ਚੇਨਈ— ਭਾਰਤ ਦੇ ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਆਸਟਰੇਲੀਆਈ ਦੌਰੇ ਤੋਂ ਪਹਿਲਾਂ ਸ਼ਿਖਰ ਧਵਨ ਦਾ ਫਾਰਮ 'ਚ ਪਰਤਣਾ ਕਾਫੀ ਮਹੱਤਵਪੂਰਨ ਹੈ। ਵੈਸਟਇੰਡੀਜ਼ ਵਿਰੁੱਧ ਪੂਰੀ ਵਨ ਡੇ ਕੌਮਾਂਤਰੀ ਲੜੀ ਦੌਰਾਨ ਸੰਘਰਸ਼ ਕਰਨ ਵਾਲੇ ਧਵਨ ਨੇ ਐਤਵਾਰ ਇਥੇ ਤੀਜੇ ਤੇ ਆਖਰੀ ਟੀ-20 ਕੌਮਾਂਤਰੀ ਮੈਚ 'ਚ 62 ਗੇਂਦਾਂ 'ਤੇ 92 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਭਾਰਤ ਨੇ ਮਹਿਮਾਨ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ 3-0 ਨਾਲ ਕਲੀਨ ਸਵੀਪ ਕੀਤਾ।
ਰੋਹਿਤ ਨੇ ਕਿਹਾ, ''ਟੀਮ ਦੇ ਨਜ਼ਰੀਏ ਤੇ ਖਿਡਾਰੀਆਂ ਲਈ ਇਹ ਮਹੱਤਵਪੂਰਨ ਹੈ ਕਿ ਆਸਟਰੇਲੀਆ ਦੌਰੇ ਤੋਂ ਪਹਿਲਾਂ ਉਹ ਦੌੜਾਂ ਬਣਾਉਣ। ਮੈਨੂੰ ਖੁਸ਼ੀ ਹੈ ਕਿ ਉਹ ਮੈਚ ਜਿੱਤਣ ਵਾਲੀ ਪਾਰੀ ਖੇਡ ਸਕੇ ਤੇ ਮਹੱਤਵਪੂਰਨ ਦੌਰੇ ਤੋਂ ਪਹਿਲਾਂ ਫਾਰਮ ਹਾਸਲ ਕਰ ਸਕੇ।''
ਉਸ ਨੇ ਕਿਹਾ, ''ਰਿਸ਼ਭ ਵੀ ਕ੍ਰੀਜ਼ 'ਤੇ ਉਤਰ ਕੇ ਦੌੜਾਂ ਬਣਾਉਣ ਦਾ ਭੁੱਖਾ ਹੈ। ਇਹ ਉਸ ਦੇ ਲਈ ਸ਼ਾਨਦਾਰ ਮੌਕਾ ਸੀ। ਟੀਮ ਦੇ ਨਜ਼ਰੀਏ ਤੋਂ ਇਹ ਮਹੱਤਵਪੂਰਨ ਹੈ ਕਿ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਦੌੜਾਂ ਬਣਾਈਆਂ।
ਜ਼ਿਕਰਯੋਗ ਹੈ ਕਿ ਭਾਰਤ ਦੇ ਆਸਟਰੇਲੀਆ ਦੌਰੇ ਦੀ ਸ਼ੁਰੂਆਤ ਬ੍ਰਿਸਬੇਨ 'ਚ 21 ਨਵੰਬਰ ਨੂੰ 3 ਮੈਚਾਂ ਦੀ ਟੀ-20 ਸੀਰੀਜ਼ ਨਾਲ ਹੋਵੇਗੀ। 130 ਦੌੜਾਂ ਦੀ ਸਾਂਝੇਦਾਰੀ ਕੀਤੀ ਧਵਨ ਤੇ ਰਿਸ਼ਭ ਪੰਤ ਨੇ ਤੀਜੀ ਵਿਕਟ ਲਈ। ਇਹ ਭਾਰਤ ਲਈ ਦੂਜੀ ਸਰਵਸ੍ਰੇਸ਼ਠ ਸਾਂਝੇਦਾਰੀ ਹੈ। ਇਸ ਤੋਂ ਪਹਿਲਾਂ 2016 'ਚ ਐਡੀਲੇਡ ਦੇ ਮੈਦਾਨ 'ਤੇ ਆਸਟਰੇਲੀਆ ਵਿਰੁੱਧ ਕੋਹਲੀ ਤੇ ਰੈਨਾ ਨੇ 134 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
ਮੈਂ ਆਰਾਮ ਨਾਲ ਆਪਣੀ ਕ੍ਰਿਕਟ ਖੇਡੀ : ਧਵਨ
ਮੈਚ ਜਿੱਤਣ ਤੋਂ ਬਾਅਦ ਸ਼ਿਖਰ ਧਵਨ ਨੇ ਕਿਹਾ ਕਿ ਇਹ ਇਕ ਚੰਗਾ ਮੈਚ ਸੀ। ਅਸੀਂ ਦੋ ਸ਼ੁਰੂਆਤੀ ਵਿਕਟਾਂ ਗੁਆਈਆਂ ਤੇ ਮੈਨੂੰ ਪਤਾ ਸੀ ਕਿ ਮੇਰਾ ਕ੍ਰੀਜ਼ 'ਤੇ ਰਹਿਣਾ ਜ਼ਰੂਰੀ ਹੈ। ਰਿਸ਼ਭ ਨਾਲ ਮੇਰੀ ਚੰਗੀ ਸਾਂਝੇਦਾਰੀ ਹੋਈ। ਉਸ ਨੇ ਅਸਲ 'ਚ ਚੰਗੀ ਬੱਲੇਬਾਜ਼ੀ ਕੀਤੀ। ਮੈਨੂੰ ਪਤਾ ਸੀ ਕਿ ਉਹ ਗੇਂਦਬਾਜ਼ਾਂ 'ਤੇ ਹਮਲਾ ਕਰੇਗਾ, ਇਸ ਲਈ ਮੈਂ ਆਰਾਮ ਨਾਲ ਖੇਡ ਰਿਹਾ ਸੀ। ਫਿਰ ਕੁਝ ਵੱਡੇ ਛੱਕੇ ਲਾਉਣ ਤੋਂ ਬਾਅਦ ਮੈਂ ਵੀ ਪਾਰਟੀ 'ਚ ਸ਼ਾਮਲ ਹੋ ਗਿਆ।
