੇ ਵਿਚ ਬੁਧਵਾਰ ਦਾ ਦਿਨ ਇਸ 43 ਸਾਲਾ ਖਿਡਾਰੀ ਤੇ ਉਸਦੇ ਪ੍ਰਸ਼ੰਸਕਾਂ ਲਈ ਭਾਵਨਾਤਮਕ ਹੋ ਸਕਦਾ ਹੈ।
ਈਡਨ ਗਾਰਡਨ ਧੋਨੀ ਦੀਆਂ ਕਈ ਪ੍ਰਾਪਤੀਆਂ ਦਾ ਗਵਾਹ ਵੀ ਰਿਹਾ ਹੈ, ਜਿਨ੍ਹਾਂ ਵਿਚ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਪਹਿਲਾ ਸੈਂਕੜਾ ਤੇ ਟੈਸਟ ਕ੍ਰਿਕਟ ਵਿਚ ਦੋ ਸੈਂਕੜੇ ਵੀ ਸ਼ਾਮਲ ਹਨ। ਉਸ ਨੇ ਇੱਥੇ ਕਲੱਬ ਕ੍ਰਿਕਟ ਵੀ ਖੇਡੀ ਹੈ, ਜਿਸ ਵਿਚ ਸ਼ਾਮਬਾਜ਼ਾਰ ਕਲੱਬ ਲਈ ਯਾਦਗਾਰ ਪੀ. ਸੇਨ ਟਰਾਫੀ ਫਾਈਨਲ ਵੀ ਸ਼ਾਮਲ ਹੈ। ਧੋਨੀ ਦਾ ਪ੍ਰਦਰਸ਼ਨ ਹੁਣ ਪਹਿਲਾਂ ਦੀ ਤਰ੍ਹਾਂ ਨਹੀਂ ਰਿਹਾ ਹੈ ਪਰ ਉਸਦੇ ਚਾਹੁਣ ਵਾਲਿਆਂ ਦਾ ਉਸਦੇ ਨਾਲ ਭਾਵਨਾਤਮਕ ਲਗਾਅ ਹੈ ਤੇ ਇਸ ਲਈ ਉਹ ਵੱਡੀ ਗਿਣਤੀ ਵਿਚ ਇੱਥੇ ਪਹੁੰਚ ਸਕਦੇ ਹਨ।
ਚੇਨਈ ਦੀ ਟੀਮ ਪਿਛਲੇ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਹੱਥੋਂ 2 ਦੌੜਾਂ ਨਾਲ ਹਾਰ ਗਈ ਸੀ। ਧੋਨੀ ਨੇ ਇਸ ਮੈਚ ਵਿਚ 8 ਗੇਂਦਾਂ ’ਤੇ 12 ਦੌੜਾਂ ਬਣਾਈਆਂ ਪਰ ਉਹ ਆਖਰੀ ਓਵਰ ਦੀ ਤੀਜੀ ਗੇਂਦ ’ਤੇ ਆਊਟ ਹੋ ਗਿਆ, ਜਿਸ ਨਾਲ ਚੇਨਈ ਦੀ ਟੀਮ ਟੀਚੇ ਤੱਕ ਨਹੀਂ ਪਹੁੰਚ ਸਕੀ ਸੀ। ਧੋਨੀ ਨੇ ਮੈਚ ਤੋਂ ਬਾਅਦ ਹਾਰ ਦੀ ਜ਼ਿੰਮੇਵਾਰੀ ਲਈ ਸੀ।
ਚੇਨਈ ਦੀ ਟੀਮ ਲਈ ਹੁਣ ਗਵਾਉਣ ਲਈ ਕੁਝ ਵੀ ਨਹੀਂ ਹੈ ਤੇ ਉਹ ਇਸ ਮੈਚ ਵਿਚ ਜ਼ਿਆਦਾ ਖੁੱਲ੍ਹ ਕੇ ਖੇਡੇਗੀ ਪਰ ਕੋਲਕਾਤਾ ਲਈ ਇਹ ਮੈਚ ਕਰੋ ਜਾਂ ਮਰੋ ਵਰਗਾ ਹੈ ਕਿਉਂਕਿ ਉਸ ਨੂੰ ਪਲੇਅ ਆਫ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖਣ ਲਈ ਬਾਕੀ ਬਚੇ ਤਿੰਨੇ ਮੈਚਾਂ ਵਿਚ ਜਿੱਤ ਹਾਸਲ ਕਰਨੀ ਪਵੇਗੀ। ਕੋਲਕਾਤਾ ਦੇ ਅਜੇ 11 ਅੰਕ ਹਨ ਤੇ ਅਗਲੇ ਤਿੰਨੇ ਮੈਚਾਂ ਵਿਚ ਜਿੱਤ ’ਤੇ ਉਸਦੇ 17 ਅੰਕ ਹੋ ਜਾਣਗੇ। ਇੱਥੇ ਪਹੁੰਚਣ ’ਤੇ ਵੀ ਉਸਦੀ ਪਲੇਅ ਆਫ ਵਿਚ ਸੀਟ ਪੱਕੀ ਹੋ ਜਾਵੇਗੀ, ਕਿਹਾ ਨਹੀਂ ਜਾ ਸਕਦਾ ਕਿਉਂਕਿ ਹੋਰ ਟੀਮਾਂ ਦੇ ਨਤੀਜਿਆਂ ’ਤੇ ਵੀ ਕਾਫੀ ਕੁਝ ਨਿਰਭਰ ਕਰੇਗਾ ਤੇ ਅਜਿਹੇ ਵਿਚ ਨੈੱਟ ਰਨ ਰੇਟ ’ਤੇ ਵੀ ਮਾਮਲਾ ਅੜ ਸਕਦਾ ਹੈ।
ਚੇਨਈ ਤੋਂ ਬਾਅਦ ਕੋਲਕਾਤਾ ਨੂੰ ਸਨਰਾਈਜ਼ਰਜ਼ ਹੈਦਰਾਬਾਦ ਤੇ ਆਰ. ਸੀ. ਬੀ. ਵਿਰੁੱਧ ਉਸਦੇ ਘਰੇਲੂ ਮੈਦਾਨ ’ਤੇ ਮੈਚ ਖੇਡਣੇ ਹਨ ਪਰ ਫਿਲਹਾਲ ਉਹ ਰਾਜਸਥਾਨ ਰਾਇਲਜ਼ ਵਿਰੁੱਧ ਮਿਲੀ ਇਕ ਦੌੜ ਦੀ ਜਿੱਤ ਦੀ ਲੈਅ ਨੂੰ ਕਾਇਮ ਰੱਖਣਾ ਚਾਹੁਣਗੇ।
ਮੁੰਬਈ ਦੀ ਨਿਲਾਮੀ ’ਚ ਖਿੱਚ ਦਾ ਕੇਂਦਰ ਹੋਣਗੇ ਮਹਾਤ੍ਰੇ, ਰਘੂਵੰਸ਼ੀ ਤੇ ਕੋਟਿਯਨ
NEXT STORY