ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਅਦਾਕਾਰਾ ਆਕ੍ਰਿਤੀ ਅਗਰਵਾਲ ਦੀ ਮੰਗਣੀ ਟੁੱਟ ਗਈ ਹੈ। ਆਕ੍ਰਿਤੀ ਨੇ ਇੰਸਟਾਗ੍ਰਾਮ 'ਤੇ ਇੱਕ ਲੰਬੀ ਪੋਸਟ ਸਾਂਝੀ ਕਰਕੇ ਪ੍ਰਿਥਵੀ ਸ਼ਾਅ ਤੋਂ ਵੱਖ ਹੋਣ ਦੀ ਪੁਸ਼ਟੀ ਕੀਤੀ ਹੈ। ਪ੍ਰਿਥਵੀ ਅਤੇ ਆਕ੍ਰਿਤੀ ਦੀ ਮੰਗਣੀ ਇਸੇ ਸਾਲ 8 ਮਾਰਚ 2026 ਨੂੰ ਹੋਈ ਸੀ, ਪਰ ਰਿਸ਼ਤੇ ਵਿੱਚ ਖਟਾਸ ਦੀਆਂ ਖ਼ਬਰਾਂ ਤੋਂ ਬਾਅਦ ਹੁਣ ਦੋਵਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ।
ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਆਕ੍ਰਿਤੀ ਨੇ ਲਿਖਿਆ ਕਿ ਭਾਰੀ ਮਨ ਨਾਲ ਉਹ ਦੱਸ ਰਹੀ ਹੈ ਕਿ ਭਵਿੱਖ ਦੇ ਵੱਖ-ਵੱਖ ਟੀਚਿਆਂ ਅਤੇ ਮੌਜੂਦਾ ਹਾਲਾਤਾਂ ਕਾਰਨ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਲਿਆ ਹੈ। ਉਸ ਨੇ ਕਿਹਾ ਕਿ ਇੱਕ-ਦੂਜੇ ਨਾਲ ਪਿਆਰ ਅਤੇ ਪਰਵਾਹ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਹ ਮੰਨ ਲਿਆ ਹੈ ਕਿ ਉਨ੍ਹਾਂ ਦੇ ਰਸਤੇ ਵੱਖਰੇ ਹਨ। ਇਸ ਦੇ ਨਾਲ ਹੀ ਉਸ ਨੇ ਸਾਰਿਆਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੀ ਨਿੱਜਤਾ (ਪ੍ਰਾਈਵੇਸੀ) ਦਾ ਸਤਿਕਾਰ ਕਰਨ ਅਤੇ ਵੱਖ ਹੋਣ ਦੇ ਕਾਰਨਾਂ ਬਾਰੇ ਅੰਦਾਜ਼ੇ ਨਾ ਲਗਾਉਣ ਦੀ ਅਪੀਲ ਕੀਤੀ ਹੈ।
26 ਸਾਲਾ ਪ੍ਰਿਥਵੀ ਸ਼ਾਅ ਲਈ ਇਹ ਸਮਾਂ ਪੇਸ਼ੇਵਰ ਅਤੇ ਨਿੱਜੀ ਦੋਵਾਂ ਪੱਧਰਾਂ 'ਤੇ ਚੁਣੌਤੀਪੂਰਨ ਰਿਹਾ ਹੈ। 2018 ਵਿੱਚ ਮਹਿਜ਼ 18 ਸਾਲ ਦੀ ਉਮਰ ਵਿੱਚ ਵੈਸਟਇੰਡੀਜ਼ ਵਿਰੁੱਧ ਆਪਣੇ ਪਹਿਲੇ ਹੀ ਟੈਸਟ ਮੈਚ ਵਿੱਚ ਸੈਂਕੜਾ ਜੜ ਕੇ ਚਰਚਾ ਵਿੱਚ ਆਏ ਪ੍ਰਿਥਵੀ ਨੂੰ ਭਾਰਤੀ ਕ੍ਰਿਕਟ ਦਾ ਅਗਲਾ ਸਟਾਰ ਮੰਨਿਆ ਜਾ ਰਿਹਾ ਸੀ। ਹਾਲਾਂਕਿ, ਫਾਰਮ ਵਿੱਚ ਆਈ ਗਿਰਾਵਟ ਕਾਰਨ ਉਹ ਰਾਸ਼ਟਰੀ ਟੀਮ ਤੋਂ ਬਾਹਰ ਹੋ ਗਏ ਅਤੇ ਫਿਲਹਾਲ ਘਰੇਲੂ ਕ੍ਰਿਕਟ ਤੇ ਆਈ.ਪੀ.ਐੱਲ. ਵਿੱਚ ਵੀ ਆਪਣੀ ਜਗ੍ਹਾ ਬਣਾਉਣ ਲਈ ਸੰਘਰਸ਼ ਕਰ ਰਹੇ ਹਨ।
ਮੈਥਿਊ ਵੇਡ ਨੇ ਬਿਗ ਬੈਸ਼ ਲੀਗ ਤੋਂ ਸੰਨਿਆਸ ਦਾ ਕੀਤਾ ਐਲਾਨ
NEXT STORY