ਭਾਰਤ ਨੇ 8ਵੀਂ ਵਾਰ 150+ ਦਾ ਸਕੋਰ ਕੀਤਾ ਚੇਜ਼
ਸਿਰਫ ਨਿਊਜ਼ੀਲੈਂਡ ਦੀ ਧਰਤੀ ਨੂੰ ਛੱਡ ਕੇ ਭਾਰਤ ਨੂੰ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਦੋਂ 200 ਤੋਂ ਘੱਟ ਦਾ ਟੀਚਾ ਮਿਲਿਆ ਤਾਂ ਉਸ ਨੇ ਜਿੱਤ ਹਾਸਲ ਕੀਤੀ। ਅੰਕੜੇ ਦੱਸਦੇ ਹਨ ਕਿ ਸਵਦੇਸ਼ 'ਚ ਭਾਰਤ ਨੇ 8ਵੀਂ ਵਾਰ 150 ਤੋਂ ਵੱਧ ਦੌੜਾਂ ਦੇ ਟੀਚਾ ਦਾ ਪਿੱਛਾ ਕੀਤਾ ਤੇ ਹਰ ਵਾਰ ਉਸ ਨੂੰ ਸਫਲਤਾ ਹੱਥ ਲੱਗੀ।
ਉਂਝ ਵੀ ਟੀਮ ਇੰਡੀਆ ਪਿਛਲੇ 8 ਸਾਲਾਂ 'ਚ 2 ਦੇਸ਼ਾਂ ਦੀ ਟੀ-20 ਸੀਰੀਜ਼ 'ਚ ਕਦੇ ਤੀਜਾ ਮੈਚ ਨਹੀਂ ਹਾਰੀ ਹੈ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ 2016 'ਚ ਹੋਈ ਸੀ, ਜਿਥੇ ਭਾਰਤ ਨੇ ਆਸਟਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਸ਼੍ਰੀਲੰਕਾ, ਜ਼ਿੰਬਾਬਵੇ, ਇੰਗਲੈਂਡ, ਨਿਊਜ਼ੀਲੈਂਡ, ਸ਼੍ਰੀਲੰਕਾ, ਦੱਖਣੀ ਅਫਰੀਕਾ ਤੇ ਇੰਗਲੈਂਡ ਦੀ ਵਾਰੀ ਆਉਂਦੀ ਹੈ।
2016 ਵਿਸ਼ਵ ਕੱਪ ਤੋਂ ਬਾਅਦ ਵੈਸਟਇੰਡੀਜ਼ ਏਸ਼ੀਆ ਵਿਚ ਕੋਈ ਟੀ-20 ਸੀਰੀਜ਼ ਜਿੱਤ ਨਹੀਂ ਸਕੀ ਹੈ। ਇਸ ਦੌਰਾਨ ਵੈਸਟਇੰਡੀਜ਼ ਦੀ ਟੀਮ ਨੇ ਯੂ. ਏ. ਈ. ਦੇ ਮੈਦਾਨ 'ਤੇ ਪਾਕਿਸਤਾਨ ਹੱਥੋਂ 0-3 ਅਤੇ ਪਾਕਿਸਤਾਨ ਵਿਚ ਵੀ 0-3 ਅਤੇ ਹੁਣ ਭਾਰਤ ਵਿਰੁੱਧ ਵੀ 0-3 ਨਾਲ ਸੀਰੀਜ਼ ਹਾਰੀ ਹੈ।
ਪੰਤ ਨੇ ਵੀ ਅਰਧ ਸੈਂਕੜਾ ਲਾ ਕੇ ਬਣਾਇਆ ਰਿਕਾਰਡ
ਰਿਸ਼ਭ ਪੰਤ ਨੇ ਵੀ ਆਪਣੀ ਗੁਆਚੀ ਹੋਈ ਫਾਰਮ ਹਾਸਲ ਕਰਦਿਆਂ ਚੇਨਈ ਟੀ-20 'ਚ 53 ਦੌੜਾਂ ਬਣਾਈਆਂ। ਅਜਿਹਾ ਕਰ ਕੇ ਉਹ ਭਾਰਤ ਲਈ ਸਭ ਤੋਂ ਤੇਜ਼ 50 ਦੌੜਾਂ ਬਣਾਉਣ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ। ਪੰਤ ਦੀ ਉਮਰ 21 ਸਾਲ 38 ਦਿਨ ਹੈ, ਜਦਕਿ ਉਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ 2007 'ਚ ਦੱਖਣੀ ਅਫਰੀਕਾ ਵਿਰੁੱਧ 20 ਸਾਲ 143 ਦਿਨ ਦੀ ਉਮਰ 'ਚ 50 ਦੌੜਾਂ ਬਣਾਈਆਂ ਸਨ।
ਕੋਹਲੀ ਭਾਵੁਕ ਹੋ ਕੇ ਆਪਾ ਖੋਹ ਬੈਠਾ : ਆਨੰਦ
NEXT STORY